ਵੈਟਨਰੀ ਯੂਨੀਵਰਸਿਟੀ ਨੇ ਸਾਥੀ ਜਾਨਵਰਾਂ ਦੀ ਡਾਇਲਸਿਸ ਇਕਾਈ ਨੂੰ ਕਾਰਜਸ਼ੀਲ ਕਰਨ ਲਈ ਪਾਲਮਪੁਰ ਯੂਨੀਵਰਸਿਟੀ ਨੂੰ ਦਿੱਤਾ ਸਹਿਯੋਗ

ਲੁਧਿਆਣਾ 25 ਅਗਸਤ 2025- ਅਕਾਦਮਿਕ ਸਾਂਝ ਸੰਬੰਧੀ ਸਹਿਯੋਗ ਲੈਣ ਲਈ ਡਾ. ਰਣਧੀਰ ਸਿੰਘ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਚੌਧਰੀ ਸਰਵਣ ਕੁਮਾਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵਵਿਦਿਆਲਯਾ, ਪਾਲਮਪੁਰ ਵਿਖੇ ਸੱਦਾ ਦਿੱਤਾ ਗਿਆ ਸੀ ਜਿਥੇ ਉਨ੍ਹਾਂ ਨੇ ਵੈਟਨਰੀ ਖੇਤਰ ਵਿੱਚ ਗੁਰਦਾ ਵਿਗਿਆਨ ਸੰਬੰਧੀ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ।

ਲੁਧਿਆਣਾ 25 ਅਗਸਤ 2025- ਅਕਾਦਮਿਕ ਸਾਂਝ ਸੰਬੰਧੀ ਸਹਿਯੋਗ ਲੈਣ ਲਈ ਡਾ. ਰਣਧੀਰ ਸਿੰਘ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਚੌਧਰੀ ਸਰਵਣ ਕੁਮਾਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵਵਿਦਿਆਲਯਾ, ਪਾਲਮਪੁਰ ਵਿਖੇ ਸੱਦਾ ਦਿੱਤਾ ਗਿਆ ਸੀ ਜਿਥੇ ਉਨ੍ਹਾਂ ਨੇ ਵੈਟਨਰੀ ਖੇਤਰ ਵਿੱਚ ਗੁਰਦਾ ਵਿਗਿਆਨ ਸੰਬੰਧੀ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ।
          ਆਪਣੇ ਇਸ ਦੌਰੇ ਦੌਰਾਨ ਡਾ. ਰਣਧੀਰ ਸਿੰਘ ਨੇ ਉਸ ਯੂਨੀਵਰਸਿਟੀ ਵਿਖੇ ਸਥਾਪਿਤ ਜਾਨਵਰਾਂ ਦੀ ਡਾਇਲਸਿਸ ਇਕਾਈ ਨੂੰ ਕਾਰਜਸ਼ੀਲ ਕਰਨ ਅਤੇ ਸੁਚੱਜੇ ਤਰੀਕੇ ਨਾਲ ਚਲਾਉਣ ਲਈ ਬਹੁਤ ਅਹਿਮ ਯੋਗਦਾਨ ਪਾਇਆ। ਦੱਸਣਯੋਗ ਹੈ ਕਿ ਇਹ ਹਿਮਾਚਲ ਪ੍ਰਦੇਸ਼ ਦਾ ਇਸ ਕਿਸਮ ਦਾ ਪਹਿਲਾ ਡਾਇਲਸਿਸ ਯੂਨਿਟ ਹੈ। 
ਉਨ੍ਹਾਂ ਨੇ ਜਿਥੇ ਡਾਕਟਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਵਿਹਾਰਕ ਪ੍ਰਦਰਸ਼ਨ ਨਾਲ ਡਾਇਲਸਿਸ ਦੀ ਹਰੇਕ ਬਾਰੀਕੀ ਸੰਬੰਧੀ ਦੱਸਿਆ ਉਥੇ ਉਨ੍ਹਾਂ ਨੇ ਦੋ ਵਿਸ਼ੇਸ਼ ਮੁਹਾਰਤ ਭਾਸ਼ਣ ਵੀ ਦਿੱਤੇ। 
ਇਨ੍ਹਾਂ ਭਾਸ਼ਣਾਂ ਦਾ ਵਿਸ਼ਾ ਸੀ ‘ਕੁੱਤਿਆਂ ਦੀਆਂ ਗੁਰਦਿਆਂ ਸੰਬੰਧੀ ਬਿਮਾਰੀਆਂ ਦਾ ਨਿਵਾਰਣ ਅਤੇ ਇਲਾਜ ਬਾਰੇ ਸਬੂਤ ਆਧਾਰਿਤ ਪਹੁੰਚ’ ਅਤੇ ‘ਸੰਕਟ ਤੋਂ ਬਚਾਅ ਲਈ ਸਾਥੀ ਜਾਨਵਰਾਂ ਦੇ ਡਾਇਲਸਿਸ ਸੰਬੰਧੀ ਨੀਤੀਆਂ’।
          ਇਸ ਅਹਿਮ ਯੋਗਦਾਨ ’ਤੇ ਮਾਣ ਮਹਿਸੂਸ ਕਰਦਿਆਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਇਹ ਸਾਡੇ ਲਈ ਫ਼ਖ਼ਰ ਵਾਲੀ ਗੱਲ ਹੈ ਕਿ ਸਾਡੇ ਅਧਿਆਪਕ ਆਪਣੀ ਯੂਨੀਵਰਸਿਟੀ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਦੂਸਰੀਆਂ ਯੂਨੀਵਰਸਿਟੀਆਂ ਵਿੱਚ ਵੀ ਅਹਿਮ ਮਾਹਿਰ ਭੂਮਿਕਾ ਨਿਭਾ ਰਹੇ ਹਨ।
 ਉਨ੍ਹਾਂ ਕਿਹਾ ਕਿ ਇਸ ਨਾਲ ਸਾਡੀ ਸੰਸਥਾ ਵੱਲੋਂ ਕੌਮੀ ਪੱਧਰ ’ਤੇ ਸੇਵਾਵਾਂ ਦੇਣ ਦੀ ਪ੍ਰਤਿਬੱਧ ਪਹੁੰਚ ਦੀ ਵੀ ਪੁਸ਼ਟੀ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਡਾਇਲਸਿਸ ਇਕਾਈ ਦੇ ਚਾਲੂ ਹੋਣ ਨਾਲ ਹਿਮਾਚਲ ਪ੍ਰਦੇਸ਼ ਦੇ ਵਸਨੀਕਾਂ ਨੂੰ ਵੈਟਨਰੀ ਇਲਾਜ ਵਿੱਚ ਬਹੁਤ ਫਾਇਦਾ ਹੋਵੇਗਾ।
          ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ ਵੈਟਨਰੀ ਸਾਇੰਸ ਨੇ ਕਿਹਾ ਕਿ ਵੈਟਨਰੀ ਸੇਵਾਵਾਂ ਵਿੱਚ ਯੂਨੀਵਰਸਿਟੀ ਅਹਿਮ ਯੋਗਦਾਨ ਪਾ ਰਹੀ ਹੈ, ਜੋ ਇਸੇ ਢੰਗ ਨਾਲ ਰਾਸ਼ਟਰੀ ਪੱਧਰ ’ਤੇ ਜਾਰੀ ਰਹੇਗਾ।
          ਡਾ. ਜਤਿੰਦਰ ਮੋਹਿੰਦਰੂ, ਨਿਰਦੇਸ਼ਕ ਵੈਟਨਰੀ ਹਸਪਤਾਲ ਨੇ ਕਿਹਾ ਕਿ ਡਾ. ਰਣਧੀਰ ਸਿੰਘ ਦੀ ਮੁਹਾਰਤ  ਨੇ ਇਕ ਮਿਸਾਲੀ ਕੰਮ ਕੀਤਾ ਹੈ ਜਿਸ ਨਾਲ ਅਕਾਦਮਿਕ ਵਟਾਂਦਰੇ ਸੰਬੰਧੀ ਸਹਿਯੋਗ ਅਤੇ ਵੈਟਨਰੀ ਸਿੱਖਿਆ ਖੇਤਰ ਵਿੱਚ ਯੂਨੀਵਰਸਿਟੀ ਦਾ ਸਿਰ ਉੱਚਾ ਹੋਇਆ ਹੈ।