ਅੰਮ੍ਰਿਤਸਰ:- ਅੰਮ੍ਰਿਤਸਰ ਪੁਲੀਸ ਨੇ ਸਰਹੱਦ ਪਾਰ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਦੋ ਵੱਡੇ ਗਰੋਹਾਂ ਦਾ ਪਰਦਾਫਾਸ਼ ਕਰਦਿਆਂ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਖੂਫੀਆ ਅਪਰੇਸ਼ਨ ਦੌਰਾਨ ਪੁਲੀਸ ਨੇ 5.438 ਕਿਲੋ ਹੈਰੋਇਨ, ਤਿੰਨ ਆਧੁਨਿਕ ਪਿਸਤੌਲ (ਗਲੋਕ, ਜ਼ਿਗਾਨਾ ਅਤੇ .32 ਬੋਰ), 34 ਜ਼ਿੰਦਾ ਕਾਰਤੂਸ ਅਤੇ 4,500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਡਰੋਨਾਂ ਦੀ ਮਦਦ ਨਾਲ ਰਾਤ ਦੇ ਹਨੇਰੇ ਵਿੱਚ ਸਰਹੱਦ ਪਾਰੋਂ ਖੇਪ ਮੰਗਵਾਉਂਦੇ ਸਨ। ਡਰੋਨ ਰਾਹੀਂ ਕੀਤੀ ਜਾ ਰਹੀ ਇਹ ਤਸਕਰੀ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ ਕਿਉਂਕਿ ਇਸ ਰਾਹੀਂ ਤਸਕਰ ਕੰਡਿਆਲੀ ਤਾਰ ਅਤੇ ਪੁਲੀਸ ਗਸ਼ਤ ਨੂੰ ਆਸਾਨੀ ਨਾਲ ਚਕਮਾ ਦੇ ਕੇ ਨਸ਼ੇ ਅਤੇ ਹਥਿਆਰ ਤੈਅ ਕੀਤੇ ਟਿਕਾਣਿਆਂ 'ਤੇ ਪਹੁੰਚਾ ਦਿੰਦੇ ਸਨ।