ਬਜ਼ੁਰਗਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਲਗਾਏ ਗਏ ਵਿਸ਼ੇਸ਼ ਕੈਂਪ

ਪਟਿਆਲਾ, 3 ਅਕਤੂਬਰ: ਸਿਵਲ ਸਰਜਨ ਪਟਿਆਲਾ ਡਾ. ਜਗਪਾਲ ਇੰਦਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪਟਿਆਲਾ ਅਧੀਨ ਆਉਂਦੇ ਸਮੂਹ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਹੈਲਥ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।

ਪਟਿਆਲਾ, 3 ਅਕਤੂਬਰ: ਸਿਵਲ ਸਰਜਨ ਪਟਿਆਲਾ ਡਾ. ਜਗਪਾਲ ਇੰਦਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਪਟਿਆਲਾ ਅਧੀਨ ਆਉਂਦੇ ਸਮੂਹ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਹੈਲਥ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਟਿਆਲਾ ਨੇ ਦੱਸਿਆ ਕਿ ਕੈਂਪਾਂ ਦੌਰਾਨ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਵਿੱਚ ਮੁੱਖ ਤੌਰ ’ਤੇ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਸਿਵਲ ਸਰਜਨ ਨੇ ਆਖਿਆ ਕਿ ਅਜਿਹਾ ਦਿਵਸ ਮਨਾਉਣ ਦਾ ਮੁੱਖ ਮਕਸਦ ਬਜ਼ੁਰਗਾਂ ਨੂੰ ਉਨ੍ਹਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਉਹ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਵਿੱਚ ਕਸਰਤ ਕਰਕੇ ਤੇ ਸੰਤੁਲਿਤ ਭੋਜਨ ਖਾ ਕੇ ਸਿਹਤਮੰਦ ਜੀਵਨ ਬਤੀਤ ਕਰ ਸਕਣ।
ਉਨ੍ਹਾਂ ਆਖਿਆ ਕਿ ਬਜ਼ੁਰਗ ਆਪਣਾ ਸਵਾਰਥ ਤਿਆਗ ਕੇ ਸਾਡੀ ਖੁਸ਼ੀ ਲਈ ਸਮਰਪਿਤ ਰਹਿੰਦੇ ਹਨ। ਉਹ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਤੇ ਸਮਾਜ ਦੀ ਕੀਮਤੀ ਵਿਰਾਸਤ ਹਨ। ਬਜ਼ੁਰਗਾਂ ਨੂੰ ਵੱਖ-ਵੱਖ ਖੇਤਰਾਂ ਦਾ ਤਜ਼ਰਬਾ ਹੁੰਦਾ ਹੈ ਜਿਸ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਅੱਗੇ ਆਖਿਆ ਕਿ ਢਲਦੀ ਉਮਰ ਵਿੱਚ ਬਜ਼ੁਰਗਾਂ ਨੂੰ ਵੱਖ-ਵੱਖ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਤੱਕ ਕਿ ਕਈ ਵਾਰ ਉਨ੍ਹਾਂ ਨੂੰ ਤੁਰਨ-ਫਿਰਨ ਵਿੱਚ ਵੀ ਦਿੱਕਤ ਆਉਂਦੀ ਹੈ, ਇਸ ਲਈ ਨੌਜਵਾਨ ਪੀੜ੍ਹੀ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਉਮਰ ਵਿੱਚ ਉਨ੍ਹਾਂ ਨੂੰ ਇਕੱਲਿਆਂ ਨਾ ਛੱਡਿਆ ਜਾਵੇ ਤੇ ਉਨ੍ਹਾਂ ਦੀ ਸਿਹਤ ਨੂੰ ਸੰਭਾਲਿਆ ਜਾਵੇ।
ਬਜ਼ੁਰਗਾਂ ਦੀ ਚੰਗੀ ਸਿਹਤ ਸੰਭਾਲ ਲਈ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਵਿੱਚ ਸੀਨੀਅਰ ਸਿਟੀਜ਼ਨ ਲਈ ਓ.ਪੀ.ਡੀ. ਵਿੱਚ ਪਰਚੀ ਕਟਵਾਉਣ ਤੇ ਦਵਾਈ ਦੇਣ ਲਈ ਵੱਖਰੀ ਕਤਾਰ ਬਣਾਈ ਗਈ ਹੈ। ਹਸਪਤਾਲਾਂ ਵਿੱਚ ਵੀ ਬਜ਼ੁਰਗਾਂ ਦੇ ਇਲਾਜ ਲਈ ਬੈੱਡ ਰਾਖਵੇਂ ਰੱਖੇ ਗਏ ਹਨ। ਸਿਵਲ ਸਰਜਨ ਨੇ ਆਖਿਆ ਕਿ ਬਜ਼ੁਰਗਾਂ ਦੀ ਨਿਯਮਤ ਸਿਹਤ ਜਾਂਚ ਬਹੁਤ ਜ਼ਰੂਰੀ ਹੈ ਤਾਂ ਜੋ ਉਮਰ ਦੇ ਨਾਲ ਆਉਣ ਵਾਲੀਆਂ ਬਿਮਾਰੀਆਂ ਨੂੰ ਪਛਾਣਿਆ ਜਾ ਸਕੇ ਤੇ ਉਨ੍ਹਾਂ ਦਾ ਸਮਾਂ ਰਹਿੰਦਿਆਂ ਢੁਕਵਾਂ ਇਲਾਜ ਕੀਤਾ ਜਾ ਸਕੇ।
ਇਸ ਮਹੀਨੇ ਬਜ਼ੁਰਗਾਂ ਲਈ ਲਗਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਵਿੱਚ ਉਨ੍ਹਾਂ ਨੂੰ ਐਮਰਜੈਂਸੀ ਸੇਵਾਵਾਂ, ਜਿਸ ਵਿੱਚ 108 ਨੰਬਰ ਐਂਬੂਲੈਂਸ ਤੇ 104 ਮੈਡੀਕਲ ਹੈਲਪਲਾਈਨ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬਜ਼ੁਰਗਾਂ ਦੀ ਮਾਨਸਿਕ ਸਿਹਤ ਲਈ ਵਿਭਾਗ ਵੱਲੋਂ “ਟੈਲੀ ਮਾਨਸ” ਐਪ ਵੀ ਸ਼ੁਰੂ ਕੀਤੀ ਗਈ ਹੈ। ਜਿਸ ਰਾਹੀਂ ਕੋਈ ਵੀ ਵਿਅਕਤੀ 14416 ’ਤੇ ਕਾਲ ਕਰਕੇ ਮੁਫਤ ਕਾਊਂਸਲਿੰਗ ਲੈ ਸਕਦਾ ਹੈ।