ਐਸ.ਡੀ.ਐਮ ਕ੍ਰਿਤਿਕਾ ਗੋਇਲ ਨੇ ਕਾਠਗੜ੍ਹ ਡਰੇਨ ਦਾ ਲਿਆ ਜਾਇਜ਼ਾ, ਚੋਅ ਦੀ ਤੁਰੰਤ ਸਫ਼ਾਈ ਦੇ ਦਿੱਤੇ ਨਿਰਦੇਸ਼

ਬਲਾਚੌਰ- ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਪਾਣੀ ਵਹਾਅ ਨਾਲ ਕਾਠਗੜ੍ਹ ਡਰੇਨ ਵਿੱਚ ਪਾਣੀ ਦੇ ਲਾਂਘੇ ‘ਚ ਪੈਦਾ ਹੋਈ ਥੋੜੀ ਰੁਕਾਵਟ ਸਬੰਧੀ ਐਸ.ਡੀ.ਐਮ ਕ੍ਰਿਤਿਕਾ ਗੋਇਲ ਨੇ ਅੱਜ ਸਬੰਧਤ ਅਧਿਕਾਰੀਆਂ ਸਮੇਤ ਮੌਕੇ ‘ਤੇ ਜਾ ਸਕੇ ਸਥਿਤੀ ਦੀ ਸਮੀਖਿਆ ਕਰਦਿਆਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੋਅ ਵਿੱਚ ਪਿਛੋਂ ਰੁੜ ਕੇ ਆਈ ਬੂਟੀ ਆਦਿ ਨੂੰ ਤੁਰੰਤ ਹਟਾਇਆ ਜਾਵੇ।

ਬਲਾਚੌਰ- ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਪਾਣੀ ਵਹਾਅ ਨਾਲ ਕਾਠਗੜ੍ਹ ਡਰੇਨ ਵਿੱਚ ਪਾਣੀ ਦੇ ਲਾਂਘੇ ‘ਚ ਪੈਦਾ ਹੋਈ ਥੋੜੀ ਰੁਕਾਵਟ ਸਬੰਧੀ ਐਸ.ਡੀ.ਐਮ ਕ੍ਰਿਤਿਕਾ ਗੋਇਲ ਨੇ ਅੱਜ ਸਬੰਧਤ ਅਧਿਕਾਰੀਆਂ ਸਮੇਤ ਮੌਕੇ ‘ਤੇ ਜਾ ਸਕੇ ਸਥਿਤੀ ਦੀ ਸਮੀਖਿਆ ਕਰਦਿਆਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੋਅ ਵਿੱਚ ਪਿਛੋਂ ਰੁੜ ਕੇ ਆਈ ਬੂਟੀ ਆਦਿ ਨੂੰ ਤੁਰੰਤ ਹਟਾਇਆ ਜਾਵੇ।
 ਤਾਂ ਜੋ ਪਾਣੀ ਦਾ ਪੂਰਾ ਵਹਾਅ ਚੱਲ ਸਕੇ। ਐਸ.ਡੀ.ਐਮ ਕ੍ਰਿਤਿਕਾ ਗੋਇਲ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਣੀ ਦੇ ਪੱਧਰ ਵਿੱਚ ਵਾਧੇ ਨਾਲ ਘਾਹ-ਬੂਟੀ ਨੇ ਡਰੇਨ ਦੇ ਵਹਾਅ ‘ਚ ਰੁਕਾਵਟ ਪੈਦਾ ਕੀਤੀ ਸੀ ਜੋ ਕਿ ਅੱਜ ਹੱਲ ਕਰਵਾ ਦਿੱਤੀ ਗਈ ਹੈ। 
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਧੁੱਸੀ ਬੰਨ੍ਹ ਦੇ ਆਲੇ-ਦੁਆਲੇ ਕੰਮ ਕਰ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਦੌਰਾਨ ਐਸ.ਡੀ.ਐਮ. ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਸਮੇਤ ਬੇਲਾ ਤਾਜੋਵਾਲ ਅਤੇ ਔਲੀਆਪੁਰ ਵਿਖੇ ਧੁੱਸੀ ਬੰਨ੍ਹ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। 
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਇਸ ਔਖੀ ਘੜੀ ਵਿੱਚ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਿਹਾ ਹੈ ਅਤੇ ਜੇਕਰ ਉਨ੍ਹਾਂ ਨੂੰ ਸਬ ਡਿਵੀਜ਼ਨ ਵਿੱਚ ਕਿਸੇ ਵੀ ਹੰਗਾਮੀ ਹਾਲਤ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ ਤਾਂ ਉਹ ਤੁਰੰਤ ਇਸ ਬਾਰੇ ਤੁਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਬਲਾਚੌਰ ਵਿਖੇ ਸਥਾਪਿਤ ਕੰਟਰੋਲ ਰੂਮ ਦਾ ਨੰਬਰ 01885-220075 ਉੱਤੇ ਸੂਚਿਤ ਕਰਨ। 
ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਵੀ ਕਿਸਮ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਪਰ ਫਿਰ ਵੀ ਸਾਰਿਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਰੂਪਨਗਰ ਦੇ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਨਾ ਅਤੇ ਐਸ.ਡੀ.ਐਮ ਕ੍ਰਿਤਿਕਾ ਗੋਇਲ ਨੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਤੋਂ ਬਾਬਾ ਅਵਤਾਰ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮੱਗਰੀ ਦੇ 12 ਟਰੱਕ ਰਵਾਨਾ ਕੀਤੇ ਗਏ।
 ਐਸ.ਡੀ.ਐਮ ਨੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਇਕ-ਦੂਜੇ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਅਤੇ ਮੌਜੂਦਾ ਸੰਕਟ ਵਾਲੇ ਸਮੇਂ ਵਿੱਚ ਸਾਰਿਆਂ ਨੂੰ ਇਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਪਹਿਲੇ ਪੜਾਅ ਵਿੱਚ 12 ਟਰੱਕ, ਜਿਨ੍ਹਾਂ ਵਿੱਚ ਚਾਰਾ ਅਤੇ ਖਾਣ ਵਾਲੇ ਪਦਾਰਥ ਸ਼ਾਮਲ ਹਨ, ਡੇਰਾ ਬਾਬਾ ਨਾਨਕ ਅਤੇ ਰਮਦਾਸ ਵਿਖੇ ਹੜ੍ਹ ਦੀ ਮਾਰ ਹੇਠ ਆਏ ਖੇਤਰਾਂ ਲਈ ਭੇਜੇ ਜਾ ਰਹੇ ਹਨ।