
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਕੂਲ ਕੌਂਸਲਰਜ਼ ਮੀਟ 2025 ਕਰਵਾਇਆ ਗਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਸਤੰਬਰ: ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਕੂਲ ਕੌਂਸਲਰਜ਼ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਵਾਸਤੇ, ਅੱਜ ਐਮੀਟੀ ਯੂਨੀਵਰਸਿਟੀ ਪੰਜਾਬ, ਐਸ.ਏ.ਐਸ. ਨਗਰ ਵਿਖੇ ਸਕੂਲ ਕੌਂਸਲਰਜ਼ ਮੀਟ 2025 ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਰੋਜ਼ਗਾਰ ਤੇ ਉਦਯੋਗ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ ਐਸ.ਏ.ਐਸ. ਨਗਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਐਸ.ਏ.ਐਸ. ਨਗਰ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ, ਜਿਸ ਦਾ ਵਿਸ਼ਾ ਸੀ “ਦ ਫਿਊਚਰ ਆਰਕੀਟੈਕਟਸ”।
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਸਤੰਬਰ: ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਕੂਲ ਕੌਂਸਲਰਜ਼ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਵਾਸਤੇ, ਅੱਜ ਐਮੀਟੀ ਯੂਨੀਵਰਸਿਟੀ ਪੰਜਾਬ, ਐਸ.ਏ.ਐਸ. ਨਗਰ ਵਿਖੇ ਸਕੂਲ ਕੌਂਸਲਰਜ਼ ਮੀਟ 2025 ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਰੋਜ਼ਗਾਰ ਤੇ ਉਦਯੋਗ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ ਐਸ.ਏ.ਐਸ. ਨਗਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਐਸ.ਏ.ਐਸ. ਨਗਰ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ, ਜਿਸ ਦਾ ਵਿਸ਼ਾ ਸੀ “ਦ ਫਿਊਚਰ ਆਰਕੀਟੈਕਟਸ”।
ਇਸ ਸਮਾਗਮ ਵਿੱਚ ਵਿਭਿੰਨ ਖੇਤਰਾਂ ਨਾਲ ਸਬੰਧਿਤ ਮਾਹਰਾਂ ਨੇ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਦੇ ਭਵਿੱਖ, ਮਨੋਵਿਗਿਆਨਕ ਸਿਹਤ ਅਤੇ ਕਰੀਅਰ ਮੌਕਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਨੇ ਸ਼ਮਾਂ ਰੌਸ਼ਨ ਕਰ ਕੇ ਕੀਤੀ।
ਡਾ. ਗਿਨੀ ਦੁੱਗਲ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ), ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੌਂਸਲਰ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਪੁਲ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਸਕੂਲ ਪੱਧਰ ‘ਤੇ ਹੀ ਸਹੀ ਰਾਹਨੁਮਾਈ ਮਿਲੇ ਤਾਂ ਵਿਦਿਆਰਥੀ ਸੋਚ-ਸਮਝ ਕੇ ਆਪਣੇ ਕਰੀਅਰ ਅਤੇ ਜੀਵਨ ਸੰਬੰਧੀ ਫ਼ੈਸਲੇ ਕਰ ਸਕਦੇ ਹਨ।
ਪਰਵਿੰਦਰ ਸਿੰਘ, ਸੀ.ਟੀ.ਓ. ਮਾਸਟਰਜ਼ ਇੰਡੀਆ, ਨੇ ਟੈਕਨੋਲੋਜੀ 'ਤੇ ਆਧਾਰਿਤ ਨਵੀਆਂ ਸੰਭਾਵਨਾਵਾਂ ਅਤੇ ਏ ਆਈ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੌਂਸਲਰਾਂ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਡਿਜੀਟਲ ਹੁਨਰ, ਨਵੀਨਤਾ ਅਤੇ ਉੱਦਮਤਾ ਵੱਲ ਪ੍ਰੇਰਿਤ ਕਰਨ।
ਜਪਨੀਤ ਬਖ਼ਸ਼ੀ, ਕਲਿਨੀਕਲ ਸਾਈਕੋਲੋਜਿਸਟ, ਨੇ ਵਿਦਿਆਰਥੀਆਂ ਵਿੱਚ ਵੱਧ ਰਹੀਆਂ ਮਨੋਵਿਗਿਆਨਕ ਸਮੱਸਿਆਵਾਂ ਅਤੇ ਸਕੂਲਾਂ ਵਿੱਚ ਪੇਸ਼ੇਵਰ ਮਨੋਵਿਗਿਆਨੀਆਂ ਦੀ ਮਦਦ ਦੀ ਲੋੜ ਬਾਰੇ ਗੱਲ ਕੀਤੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਮਨੋਵਿਗਿਆਨਕ ਤੰਦਰੁਸਤੀ ਵਿਦਿਆਰਥੀਆਂ ਦੀ ਆਤਮ-ਵਿਸ਼ਵਾਸ ਅਤੇ ਸਹਿਨਸ਼ੀਲਤਾ ਬਣਾਉਣ ਲਈ ਬਹੁਤ ਮਹੱਤਵਪੂਰਨ ਹੈ।
ਡਾ. ਜਸਪ੍ਰੀਤ ਕੌਰ ਮਜੀਠੀਆ, ਡੀਨ, ਐਮੀਟੀ ਲਾਅ ਸਕੂਲ, ਅਮਿਟੀ ਯੂਨੀਵਰਸਿਟੀ, ਨੇ ਕਾਨੂੰਨੀ ਸਿੱਖਿਆ ਅਤੇ ਪੇਸ਼ਾਵਰ ਮਿਆਰਾਂ ਵਿੱਚ ਆ ਰਹੇ ਬਦਲਾਵਾਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਕੌਂਸਲਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵਿਦਿਆਰਥੀਆਂ ਨੂੰ ਕਾਨੂੰਨ, ਨੀਤੀ ਤੇ ਪ੍ਰਸ਼ਾਸਨ ਵਰਗੇ ਖੇਤਰਾਂ ਵੱਲ ਵੀ ਰਹਿਨੁਮਾਈ ਕਰਨ।
ਮਾਨਿਕ ਰਾਜ ਸਿੰਗਲਾ, ਕਰੀਅਰ ਕੌਂਸਲਰ ਅਤੇ ਕਨਸਲਟੈਂਟ, ਨੇ ਕਰੀਅਰ ਦੇ ਬਦਲਦੇ ਰੁਝਾਨਾਂ 'ਤੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਨਹੀਂ ਸਗੋਂ ਜੀਵਨ-ਕੁਸ਼ਲਤਾ ਤੇ ਅਨੁਕੂਲਤਾ ਨਾਲ ਵੀ ਲੈਸ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਯਦਵਿੰਦਰ ਸਿੰਘ, ਕੈਂਪ ਅਡਜੂਟੈਂਟ, ਸੀ-ਪਾਇਟ, ਨੇ ਅਨੁਸ਼ਾਸਨ, ਲੀਡਰਸ਼ਿਪ ਅਤੇ ਰੱਖਿਆ ਸੇਵਾਵਾਂ ਵਿੱਚ ਨੌਜਵਾਨਾਂ ਲਈ ਮੌਕਿਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਕਰੀਅਰ ਚੁਣਨ ਲਈ ਉਤਸ਼ਾਹਿਤ ਕੀਤਾ ਜੋ ਨਿੱਜੀ ਵਿਕਾਸ ਦੇ ਨਾਲ-ਨਾਲ ਦੇਸ਼ ਸੇਵਾ ਨਾਲ ਵੀ ਜੁੜੇ ਹੋਣ। ਉਨ੍ਹਾਂ ਦੱਸਿਆ ਕਿ ਅਜਿਹੇ ਕੋਰਸਾਂ ਲਈ ਸੀ-ਪਾਇਟ ਕੈਂਪਸ ਵਿਖੇ ਮੁਫ਼ਤ ਕੋਚਿੰਗ ਉਪਲਬਧ ਹੈ।
ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਕੌਂਸਲਰਾਂ, ਅਧਿਆਪਕਾਂ ਅਤੇ ਸਿੱਖਿਆ ਮਾਹਰਾਂ ਨੇ ਭਰਪੂਰ ਸ਼ਮੂਲੀਅਤ ਕੀਤੀ। ਇੰਟਰਐਕਟਿਵ ਸੈਸ਼ਨਾਂ ਦੌਰਾਨ ਵਿਚਾਰ-ਵਟਾਂਦਰੇ ਹੋਏ ਅਤੇ ਵਿਦਿਆਰਥੀਆਂ ਦੀ ਰਹਿਨੁਮਾਈ ਦੇ ਨਵੇਂ ਤਰੀਕਿਆਂ ਤੇ ਵਿਚਾਰ ਚਰਚਾ ਹੋਈ।
ਸਮਾਗਮ ਦੇ ਅੰਤ ਵਿੱਚ ਇਹ ਸੱਦਾ ਦਿੱਤਾ ਗਿਆ ਕਿ ਸਕੂਲ ਕੌਂਸਲਰ ਭਵਿੱਖ ਦੇ ਅਸਲ ਮਾਰਗਦਰਸ਼ਕ ਹਨ ਅਤੇ ਉਨ੍ਹਾਂ ਦੀ ਭੂਮਿਕਾ ਵਿਦਿਆਰਥੀਆਂ ਨੂੰ ਇੱਕ ਵਿਸ਼ਵਾਸਯੋਗ, ਹੁਨਰਮੰਦ ਅਤੇ ਜ਼ਿੰਮੇਵਾਰ ਪੀੜ੍ਹੀ ਵਜੋਂ ਤਿਆਰ ਕਰਨ ਵਿੱਚ ਬਹੁਤ ਹੀ ਅਹਿਮ ਹੈ। ਪ੍ਰੋਗਰਾਮ ਵਿੱਚ ਲਗਭਗ 350 ਸਕੂਲ ਮੁਖੀਆਂ ਤੇ ਸਮੇਤ ਕੌਂਸਲਰਾਂ ਨੇ ਹਿੱਸਾ ਲਿਆ।
ਡਿਪਟੀ ਡਾਇਰੈਕਟਰ, ਰੁਜ਼ਗਾਰ ਉਤਪਤੀ ਅਤੇ ਸਿਖਲਾਈ, ਐਸ ਏ ਐਸ ਨਗਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ, ਰੁਜ਼ਗਾਰ ਉਤਪਤੀ ਅਤੇ ਸਿਖਲਾਈ ਅਧਿਕਾਰੀ, ਸੁਖਮਨ ਮਾਨ ਨੇ ਮੁੱਖ ਬੁਲਾਰਿਆਂ ਨੂੰ ਪ੍ਰਸ਼ੰਸਾ ਪੱਤਰ ਸੌਂਪੇ। ਸ਼ਹੀਦ ਮੇਜਰ ਹਰਮਿੰਦਰ ਸਿੰਘ ਸਰਕਾਰੀ ਕਾਲਜ ਮੋਹਾਲੀ ਦੇ ਪ੍ਰਤੀਨਿਧੀ, ਪ੍ਰੋ. ਰਸ਼ਮੀ ਪ੍ਰਭਾਕਰ, ਸਰਕਾਰੀ ਕਾਲਜ ਡੇਰਾਬੱਸੀ ਤੋਂ ਪ੍ਰੋ. ਮੇਘਨਾ, ਨਬੀਹਾ ਖਾਨ, ਕਰੀਅਰ ਕਾਊਂਸਲਰ, ਰੋਜ਼ੀ ਸਿੰਗਲਾ ਯੰਗ ਪ੍ਰੋਫੈਸ਼ਨਲ, ਗੁਰਪ੍ਰੀਤ ਸੋਢੀ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਵੀ ਮੌਜੂਦ ਸਨ।
