ਢੁੱਕਵੀਂ ਪੌਸ਼ਟਿਕ ਖੁਰਾਕ ਅਤੇ ਟੀਕਾਕਰਨ ਘੋੜਿਆਂ ਦੀ ਸਿਹਤ ਲਈ ਅਹਿਮ - ਵੈਟਨਰੀ ਮਾਹਿਰ
ਲੁਧਿਆਣਾ 14 ਅਗਸਤ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਨੇ ਪੰਜਾਬ ਦੇ ਘੋੜਾ ਪਾਲਕਾਂ ਲਈ ਇਕ ਵਿਚਾਰ ਵਟਾਂਦਰਾ ਸੈਮੀਨਾਰ ਦਾ ਆਯੋਜਨ ਕੀਤਾ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਇਹ ਸੈਮੀਨਾਰ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਦੀ ਅਗਵਾਈ ਅਧੀਨ ਘੋੜਾ ਪਾਲਕਾਂ ਨੂੰ ਵਿਗਿਆਨਕ ਢੰਗ ਨਾਲ ਘੋੜਿਆਂ ਦੇ ਪ੍ਰਜਣਨ ਅਤੇ ਖੁਰਾਕ ਸੰਬੰਧੀ ਸਿੱਖਿਅਤ ਕਰਨ ਹਿਤ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਸੁਚੱਜੇ ਢੰਗ ਨਾਲ ਘੋੜੇ ਪਾਲ ਕੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਵਿੱਚ ਹੋਰ ਬਿਹਤਰੀ ਕੀਤੀ ਜਾ ਸਕਦੀ ਹੈ। ਡਾ. ਗਰੇਵਾਲ ਨੇ ਜਾਣਕਾਰੀ ਦਿੱਤੀ ਕਿ ਸੈਮੀਨਾਰ ਵਿੱਚ ਮਾਹਿਰਾਂ ਦੇ ਭਾਸ਼ਣਾਂ ਤੋਂ ਇਲਾਵਾ ‘ਘੋੜਾ ਸਿਹਤ ਕਾਰਡ’ ਵੀ ਲੋਕ ਅਰਪਣ ਕੀਤਾ ਗਿਆ।
ਇਹ ਕਾਰਡ ਡਾ. ਪ੍ਰਭਜਿੰਦਰ ਸਿੰਘ ਮਾਨ, ਡਾ. ਅਰੁਣਬੀਰ ਸਿੰਘ, ਡਾ. ਪ੍ਰਤੀਕ ਜਿੰਦਲ ਅਤੇ ਡਾ. ਵਿਸ਼ਾਲ ਮਹਾਜਨ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ। ਡਾ. ਗਰੇਵਾਲ ਨੇ ਦੱਸਿਆ ਕਿ ਇਹ ਸਿਹਤ ਕਾਰਡ ਯੂਨੀਵਰਸਿਟੀ ਦੀ ਇਕ ਨਿਵੇਕਲੀ ਪਹਿਲਕਦਮੀ ਹੈ ਜਿਸ ਨਾਲ 20 ਘੋੜਿਆਂ ਦਾ ਟੀਕਾਕਰਨ ਰਿਕਾਰਡ ਰੱਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜਾਨਵਰ ਦੀ ਸਰੀਰਕ ਸਥਿਤੀ, ਸਰੀਰਕ ਮਾਪਦੰਡ ਅਤੇ ਘੋੜਿਆਂ ਦੀ ਸਿਹਤ ਦੇ ਹੋਰ ਮਹੱਤਵਪੂਰਨ ਸੂਚਕ ਵੀ ਪ੍ਰਦਾਨ ਹੋਣਗੇ।
ਇਸ ਸੈਮੀਨਾਰ ਵਿੱਚ ਡਾ. ਰਮੇਸ਼ ਕੁਮਾਰ ਦੀਦਾਰ, ਪ੍ਰਮੁੱਖ ਵਿਗਿਆਨੀ, ਘੋੜਿਆਂ ਦੀ ਖੋਜ ਸੰਬੰਧੀ ਕੌਮੀ ਸੰਸਥਾ, ਬੀਕਾਨੇਰ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਘੋੜਿਆਂ ਦੀ ਸਿਹਤ ਅਤੇ ਖੁਰਾਕ ਪ੍ਰਬੰਧਨ ਵਿੱਚ ਬਿਹਤਰੀ ਸੰਬੰਧੀ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਢੁੱਕਵੀਂ ਪੌਸ਼ਟਿਕ ਖੁਰਾਕ ਅਤੇ ਟੀਕਾਕਰਨ ਘੋੜਿਆਂ ਦੀ ਉਤਮ ਸਿਹਤ ਦੀ ਕੁੰਜੀ ਹੈ। ਉਨ੍ਹਾਂ ਨੇ ਘੋੜਿਆਂ ਦੀ ਸਿਹਤ ਦੇ ਮੁਲਾਂਕਣ ਸੰਬੰਧੀ ਮਹੱਤਵਪੂਰਨ ਸਰੀਰਕ ਮਾਪਦੰਡਾਂ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ। ਡਾ. ਅਮਿਤ ਸ਼ਰਮਾ ਨੇ ਘੋੜਿਆਂ ਦੀ ਖੁਰਾਕ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਚੰਗੀ ਸਿਹਤ ਲਈ ਸੰਤੁਲਿਤ ਰਾਸ਼ਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਘੋੜਿਆਂ ਦੇ ਵਿਕਾਸ ਅਤੇ ਇਕ ਦੌੜਾਕ ਜਾਨਵਰ ਹੋਣ ਕਰਕੇ ਇਸ ਦੀਆਂ ਖੁਰਾਕੀ ਜ਼ਰੂਰਤਾਂ ਵਿਭਿੰਨ ਹੁੰਦੀਆਂ ਹਨ ਇਸ ਲਈ ਇਨ੍ਹਾਂ ਦੀ ਖੁਰਾਕ ਦੀ ਵਿਉਂਤਬੰਦੀ ਲਈ ਸਰੀਰਕ ਸਥਿਤੀ ’ਤੇ ਧਿਆਨ ਕਰਨਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਘੋੜਿਆਂ ਦੇ ਸਾਰੇ ਉਮਰ ਵਰਗਾਂ ਲਈ ਖੁਰਾਕ ਤਿਆਰ ਕਰਨ ਵਿੱਚ ਅਗਵਾਈ ਦੇ ਸਕਦੀ ਹੈ। ਸੈਮੀਨਾਰ ਦਾ ਸੰਯੋਜਨ ਡਾ. ਪ੍ਰਭਜਿੰਦਰ ਸਿੰਘ ਮਾਨ ਅਤੇ ਡਾ. ਅਰੁਣਬੀਰ ਸਿੰਘ ਨੇ ਕੀਤਾ ਜਿਸ ਵਿੱਚ 70 ਦੇ ਕਰੀਬ ਘੋੜਾ ਪਾਲਕਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।