ਅਕਤੂਬਰ ਮਹੀਨੇ ਦੇ ਅੰਤ ਵੱਲ ਵਧਦਿਆਂ ਪੰਜਾਬ ਵਿੱਚ ਮੌਸਮ ਦੇ ਨਾਲ ਹਵਾ ਦੀ ਗੁਣਵੱਤਾ ਵਿੱਚ ਵੀ ਤਬਦੀਲੀ ਆਉਣ ਲੱਗਦੀ ਹੈ। ਗਰਮੀਆਂ ਦੀ ਰੁੱਤ ਤੋਂ ਬਾਅਦ ਠੰਢ ਦੀ ਸ਼ੁਰੂਆਤ, ਹਵਾ ਦੀ ਘੱਟ ਰਫ਼ਤਾਰ, ਨਮੀ ਅਤੇ ਵਾਤਾਵਰਣ ਵਿੱਚ ਮੌਜੂਦ ਧੂੜ ਤੇ ਧੂੰਏਂ ਦੇ ਕਣ ਹਵਾ ਨੂੰ ਪ੍ਰਦੂਸ਼ਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਸ ਸਮੇਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਹੈ। ਖ਼ਾਸ ਕਰਕੇ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਬਚੀ ਪਰਾਲੀ ਦਾ ਪ੍ਰਬੰਧਨ, ਵਾਹਨਾਂ ਦਾ ਧੂੰਆਂ, ਉਦਯੋਗਿਕ ਗਤੀਵਿਧੀਆਂ, ਉਸਾਰੀ ਕਾਰਜਾਂ ਤੋਂ ਉੱਡਦੀ ਧੂੜ ਅਤੇ ਕੂੜੇ ਨੂੰ ਅੱਗ ਲਗਾਉਣ ਵਰਗੇ ਕਾਰਨ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੇ ਹਨ।

 ਹਰ ਸਾਲ ਸਰਦੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਹਵਾ ਪ੍ਰਦੂਸ਼ਣ ਬਾਰੇ ਚਰਚਾ ਤੇਜ਼ ਹੋ ਜਾਂਦੀ ਹੈ। ਪਰ ਇਹ ਸਮੱਸਿਆ ਸਿਰਫ਼ ਕੁਝ ਹਫ਼ਤਿਆਂ ਜਾਂ ਕਿਸੇ ਇੱਕ ਮੌਸਮ ਤੱਕ ਸੀਮਤ ਨਹੀਂ ਹੈ। ਸਾਲ ਭਰ ਵਾਤਾਵਰਣ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਕਾਰਕ ਮੌਜੂਦ ਰਹਿੰਦੇ ਹਨ, ਪਰ ਮੌਸਮੀ ਹਾਲਾਤ ਇਨ੍ਹਾਂ ਦੇ ਪ੍ਰਭਾਵ ਨੂੰ ਹੋਰ ਵਧਾ ਦਿੰਦੇ ਹਨ। ਜਦੋਂ ਹਵਾ ਦੀ ਗਤੀ ਘੱਟ ਹੁੰਦੀ ਹੈ ਤਾਂ ਪ੍ਰਦੂਸ਼ਿਤ ਕਣ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਜਾ ਸਕਦੇ। ਇਸ ਕਾਰਨ ਸੜਕਾਂ, ਰਿਹਾਇਸ਼ੀ ਇਲਾਕਿਆਂ ਅਤੇ ਸ਼ਹਿਰਾਂ ਦੇ ਆਲੇ-ਦੁਆਲੇ ਪ੍ਰਦੂਸ਼ਣ ਦੀ ਮਾਤਰਾ ਵਧਦੀ ਹੈ। ਇਹ ਸਥਿਤੀ ਸਿਰਫ਼ ਦਿਖਾਈ ਦੇਣ ਵਾਲੀ ਧੁੰਦ ਜਾਂ ਧੂੰਏਂ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਹਵਾ ਵਿੱਚ ਮੌਜੂਦ ਬਾਰੀਕ ਕਣ ਸਾਹ ਰਾਹੀਂ ਸਰੀਰ ਅੰਦਰ ਵੀ ਪਹੁੰਚਦੇ ਹਨ।

ਪੰਜਾਬ ਵਿੱਚ ਪਰਾਲੀ ਸਾੜਨ ਦਾ ਮੁੱਦਾ ਇਸ ਸਮੇਂ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਸਾਹਮਣੇ ਅਗਲੀ ਫ਼ਸਲ ਦੀ ਬਿਜਾਈ ਲਈ ਖੇਤ ਤਿਆਰ ਕਰਨ ਦੀ ਚੁਣੌਤੀ ਹੁੰਦੀ ਹੈ। ਸਮੇਂ ਦੀ ਘਾਟ, ਮਜ਼ਦੂਰਾਂ ਦੀ ਕਮੀ, ਮਸ਼ੀਨਾਂ ਦਾ ਖ਼ਰਚ ਅਤੇ ਫ਼ਸਲੀ ਚੱਕਰ ਦੀਆਂ ਮਜਬੂਰੀਆਂ ਕਾਰਨ ਕੁਝ ਕਿਸਾਨ ਪਰਾਲੀ ਸਾੜਨ ਦੀ ਰਾਹ ਅਪਣਾਉਂਦੇ ਹਨ। ਇਸ ਨਾਲ ਨਿਕਲਣ ਵਾਲਾ ਧੂੰਆਂ ਸਿਰਫ਼ ਖੇਤਾਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਹਵਾ ਦੇ ਨਾਲ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚਦਾ ਹੈ। ਇਸ ਸਮੱਸਿਆ ਦਾ ਹੱਲ ਸਿਰਫ਼ ਜੁਰਮਾਨਿਆਂ ਜਾਂ ਸਖ਼ਤ ਨਿਯਮਾਂ ਨਾਲ ਨਹੀਂ ਹੋ ਸਕਦਾ। ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਲੋੜੀਂਦੀਆਂ ਮਸ਼ੀਨਾਂ, ਆਰਥਿਕ ਸਹਾਇਤਾ, ਤਕਨੀਕੀ ਜਾਣਕਾਰੀ ਅਤੇ ਸਮੇਂ ਸਿਰ ਉਪਲਬਧ ਸੇਵਾਵਾਂ ਦੇਣਾ ਵੀ ਓਨਾ ਹੀ ਜ਼ਰੂਰੀ ਹੈ। ਪਰਾਲੀ ਤੋਂ ਖਾਦ, ਪਸ਼ੂਆਂ ਲਈ ਚਾਰਾ, ਬਾਇਓਗੈਸ ਅਤੇ ਹੋਰ ਉਤਪਾਦ ਤਿਆਰ ਕਰਨ ਦੇ ਵਿਕਲਪਾਂ ਨੂੰ ਵੀ ਵਧਾਉਣ ਦੀ ਲੋੜ ਹੈ।

ਸ਼ਹਿਰਾਂ ਵਿੱਚ ਵਾਹਨਾਂ ਦੀ ਲਗਾਤਾਰ ਵਧ ਰਹੀ ਗਿਣਤੀ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਹੈ। ਪੁਰਾਣੇ ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ, ਟ੍ਰੈਫਿਕ ਜਾਮ ਦੌਰਾਨ ਇੰਜਣਾਂ ਦਾ ਲੰਬੇ ਸਮੇਂ ਤੱਕ ਚੱਲਦੇ ਰਹਿਣਾ ਅਤੇ ਬਿਨਾਂ ਲੋੜ ਨਿੱਜੀ ਵਾਹਨਾਂ ਦੀ ਵਰਤੋਂ ਹਵਾ ਵਿੱਚ ਹਾਨੀਕਾਰਕ ਗੈਸਾਂ ਅਤੇ ਕਣਾਂ ਦੀ ਮਾਤਰਾ ਵਧਾਉਂਦੀ ਹੈ। ਜਨਤਕ ਆਵਾਜਾਈ ਨੂੰ ਸੁਚਾਰੂ ਅਤੇ ਸਸਤਾ ਬਣਾਉਣ, ਬੱਸ ਸੇਵਾਵਾਂ ਦਾ ਵਿਸਥਾਰ ਕਰਨ, ਵਾਹਨਾਂ ਦੀ ਨਿਯਮਤ ਪ੍ਰਦੂਸ਼ਣ ਜਾਂਚ ਅਤੇ ਪੁਰਾਣੇ ਵਾਹਨਾਂ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਲੋੜ ਹੈ। ਉਦਯੋਗਿਕ ਇਲਾਕਿਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਅਤੇ ਉਸਾਰੀ ਕਾਰਜਾਂ ਦੌਰਾਨ ਉੱਡਦੀ ਧੂੜ ਵੀ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ। ਕਈ ਥਾਵਾਂ 'ਤੇ ਨਿਰਮਾਣ ਸਮੱਗਰੀ ਖੁੱਲ੍ਹੇ ਵਿੱਚ ਪਈ ਰਹਿੰਦੀ ਹੈ, ਸੜਕਾਂ ਦੀ ਸਫ਼ਾਈ ਵਿੱਚ ਲਾਪਰਵਾਹੀ ਹੁੰਦੀ ਹੈ ਅਤੇ ਮਲਬੇ ਨੂੰ ਬਿਨਾਂ ਢੱਕੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਹੈ। ਇਸੇ ਤਰ੍ਹਾਂ ਸੁੱਕੇ ਪੱਤਿਆਂ ਅਤੇ ਘਰੇਲੂ ਕੂੜੇ ਨੂੰ ਅੱਗ ਲਗਾਉਣ ਨਾਲ ਵੀ ਧੂੰਆਂ ਪੈਦਾ ਹੁੰਦਾ ਹੈ। ਇਨ੍ਹਾਂ ਗਤੀਵਿਧੀਆਂ ਨੂੰ ਰੋਕਣ ਲਈ ਸਥਾਨਕ ਪੱਧਰ 'ਤੇ ਨਿਯਮਤ ਨਿਗਰਾਨੀ, ਧੂੜ ਨੂੰ ਕਾਬੂ ਕਰਨ ਦੇ ਪ੍ਰਬੰਧ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਜ਼ਰੂਰੀ ਹੈ।

ਹਵਾ ਪ੍ਰਦੂਸ਼ਣ ਦਾ ਸਭ ਤੋਂ ਮਾੜਾ ਪ੍ਰਭਾਵ ਮਨੁੱਖੀ ਸਿਹਤ ਉੱਤੇ ਪੈਂਦਾ ਹੈ। ਬੱਚੇ, ਬਜ਼ੁਰਗ ਅਤੇ ਸਾਹ ਜਾਂ ਦਿਲ ਨਾਲ ਸਬੰਧਤ ਸਮੱਸਿਆਵਾਂ ਵਾਲੇ ਲੋਕ ਇਸ ਦੇ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਲਗਾਤਾਰ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣ ਨਾਲ ਖੰਘ, ਅੱਖਾਂ ਵਿੱਚ ਜਲਣ, ਸਾਹ ਲੈਣ ਵਿੱਚ ਮੁਸ਼ਕਲ ਅਤੇ ਹੋਰ ਸਿਹਤ ਸਮੱਸਿਆਵਾਂ ਵੱਧਦੀਆਂ ਹਨ। ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਬਹੁਤ ਖ਼ਰਾਬ ਹਵਾ ਵਾਲੇ ਦਿਨਾਂ ਵਿੱਚ ਬਾਹਰੀ ਸਰੀਰਕ ਗਤੀਵਿਧੀਆਂ ਨੂੰ ਸੀਮਤ ਕਰਨ ਬਾਰੇ ਸਿਹਤ ਸਲਾਹ ਵੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ।

ਇਸ ਸਾਰੀ ਸਥਿਤੀ ਵਿੱਚ ਰੁੱਖਾਂ ਅਤੇ ਹਰਿਆਲੀ ਦੀ ਮਹੱਤਤਾ ਵੱਧਦੀ ਹੈ। ਸ਼ਹਿਰਾਂ, ਪਿੰਡਾਂ, ਸੜਕਾਂ ਦੇ ਕਿਨਾਰਿਆਂ ਅਤੇ ਖੁੱਲ੍ਹੀਆਂ ਜਨਤਕ ਥਾਵਾਂ 'ਤੇ ਸਥਾਨਕ ਮੌਸਮ ਦੇ ਅਨੁਕੂਲ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਲੋੜ ਹੈ। ਸਿਰਫ਼ ਪੌਦੇ ਲਗਾਉਣ ਦੀਆਂ ਮੁਹਿੰਮਾਂ ਚਲਾਉਣਾ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੇ ਵੱਡੇ ਹੋਣ ਤੱਕ ਪਾਣੀ ਅਤੇ ਦੇਖਭਾਲ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸ਼ਹਿਰਾਂ ਵਿੱਚ ਖੁੱਲ੍ਹੀਆਂ ਥਾਵਾਂ ਅਤੇ ਹਰੇ ਭਰੇ ਖੇਤਰਾਂ ਨੂੰ ਬਚਾਉਣਾ ਵੀ ਜ਼ਰੂਰੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਹਵਾ ਪ੍ਰਦੂਸ਼ਣ ਨੂੰ ਕਿਸੇ ਇੱਕ ਵਿਭਾਗ, ਵਰਗ ਜਾਂ ਮੌਸਮ ਦੀ ਸਮੱਸਿਆ ਸਮਝਣ ਦੀ ਬਜਾਏ ਸਾਂਝੀ ਜ਼ਿੰਮੇਵਾਰੀ ਵਜੋਂ ਦੇਖਿਆ ਜਾਵੇ। ਅੱਜ ਲਏ ਗਏ ਸਹੀ ਫ਼ੈਸਲੇ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਹਵਾ ਅਤੇ ਸਿਹਤਮੰਦ ਵਾਤਾਵਰਣ ਦੇ ਸਕਦੇ ਹਨ।


-     ਦਵਿੰਦਰ ਕੁਮਾਰ