ਫੇਜ਼ 4 ਦੇ ਬੋਗਿਨਵਿਲਾ ਪਾਰਕ ਦੇ ਬਾਹਰ ਰੇਹੜੀਆਂ-ਫੜੀਆਂ ਲਗਾਉਣ ਵਾਲੇ ਦੁਕਾਨਦਾਰਾਂ ਨੇ ਨਗਰ ਨਿਗਮ ਦੇ ਕਰਮਚਾਰੀਆਂ ਦੇ ਖਿਲਾਫ਼ ਪੁਲੀਸ ਨੂੰ ਦਿੱਤੀ ਸ਼ਿਕਾਇਤ
ਐਸ ਏ ਐਸ ਨਗਰ, 2 ਅਗਸਤ- ਫੇਜ਼ 4 ਦੇ ਬੋਗਿਨਵਿਲਾ ਪਾਰਕ ਦੇ ਬਾਹਰ ਰੇਹੜੀਆਂ-ਫੜੀਆਂ ਲਗਾ ਕੇ ਖਾਣ-ਪੀਣ ਦਾ ਵੱਖ-ਵੱਖ ਤਰ੍ਹਾਂ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਮਨੀ ਸਿੰਘ, ਸਤਵਿੰਦਰ ਕੌਰ, ਕਰਮਜੀਤ ਕੌਰ, ਨਿੱਤਨ ਅਤੇ ਹੋਰਨਾਂ ਨੇ ਥਾਣਾ ਫੇਜ਼ 1 ਮੁਹਾਲੀ ਵਿੱਚ ਸ਼ਿਕਾਇਤ ਕੀਤੀ ਹੈ ਕਿ ਰਘੁਬੀਰ ਸਿੰਘ ਨਾਮ ਦਾ ਵਿਅਕਤੀ, ਜੋ ਆਪਣੇ ਆਪ ਨੂੰ ਨਗਰ ਨਿਗਮ ਦਾ ਸੁਪਰਡੈਂਟ ਦੱਸਦਾ ਹੈ, ਉਸ ਨੇ ਉਨ੍ਹਾਂ ਦੇ ਲਾਇਸੰਸ ਬਣੇ ਹੋਣ ਦੇ ਬਾਵਜੂਦ ਉਨ੍ਹਾਂ ਦੇ ਟੇਬਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਇੱਥੇ ਕੰਮ ਕਰਨ ਲਈ ਪੈਸਿਆਂ ਦੀ ਮੰਗ ਕੀਤੀ।

ਬੋਗਿਨਵਿਲਾ ਪਾਰਕ ਦੇ ਬਾਹਰ ਦਹੀ-ਭੱਲੇ ਦਾ ਕੰਮ ਕਰਨ ਵਾਲੇ ਮਨੀ ਸਿੰਘ ਨੇ ਲਿਖਿਆ ਹੈ ਕਿ ਉਨ੍ਹਾਂ ਦਾ ਲਾਇਸੰਸ ਬਣਿਆ ਹੋਇਆ ਹੈ ਅਤੇ ਉਹ ਹਰ ਮਹੀਨੇ ਨਿਗਮ ਵਿੱਚ ਫੀਸ ਵੀ ਜਮ੍ਹਾ ਕਰਵਾਉਂਦੇ ਹਨ। ਉਨ੍ਹਾਂ ਲਿਖਿਆ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਆਪਣਾ ਕੰਮ ਕਰ ਰਹੇ ਸਨ, ਜਿਸ ਦੌਰਾਨ ਨਗਰ ਨਿਗਮ ਦੇ ਕੁਝ ਕਰਮਚਾਰੀ (ਜਿਨ੍ਹਾਂ ਵਿੱਚ ਇੱਕ ਦਾ ਨਾਮ ਰਘੁਬੀਰ ਸਿੰਘ ਹੈ) ਉੱਥੇ ਆਏ ਅਤੇ ਉਸ ਦਾ ਟੇਬਲ ਚੁੱਕਣ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਉਸ ਦਾ ਸਟਰੀਟ ਵੈਂਡਰ ਦਾ ਲਾਇਸੰਸ ਬਣਿਆ ਹੋਇਆ ਹੈ ਅਤੇ ਉਹ ਹਰ ਮਹੀਨੇ ਉਸ ਦੀ ਫੀਸ ਵੀ ਭਰਦਾ ਹੈ, ਤਾਂ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
ਇਸ ਦੌਰਾਨ ਰਘੁਬੀਰ ਸਿੰਘ ਨੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਉੱਥੇ ਚਿਕਨ ਅਤੇ ਕੜ੍ਹੀ-ਚਾਵਲ ਦਾ ਕੰਮ ਕਰਨ ਵਾਲੀ ਮਹਿਲਾ ਨਾਲ ਵੀ ਹੱਥੋਪਾਈ ਕੀਤੀ। ਇਸ ਦੌਰਾਨ ਚਿਕਨ ਦਾ ਕੰম ਕਰਨ ਵਾਲਾ ਨਿੱਤਨ ਵੀਡੀਓ ਬਣਾਉਣ ਲੱਗਿਆ, ਤਾਂ ਉਸ ਨੂੰ ਧੱਕਾ ਮਾਰ ਕੇ ਫੋਨ ਖੋਹ ਲਿਆ ਗਿਆ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਹ ਕਰਮਚਾਰੀ ਉਨ੍ਹਾਂ ਤੋਂ 12 ਹਜ਼ਾਰ ਰੁਪਏ ਦੀ ਮੰਗ ਕਰਦਾ ਹੈ ਅਤੇ ਕਹਿੰਦਾ ਹੈ ਕਿ ਜੇ ਇੱਥੇ ਕੰਮ ਕਰਨਾ ਹੈ, ਤਾਂ ਪੈਸੇ ਦੇਣੇ ਹੀ ਪੈਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ ਕੰਮ ਕਰਦਿਆਂ ਚਾਰ ਸਾਲ ਹੋ ਗਏ ਹਨ ਅਤੇ ਉਹ ਸਾਰੇ ਬਹੁਤ ਸਾਫ਼-ਸਫ਼ਾਈ ਅਤੇ ਸ਼ਿਸ਼ਟਤਾ ਨਾਲ ਕੰਮ ਕਰਦੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।
ਇਸ ਸੰਬੰਧੀ ਸੰਪਰਕ ਕਰਨ ’ਤੇ ਨਗਰ ਨਿਗਮ ਤੋਂ ਸੁਪਰਡੈਂਟ ਵਜੋਂ ਰਿਟਾਇਰ ਹੋਏ ਰਘੁਬੀਰ ਸਿੰਘ (ਜਿਨ੍ਹਾਂ ਨੂੰ ਨਗਰ ਨਿਗਮ ਨੇ ਲੇਬਰ ਸੁਪਰਵਾਈਜ਼ਰ ਵਜੋਂ ਤਾਇਨਾਤ ਕੀਤਾ ਹੈ) ਨੇ ਕਿਹਾ ਕਿ ਇਹਨਾਂ ਵਿਅਕਤੀਆਂ ਵੱਲੋਂ ਉਨ੍ਹਾਂ ਉੱਪਰ ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਅਤੇ ਅਜਿਹੀ ਕੋਈ ਗੱਲ ਨਹੀਂ ਹੋਈ।
ਇਸ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰੰਤੂ ਉਨ੍ਹਾਂ ਵੱਲੋਂ ਫੋਨ ਨਾ ਚੁੱਕੇ ਜਾਣ ਕਾਰਨ ਉਨ੍ਹਾਂ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ।