
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਮੋਹਾਲੀ ਡੰਪਿੰਗ ਗਰਾਊਂਡ ਇੱਕ ਮਹੀਨੇ ਵਿੱਚ ਹਟਾਉਣ ਦੇ ਨਿਰਦੇਸ਼
ਮੋਹਾਲੀ:- ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਨੂੰ ਨਿੱਜੀ ਤੌਰ ‘ਤੇ ਮਿਲ ਕੇ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਕਿ ਸਰਕਾਰ ਅਤੇ ਨਗਰ ਨਿਗਮ ਮੋਹਾਲੀ, ਚਪੜਚਿੜੀ ਅਤੇ ਸੈਕਟਰ-74 ਮੋਹਾਲੀ ਵਿੱਚ ਪ੍ਰੋਸੈਸਿੰਗ ਪਲਾਂਟ ਅਤੇ ਗਾਰਬੇਜ ਗਰਾਊਂਡ ਬਣਾਉਣੇ ਚਾਹੁੰਦੇ ਹਨ।
ਮੋਹਾਲੀ:- ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਨੂੰ ਨਿੱਜੀ ਤੌਰ ‘ਤੇ ਮਿਲ ਕੇ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਕਿ ਸਰਕਾਰ ਅਤੇ ਨਗਰ ਨਿਗਮ ਮੋਹਾਲੀ, ਚਪੜਚਿੜੀ ਅਤੇ ਸੈਕਟਰ-74 ਮੋਹਾਲੀ ਵਿੱਚ ਪ੍ਰੋਸੈਸਿੰਗ ਪਲਾਂਟ ਅਤੇ ਗਾਰਬੇਜ ਗਰਾਊਂਡ ਬਣਾਉਣੇ ਚਾਹੁੰਦੇ ਹਨ।
ਜੁਆਇੰਟ ਐਕਸ਼ਨ ਕਮੇਟੀ ਵੱਲੋਂ ਮੰਗ ਪੱਤਰ ਸ੍ਰੀ ਅਵਤਾਰ ਸਿੰਘ (ਜਨਰਲ ਸੈਕਟਰੀ) ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਜਥੇਦਾਰ ਸਾਹਿਬ ਨੇ ਸੰਬੰਧਿਤ ਵਿਧਾਇਕ ਕੁਲਵੰਤ ਸਿੰਘ ਜੀ ਨਾਲ ਗੱਲਬਾਤ ਕਰਕੇ ਸੈਕਟਰ-74 ਮੋਹਾਲੀ ਦੇ ਡੰਪਿੰਗ ਗਰਾਊਂਡ ਤੋਂ ਸਾਰਾ ਕੂੜਾ ਹਟਾਉਣ ਲਈ ਕਿਹਾ, ਜਿਸ ‘ਤੇ ਵਿਧਾਇਕ ਕੁਲਵੰਤ ਸਿੰਘ ਜੀ ਨੇ ਯਕੀਨ ਦਵਾਇਆ ਕਿ ਇਹ ਕੰਮ ਕੀਤਾ ਜਾਵੇਗਾ।
ਜਥੇਦਾਰ ਸਾਹਿਬ ਨੇ ਸਪਸ਼ਟ ਹੁਕਮ ਦਿੱਤੇ ਕਿ ਇਹ ਕੰਮ ਇੱਕ ਮਹੀਨੇ ਦੇ ਅੰਦਰ ਮੁਕੰਮਲ ਹੋਣਾ ਚਾਹੀਦਾ ਹੈ ਅਤੇ ਇੱਕ ਮਹੀਨੇ ਬਾਅਦ ਉਹ ਖੁਦ ਸਾਈਟ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਬੰਧਿਤ ਵਿਭਾਗਾਂ ਨੂੰ ਇਸ ਬਾਰੇ ਪੱਤਰ ਲਿਖਣ ਦੇ ਹੁਕਮ ਵੀ ਦਿੱਤੇ।
ਇਸ ਤੋਂ ਇਲਾਵਾ, ਜਥੇਦਾਰ ਸਾਹਿਬ ਨੇ ਉਹ ਸਾਰੇ ਕੇਸ ਫ਼ਾਈਲ ਤੇ ਦਸਤਾਵੇਜ਼ ਆਪਣੇ ਕੋਲ ਰੱਖ ਲਏ ਜੋ ਜੌਇੰਟ ਐਕਸ਼ਨ ਕਮੇਟੀ ਨੇ ਹਾਈ ਕੋਰਟ ਵਿੱਚ ਦਰਜ ਕੀਤੇ ਸਨ। ਉਨ੍ਹਾਂ ਨੇ ਭਰੋਸਾ ਦਵਾਇਆ ਕਿ — “ਅਸੀਂ ਤੁਹਾਡੇ ਨਾਲ ਹਾਂ ਅਤੇ ਸ਼ਹੀਦਾਂ ਦੀ ਧਰਤੀ ‘ਤੇ ਕੋਈ ਐਸਾ ਕੰਮ ਨਹੀਂ ਹੋਣ ਦੇਵਾਂਗੇ, ਇੱਥੇ ਕਿਸੇ ਵੀ ਕਿਸਮ ਦਾ ਕੂੜਾ ਨਹੀਂ ਸੁੱਟਣ ਦਿੱਤਾ ਜਾਵੇਗਾ।”
ਜੁਆਇੰਟ ਐਕਸ਼ਨ ਕਮੇਟੀ ਦੇ ਮੀਡੀਆ ਐਡਵਾਈਜ਼ਰ ਸਰਦਾਰ ਅਮਨਦੀਪ ਸਿੰਘ ਸਲੈਚ ਨੇ ਦੱਸਿਆ ਕਿ ਕਾਨੂੰਨੀ ਨਜ਼ਰੀਏ ਨਾਲ ਵੀ ਇਹ ਥਾਂ ਕੂੜਾ ਸੁੱਟਣ ਲਈ ਪੂਰੀ ਤਰ੍ਹਾਂ ਗਲਤ ਹੈ, ਕਿਉਂਕਿ ਇਸ ਦੇ ਨੇੜੇ ਡੀਪੀਐਸ ਸਕੂਲ, ਰਿਹਾਇਸ਼ੀ ਇਲਾਕਾ, ਕਮਰਸ਼ਿਅਲ ਏਰੀਆ, ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ (ਚਪੜਚਿੜੀ) ਅਤੇ ਫਤਿਹ ਬੁਰਜ ਸਥਿਤ ਹਨ।
ਇਸ ਲਈ ਇੱਥੇ ਕੂੜਾ ਸੁੱਟਣਾ ਨਾ ਸਿਰਫ਼ ਸਮਾਜਕ ਅਤੇ ਧਾਰਮਿਕ ਪੱਖੋਂ ਗਲਤ ਹੈ, ਬਲਕਿ ਕਾਨੂੰਨੀ ਤੌਰ ‘ਤੇ ਵੀ ਗਲਤ ਹੈ। ਇਹੀ ਕਾਰਨ ਹੈ ਕਿ ਇਹ ਕੇਸ ਹਾਈ ਕੋਰਟ ਤੋਂ ਪਹਿਲਾਂ ਹੀ ਜੌਇੰਟ ਐਕਸ਼ਨ ਕਮੇਟੀ ਵੱਲੋਂ ਜਿੱਤਿਆ ਜਾ ਚੁੱਕਾ ਹੈ।
ਜਥੇਦਾਰ ਸਾਹਿਬ ਨੇ ਇਹ ਵੀ ਸਪਸ਼ਟ ਕੀਤਾ ਕਿ ਭਵਿੱਖ ਵਿੱਚ ਵਿਰਾਸਤੀ ਸਮਾਰਕ ਅਤੇ ਇਤਿਹਾਸਕ ਥਾਵਾਂ ਦੇ ਨੇੜੇ ਕਿਸੇ ਵੀ ਕਿਸਮ ਦਾ ਕੂੜਾ-ਕਰਕਟ ਨਹੀਂ ਸੁੱਟਣ ਦਿੱਤਾ ਜਾਵੇਗਾ।
