ਸਾਹਿਤਕ ਮਿਲਣੀ ਮੌਕੇ ਸਾਹਿਤਕਾਰ ਸੁਰਜੀਤ ਮੰਨਣਹਾਨੀ ਸਨਮਾਨਿਤ

ਮਾਹਿਲਪੁਰ- ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਮਾਹਿਲਪੁਰ ਇਲਾਕੇ ਦੇ ਉੱਘੇ ਸਾਹਿਤਕਾਰ ਸੁਰਜੀਤ ਸਿੰਘ ਮੰਨਣਹਾਨੀ ਨਾਲ ਇੱਕ ਸਾਹਿਤਕ ਮਿਲਣੀ ਦਾ ਆਯੋਜਨ ਪ੍ਰਿੰਸੀਪਲ ਮਨਜੀਤ ਕੌਰ ਦੀ ਅਗਵਾਈ ਹੇਠ ਕਰੂੰਬਲਾਂ ਭਵਨ ਵਿੱਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਤਿਹਾਸਕ ਪਿੰਡ ਮੰਨਣਹਾਨਾ ਵਿੱਚ ਜਨਮ ਲੈਣ ਉਪਰੰਤ ਉਹਨਾਂ ਨੇ ਸਾਇੰਸ ਦੀ ਪੜ੍ਹਾਈ ਕਰਕੇ ਅਧਿਆਪਨ ਕਿੱਤਾ ਚੁਣ ਕੇ ਸਾਹਿਤ ਸਿਰਜਣਾ ਦਾ ਰਾਹ ਅਪਣਾਇਆ।

ਅੱਜ ਤੱਕ ਉਹਨਾਂ ਦੀਆਂ ਚਾਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਤਿੰਨ ਮਿੰਨੀ ਕਹਾਣੀ ਸੰਗ੍ਰਹਿ ਮਾਂ ਦੀ ਗੋਦ, ਡਿੱਗਦੇ ਅੱਥਰੂ, ਦੀਵੇ ਥੱਲੇ ਚਾਨਣ ਅਤੇ ਸਿਰਨਾਵਾਂ ਕਾਵਿ ਪੁਸਤਕ ਹੈ। ਇਹਨਾਂ ਸ਼ਾਨਦਾਰ ਪ੍ਰਾਪਤੀਆਂ ਵਾਸਤੇ ਉਨ੍ਹਾਂ ਨੂੰ ਟਰੱਸਟ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਸ਼ਖਸ਼ੀਅਤ ਅਤੇ ਸਿਰਜਣਾ ਬਾਰੇ ਬੋਲਦਿਆਂ ਬਲਜਿੰਦਰ ਮਾਨ ਨੇ ਕਿਹਾ ਕਿ ਜਿੱਥੇ ਉਹ ਇੱਕ ਸਫ਼ਲ ਅਧਿਆਪਕ ਹਨ ਉੱਥੇ ਉਹ ਸਾਹਿਤ ਦੇ ਸਨਮਾਨਿਤ ਸਿਰਜਕ ਵੀ ਹਨ। 
ਵਿਦਿਆਰਥੀਆਂ ,ਅਧਿਆਪਕਾਂ ਅਤੇ ਮਾਪਿਆਂ ਦੇ ਦਿਲਾਂ ਵਿੱਚ ਉਨ੍ਹਾਂ ਦਾ ਪੂਰਾ ਮਾਣ ਸਨਮਾਨ ਹੈ। ਸਾਹਿਤਕ ਹਲਕਿਆਂ ਵਿੱਚ ਉਹਨਾਂ ਦੀਆਂ ਪੁਸਤਕਾਂ ਦੀ ਚਰਚਾ ਅਕਸਰ ਹੁੰਦੀ ਹੈ। ਉਹ ਮਿੰਨੀ ਕਹਾਣੀ ਦੇ ਉੱਘੇ ਸਿਰਜਕ ਅਤੇ ਸਮਾਜ ਸੁਧਾਰਕ ਹਨ। ਉਹਨਾਂ ਦੀ ਸਿਰਜਣਾ ਦਾ ਮੁੱਖ ਮਨੋਰਥ ਸਮਾਜ ਨੂੰ ਸੁਚੱਜਾ ਅਤੇ ਨਰੋਆ ਬਣਾਉਣਾ ਹੈ । ਕੁਦਰਤ ਦੀਆਂ ਬਖ਼ਸ਼ੀਆਂ ਨਿਆਮਤਾਂ ਨੂੰ ਬਚਾਉਣ ਲਈ ਉਹ ਸਦਾ ਕਾਰਜਸ਼ੀਲ ਰਹਿੰਦੇ ਹਨ। 
     ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਟੇਟ ਅਵਾਰਡੀ ਟੀਚਰ ਜਗਦੀਸ਼ ਸਿੰਘ, ਪੁਸਤਕ ਪ੍ਰੇਮੀ ਚੈਂਚਲ ਸਿੰਘ ਬੈਂਸ, ਬਾਲ ਸਾਹਿਤ ਲੇਖਕ ਰਘੁਵੀਰ ਸਿੰਘ ਕਲੋਆ ਅਤੇ ਸੇਵਾ ਮੁਕਤ ਸਿੱਖਿਆ ਅਫ਼ਸਰ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਟਰੱਸਟ ਵੱਲੋਂ ਜਿੱਥੇ ਬਾਲ ਸਾਹਿਤ ਦੇ ਸਿਰਜਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
 ਉੱਥੇ ਇਲਾਕੇ ਨੂੰ ਨਵੀਆਂ ਲੀਹਾਂ ਪ੍ਰਦਾਨ ਕਰਨ ਵਾਲੇ ਰਾਹ ਦਸੇਰਿਆਂ ਦਾ ਵੀ ਮਾਣ ਸਨਮਾਨ ਕੀਤਾ ਜਾਂਦਾ ਹੈ। ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਪੁਸਤਕ ਸੱਭਿਆਚਾਰ ਦੀ ਪ੍ਰਫੁਲਤਾ ਵਾਸਤੇ ਹਾਜ਼ਰ ਹੋਏ ਸਾਰੇ ਸਾਹਿਤ ਪ੍ਰੇਮੀਆਂ ਨੂੰ ਪੁਸਤਕਾਂ ਦੇ ਸੈੱਟ ਤੋਹਫੇ ਦਿੱਤੇ ਗਏ। ਮੰਚ ਸੰਚਾਲਨ ਕਰਦਿਆਂ ਸੁਖਮਨ ਸਿੰਘ ਨੇ ਆਪਣੀਆਂ ਕਲਾਤਮਕ ਰੀਝਾਂ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ। 
ਇਸ ਸਾਹਿਤਕ ਮਿਲਣੀ ਵਿੱਚ ਪਵਨ ਸਕਰੂਲੀ ,ਮਨਜਿੰਦਰ ਹੀਰ, ਹਰਵੀਰ ਮਾਨ, ਹਰਮਨਪ੍ਰੀਤ ਕੌਰ ,ਨਿਧੀ ਅਮਨ ਸਹੋਤਾ ਸਮੇਤ ਸਾਹਿਤ ਪ੍ਰੇਮੀ ਸ਼ਾਮਿਲ ਹੋਏ। ਸਭ ਦਾ ਧੰਨਵਾਦ ਕਰਦਿਆਂ ਕੁਲਦੀਪ ਕੌਰ ਬੈਂਸ ਨੇ ਕਿਹਾ ਕਿ ਸਾਨੂੰ ਸਭ ਨੂੰ ਪੁਸਤਕ ਪ੍ਰੇਮੀ ਬਣਨਾ ਚਾਹੀਦਾ ਹੈ ਤਾਂ ਕਿ ਸਾਡੇ ਅੰਦਰ ਸ਼ਬਦ ਦੀ ਧੁਨ ਵੱਜਦੀ ਰਹੇ।