10 ਕਰੋੜ ਰੁਪਏ ਦੇ ਵਿਕਾਸ ਕਾਰਜ: ਮੋਹਾਲੀ ਹਲਕੇ ਦੀਆਂ 13 ਮੁੱਖ ਸੜਕਾਂ 'ਤੇ ਕੰਮ ਲਗਭਗ ਸ਼ੁਰੂ - ਵਿਧਾਇਕ ਕੁਲਵੰਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਸਤੰਬਰ: ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇੱਥੇ ਆਖਿਆ ਕਿ ਐਸ.ਏ.ਐਸ. ਨਗਰ (ਮੋਹਾਲੀ) ਹਲਕੇ ਵਿੱਚ 10 ਕਰੋੜ ਰੁਪਏ ਦੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਕੁੱਲ 13-14 ਮੁੱਖ ਸੜਕਾਂ ਦੇ ਟੈਂਡਰ ਕੀਤੇ ਗਏ ਸਨ, ਜਿਨ੍ਹਾਂ ਦੇ ਅਲਾਟਮੈਂਟ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ, ਅਤੇ ਕੁਝ ਥਾਵਾਂ 'ਤੇ ਕੰਮ ਸ਼ੁਰੂ ਹੋ ਗਿਆ ਹੈ, ਜਦੋਂ ਕਿ ਬਾਕੀ ਅਗਲੇ ਹਫ਼ਤੇ ਦੇ ਅੰਦਰ ਸ਼ੁਰੂ ਹੋ ਜਾਣਗੇ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਸਤੰਬਰ: ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇੱਥੇ ਆਖਿਆ ਕਿ ਐਸ.ਏ.ਐਸ. ਨਗਰ (ਮੋਹਾਲੀ) ਹਲਕੇ ਵਿੱਚ 10 ਕਰੋੜ ਰੁਪਏ ਦੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਕੁੱਲ 13-14 ਮੁੱਖ ਸੜਕਾਂ ਦੇ ਟੈਂਡਰ ਕੀਤੇ ਗਏ ਸਨ, ਜਿਨ੍ਹਾਂ ਦੇ ਅਲਾਟਮੈਂਟ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ, ਅਤੇ ਕੁਝ ਥਾਵਾਂ 'ਤੇ ਕੰਮ ਸ਼ੁਰੂ ਹੋ ਗਿਆ ਹੈ, ਜਦੋਂ ਕਿ ਬਾਕੀ ਅਗਲੇ ਹਫ਼ਤੇ ਦੇ ਅੰਦਰ ਸ਼ੁਰੂ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮੋਹਾਲੀ ਦੇ ਸੜਕੀ ਸੰਪਰਕ ਅਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਵੱਲ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਦਾ ਇੱਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਰਾਹੀਆਂ ਅਤੇ ਨਿਵਾਸੀਆਂ ਨੂੰ ਲੰਬੇ ਸਮੇਂ ਲਈ ਰਾਹਤ ਮਿਲੇਗੀ। ਉਨ੍ਹਾਂ ਕਿਹਾ "ਸ਼ਨਾਖ਼ਤ ਕੀਤੀਆਂ ਗਈਆਂ ਸੜਕਾਂ ਵਿੱਚੋਂ, ਕੁਝ ਨੂੰ 10-12 ਫੁੱਟ ਤੋਂ 18 ਫੁੱਟ ਤੱਕ ਚੌੜਾ ਕੀਤਾ ਜਾ ਰਿਹਾ ਹੈ, ਜਿਸ ਲਈ ਯੋਜਨਾਬੰਦੀ ਅਤੇ ਪ੍ਰਵਾਨਗੀਆਂ ਲਈ ਵਾਧੂ ਸਮਾਂ ਚਾਹੀਦਾ ਸੀ। ਤਕਨੀਕੀ ਵਿਚਾਰ-ਵਟਾਂਦਰੇ ਅਤੇ ਮੌਨਸੂਨ ਬਾਰਿਸ਼ ਕਾਰਨ ਸ਼ੁਰੂਆਤੀ ਦੇਰੀ ਦੇ ਬਾਵਜੂਦ, ਹੁਣ ਕੰਮ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ।"
ਮੀਡੀਆ ਨਾਲ ਗੱਲ ਕਰਦੇ ਹੋਏ, ਵਿਧਾਇਕ ਕੁਲਵੰਤ ਸਿੰਘ ਨੇ ਟਿੱਪਣੀ ਕੀਤੀ ਕਿ ਕੁਝ ਵਿਰੋਧੀ ਆਗੂ ਇੱਧਰ-ਉੱਧਰ ਟੋਏ ਭਰ ਕੇ ਸ਼ੋਹਰਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਵੱਡੇ ਪੱਧਰ 'ਤੇ ਸੜਕ ਨਿਰਮਾਣ ਸਿਰਫ ਸਹੀ ਸਰਕਾਰੀ ਯੋਜਨਾਬੰਦੀ ਅਤੇ ਫੰਡਿੰਗ ਦੁਆਰਾ ਹੀ ਕੀਤਾ ਜਾ ਸਕਦਾ ਹੈ, ਸ਼ੋਹਰਤ ਦੁਆਰਾ ਨਹੀਂ। ਉਨ੍ਹਾਂ ਅੱਗੇ ਕਿਹਾ, "ਲੋਕਾਂ ਨੂੰ ਅਜਿਹੇ ਡਰਾਮੇਬਾਜ਼ੀ ਨਾਲ ਗੁੰਮਰਾਹ ਕਰਨ ਦੀ ਬਜਾਏ, ਵਿਰੋਧੀ ਧਿਰ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਟੈਂਡਰ ਜਾਰੀ ਕੀਤੇ ਗਏ ਹਨ, ਫੰਡ ਮਨਜ਼ੂਰ ਕੀਤੇ ਗਏ ਹਨ, ਅਤੇ ਮੋਹਾਲੀ ਹਲਕੇ ਵਿੱਚ ਕੰਮ ਸੱਚਮੁੱਚ ਚੱਲ ਰਿਹਾ ਹੈ।"
ਕੰਮ ਦੇ ਦਾਇਰੇ ਬਾਰੇ ਜਾਣਕਾਰੀ ਦਿੰਦੇ ਹੋਏ, ਵਿਧਾਇਕ ਨੇ ਦੱਸਿਆ ਕਿ ਮੁਰੰਮਤ ਅਤੇ ਮਜ਼ਬੂਤੀ ਦੀਆਂ ਧਾਰਾਵਾਂ ਨੂੰ ਟੈਂਡਰ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਠੇਕੇਦਾਰ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ ਜਵਾਬਦੇਹ ਬਣਦੇ ਹਨ। ਉਨ੍ਹਾਂ ਅੱਗੇ ਭਰੋਸਾ ਦਿੱਤਾ ਕਿ ਗੁਣਵੱਤਾ ਅਤੇ ਸਮੇਂ ਸਿਰ ਮੁਕੰਮਲ ਹੋਣ ਦੀ ਜਾਂਚ ਲਈ ਨਿਗਰਾਨੀ ਵਿਧੀਆਂ ਮੌਜੂਦ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ 10 ਕਰੋੜ ਰੁਪਏ ਦੀ ਇਸ ਵਿਕਾਸ ਪਹਿਲਕਦਮੀ ਤਹਿਤ ਬਣਾਈਆਂ ਜਾ ਰਹੀਆਂ ਪ੍ਰਮੁੱਖ ਸੜਕਾਂ ਵਿੱਚ ਲਾਂਡਰਾਂ-ਖਰੜ-ਚੱਪੜ ਚਿੜੀ ਖੁਰਦ ਸੜਕ, ਖਰੜ-ਬਨੂੜ ਸੜਕ, ਤੰਗੋਰੀ ਸੜਕ (2.5 ਕਰੋੜ ਰੁਪਏ ਦੀ ਲਾਗਤ), ਸ਼ੇਖਨ ਮਾਜਰਾ-ਕੁਰੜਾ ਸੜਕ, ਰਾਏਪੁਰ-ਅੰਧਰਾਲੀ ਸੜਕ, ਤੰਗੋਰੀ-ਮਾਣਕਪੁਰ ਕੱਲਰ ਸੜਕ, ਝੰਝੇੜੀ-ਅਲੀਪੁਰ ਸੜਕ, ਬਾਕਰਪੁਰ-ਸਫੀਪੁਰ ਦੇ ਨੇੜੇ ਵਾਲੀ ਸੜਕ, ਗੀਗੇ ਮਾਜਰਾ-ਜਟਾਣਾ ਸੜਕ, ਚਾਚੂ ਮਾਜਰਾ-ਬਾਕਰਪੁਰ-ਝੁੰਗੀਆਂ ਸੜਕ ਸਮੇਤ ਗੁਰਦੁਆਰਾ ਸਾਹਿਬ, ਸੈਕਟਰ-82 ਤੋਂ ਮਨੌਲੀ ਸੜਕ, ਦਾਊ ਤੋਂ ਰਾਮਗੜ੍ਹ ਸੜਕ ਅਤੇ ਲਾਂਡਰਾਂ ਸੜਕ ਸ਼ਾਮਲ ਹਨ।
ਉਨ੍ਹਾਂ ਅੱਗੇ ਕਿਹਾ ਕਿ ਸੈਕਟਰ-89 ਵਾਲੀ ਸੜਕ ਅਤੇ ਸੀ ਪੀ-67 ਹਵਾਈ ਅੱਡਾ ਰੋਡ ਸੜਕ 'ਤੇ ਕੰਮ ਪਹਿਲਾਂ ਹੀ ਚੱਲ ਰਿਹਾ ਹੈ, ਜਦੋਂ ਕਿ ਫੇਜ਼-3 ਸੜਕ ਦੀ ਹਾਲਤ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨਵੀਂ ਬਣਾਈ ਜਾਣ ਦੇ ਬਾਵਜੂਦ ਥੋੜ੍ਹੇ ਸਮੇਂ ਵਿੱਚ ਹੀ ਖ਼ਰਾਬ ਕਿਉਂ  ਹੋਈ ਹੈ। ਸਬੰਧਤ ਠੇਕੇਦਾਰਾਂ ਜਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ, “ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਨਾਲ, ਮੋਹਾਲੀ ਹਲਕੇ ਦੀਆਂ ਲਗਭਗ 90 ਪ੍ਰਤੀਸ਼ਤ ਸੜਕਾਂ ਅਪਗ੍ਰੇਡ ਹੋ ਜਾਣਗੀਆਂ, ਜਿਸ ਨਾਲ ਹਜ਼ਾਰਾਂ ਰੋਜ਼ਾਨਾ ਰਾਹੀਆਂ ਨੂੰ ਲਾਭ ਹੋਵੇਗਾ ਅਤੇ ਸਮੁੱਚੇ ਵਿਕਾਸ ਨੂੰ ਹੁਲਾਰਾ ਮਿਲੇਗਾ।”
ਉਨ੍ਹਾਂ ਨੇ ਮੋਹਾਲੀ ਦੇ ਲੋਕਾਂ ਦਾ ਉਨ੍ਹਾਂ ਦੇ ਸਬਰ ਲਈ ਧੰਨਵਾਦ ਵੀ ਕੀਤਾ ਤੇ ਤਕਨੀਕੀ ਸੋਧਾਂ ਅਤੇ ਮੌਸਮ ਦੇ ਹਾਲਾਤਾਂ ਕਾਰਨ ਹੋਈ ਦੇਰੀ ਨੂੰ ਸਵੀਕਾਰ ਕਰਦਿਆਂ, ਉਨ੍ਹਾਂ ਨੂੰ ਹੋਈ ਅਸੁਵਿਧਾ ਲਈ ਖੇਦ ਵੀ ਪ੍ਰਗਟਾਇਆ।