ਪੱਤਰਕਾਰ ਅਵਿਨਾਸ਼ ਕੰਬੋਜ ਦੇ ਪਰਿਵਾਰ ਲਈ ਢਾਲ ਬਣਿਆ ਪਟਿਆਲਾ ਦਾ ਸਮੁੱਚਾ ਪੱਤਰਕਾਰ ਭਾਈਚਾਰਾ

ਪਟਿਆਲਾ, 13 ਜੂਨ - ਪਟਿਆਲਾ ਦੇ ਸਮੂਹ ਪੱਤਰਕਾਰਾਂ ਨੇ ਨਿਵੇਕਲੀ ਭਾਈਚਾਰਕ ਸਾਂਝ ਕਾਇਮ ਕਰਦਿਆਂ ਇਕ ਹਾਦਸੇ ਵਿਚ ਮੌਤ ਦੇ ਮੂੰਹ ਜਾ ਪਏ ਸੀਨੀਅਰ ਪੱਤਰਕਾਰ ਅਵਿਨਾਸ਼ ਕੰਬੋਜ ਦੇ ਪਰਿਵਾਰ ਲਈ ਢਾਲ ਬਣਨ ਦਾ ਕੰਮ ਕੀਤਾ ਹੈ। ਪੱਤਰਕਾਰਾਂ ਦੀ ਇਸ ਪਹਿਲ ਵਿਚ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਪਟਿਆਲਾ ਦੇ ਬੀ ਟੈਂਕ ਇਲਾਕੇ ਦੇ ਕੌਂਸਲਰ ਆਰਤੀ ਪਤਨੀ ਰਾਕੇਸ਼ ਲੱਕੀ ਨੇ ਵੀ ਵੱਡਮੁੱਲਾ ਯੋਗਦਾਨ ਪਾਉਂਦਿਆਂ ਪਰਿਵਾਰ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ।

ਪਟਿਆਲਾ, 13 ਜੂਨ - ਪਟਿਆਲਾ ਦੇ ਸਮੂਹ ਪੱਤਰਕਾਰਾਂ ਨੇ ਨਿਵੇਕਲੀ ਭਾਈਚਾਰਕ ਸਾਂਝ ਕਾਇਮ ਕਰਦਿਆਂ ਇਕ ਹਾਦਸੇ ਵਿਚ ਮੌਤ ਦੇ ਮੂੰਹ ਜਾ ਪਏ ਸੀਨੀਅਰ ਪੱਤਰਕਾਰ ਅਵਿਨਾਸ਼ ਕੰਬੋਜ ਦੇ ਪਰਿਵਾਰ ਲਈ ਢਾਲ ਬਣਨ ਦਾ ਕੰਮ ਕੀਤਾ ਹੈ। ਪੱਤਰਕਾਰਾਂ ਦੀ ਇਸ ਪਹਿਲ ਵਿਚ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਪਟਿਆਲਾ ਦੇ ਬੀ ਟੈਂਕ ਇਲਾਕੇ ਦੇ ਕੌਂਸਲਰ ਆਰਤੀ ਪਤਨੀ ਰਾਕੇਸ਼ ਲੱਕੀ ਨੇ ਵੀ ਵੱਡਮੁੱਲਾ ਯੋਗਦਾਨ ਪਾਉਂਦਿਆਂ ਪਰਿਵਾਰ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ। 
ਪਟਿਆਲਾ ਮੀਡੀਆ ਕਲੱਬ ਦੇ ਚੇਅਰਮੈਨ ਸਰਬਜੀਤ ਸਿੰਘ ਭੰਗੂ ਤੇ ਪ੍ਰਧਾਨ ਨਵਦੀਪ ਢੀਂਗਰਾ, ਚੀਫ ਡਾਇਰੈਕਟਰ ਬਲਜਿੰਦਰ ਸ਼ਰਮਾ, ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਚੱਠਾ, ਅਨੁਰਾਗ ਸ਼ਰਮਾ ਪ੍ਰਧਾਨ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ, ਪਰਮੀਤ ਸਿੰਘ, ਬਲਿੰਦਰ ਬਿੰਨੀ ਤੇ ਹੋਰਨਾਂ ਨੇ ਦੱਸਿਆ ਕਿ ਪਟਿਆਲਾ ਦੇ ਪੱਤਰਕਾਰ ਅਵਿਨਾਸ਼ ਕੰਬੋਜ ਦੀ ਮੌਤ ਤੋਂ ਬਾਅਦ ਸਭ ਨੇ ਮਹਿਸੂਸ ਕੀਤਾ ਕਿ ਜਦੋਂ ਤਕ ਸਰਕਾਰ ਮਰਹੂਮ ਪੱਤਰਕਾਰ ਦੀ ਬਾਂਹ ਫੜਨ ਲਈ ਅੱਗੇ ਆਵੇਗੀ, ਉਦੋਂ ਤਕ ਬਹੁਤ ਦੇਰ ਹੋ ਜਾਵੇਗੀ, ਇਸ ਲਈ ਸਭ ਨੇ ਆਪੋ ਆਪਣੀ ਸਮਰਥਾ ਅਨੁਸਾਰ ਯੋਗਦਾਨ ਪਾਉਂਦਿਆਂ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਪਰਿਵਾਰ ਲਈ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਇਕੱਤਰ ਕੀਤੀ। ਇਹਨਾਂ ਯਤਨਾਂ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਇਲਾਕੇ ਦੇ ਕੌਂਸਲਰ ਆਰਤੀ ਪਤਨੀ ਰਾਕੇਸ਼ ਲੱਕੀ ਨੇ ਵੀ ਆਪਣਾ ਇਕ ਲੱਖ ਰੁਪਏ ਦਾ ਯੋਗਦਾਨ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ 50 ਹਜ਼ਾਰ ਰੁਪਏ ਦਾ ਯੋਗਦਾਨ ਮੌਕੇ ’ਤੇ ਨਗਦ ਹੀ ਪ੍ਰਦਾਨ ਕਰ ਦਿੱਤਾ।
ਉਹਨਾਂ ਦੱਸਿਆ ਕਿ ਇਸ ਰਾਸ਼ੀ ਨਾਲ ਅਸੀਂ ਪਰਿਵਾਰ ਦੀ ਬਿਹਤਰੀ ਵਾਸਤੇ ਜਿਥੇ ਦੋ ਮਹੀਨੇ ਦਾ ਰਾਸ਼ਨ ਲੈ ਕੇ ਦਿੱਤਾ ਹੈ, ਉਥੇ ਹੀ ਮਰਹੂਮ ਪੱਤਰਕਾਰ ਦੇ ਤਿੰਨ ਪੁੱਤਰਾਂ ਦੇ ਨਾਂ ’ਤੇ ਇਕ-ਇਕ ਲੱਖ ਰੁਪਏ ਦੀ ਬੈਂਕ ਐਫ ਡੀ ਕਰਵਾਈ ਜਾ ਰਹੀ ਹੈ ਤੇ 50 ਹਜ਼ਾਰ ਰੁਪਏ ਨਗਦ ਉਹਨਾਂ ਦੀ ਧਰਮ ਪਤਨੀ ਦੇ ਖ਼ਾਤੇ ਵਿਚ ਜਮ੍ਹਾਂ ਕਰਵਾਏ ਹਨ। ਉਨ੍ਹਾਂ ਯੋਗਦਾਨ ਪਾਉਣ ਵਾਲੇ ਸਮੁੱਚੇ ਪੱਤਰਕਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਇਸ ਤਰੀਕੇ ਨਾਲ ਏਕਤਾ ਕਾਇਮ ਰੱਖਣ ਦੀ ਅਪੀਲ ਕੀਤੀ। ਇਸ ਦੌਰਾਨ ਮੀਡੀਆ ਦੀ ਭਲਾਈ ਵਾਸਤੇ ਸਰਕਾਰ ਤੋਂ ਹਰ ਸੰਭਵ ਤਰ੍ਹਾਂ ਦੀ ਮਦਦ ਲਈ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਜਾਵੇਗੀ। 
ਦੱਸਣਯੋਗ ਹੈ ਕਿ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦੇ ਪਟਿਆਲਾ ਵਿੱਚ ਕੰਮ ਕਰਦੇ ਏ. ਐਨ. ਆਈ. ਦੇ ਪੱਤਰਕਾਰ ਅਵਿਨਾਸ਼ ਕੰਬੋਜ ਇੱਕ ਹਾਦਸੇ ਵਿੱਚ ਪਿਛਲੇ ਦਿਨੀਂ ਹੋਈ ਮੌਤ ਕਾਰਨ ਪਰਿਵਾਰਿਕ ਮੈਂਬਰਾਂ ਨੂੰ ਪੇਸ਼ ਆਈ ਵਿੱਤੀ ਮੁਸ਼ਕਿਲ ਦੇ ਚਲਦਿਆਂ ਜਿਥੇ ਸਮੂਹ ਪੱਤਰਕਾਰ ਭਾਈਚਾਰਾ ਇਕਜੁੱਟ ਹੋਕੇ ਪਰਿਵਾਰ ਦੀ ਮੱਦਤ ਕਰ ਰਿਹਾ ਹੈ ਉਥੇ ਹੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਪਰਿਵਾਰ ਦੀ ਵਿੱਤੀ ਮਦਦ ਕਰਨ ਦੇ ਨਾਲ ਨਾਲ ਪੱਤਰਕਾਰਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ। 
 ਉਨ੍ਹਾਂ ਕਿਹਾ ਕਿ ਪੱਤਰਕਾਰ ਚਾਹੇ ਉਹ ਪ੍ਰਿੰਟ ਮੀਡੀਆ ਦਾ ਹੋਵੇ ਜਾਂ ਇਲੈਕਟ੍ਰਾਨਿਕ ਮੀਡੀਆ ਦਾ, ਉਹ ਸਮਾਜ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਚੌਵੀ ਘੰਟੇ ਆਪਣੀ ਡਿਊਟੀ 'ਤੇ ਤਾਇਨਾਤ ਰਹਿੰਦੇ ਹਨ।