ਸੂਬਾ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਪਾਲਿਸੀ ਪੰਜਾਬ ਨੂੰ ਪੱਥਰਾਂ ਦਾ ਸ਼ਹਿਰ ਬਣਾਉਣ ਵਾਲੀ : ਪ੍ਰੋ ਚੰਦੂਮਾਜਰਾ

ਐਸ ਏ ਐਸ ਨਗਰ, 30 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ‘ਆਪ’ ਸਰਕਾਰ ਵੱਲੋਂ ਬਣਾਈ ‘ਲੈਂਡ ਪੂਲਿੰਗ ਪਾਲਿਸੀ’ ਹਰਿਆਲੀ ਅਤੇ ਖੁਸ਼ਹਾਲੀ ਦੇ ਨਾਂ ਨਾਲ ਜਾਣੇ ਜਾਂਦੇ ਪੰਜਾਬ ਸੂਬੇ ਨੂੰ ਪੱਥਰਾਂ ਅਤੇ ਮਾਰਬਲ ਦਾ ਸ਼ਹਿਰ ਬਣਾ ਦੇਵੇਗੀ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸਰਕਾਰ ਦੀ ਇਹ ਸਕੀਮ ਪੰਜਾਬ ਦੀ ਉਪਜਾਊ ਜ਼ਮੀਨ ਉੱਤੇ ਉੱਚੀਆਂ ਇਮਾਰਤਾਂ ਤੇ ਕਾਲੋਨੀਆਂ ਬਣਾ ਕੇ ਬਾਹਰੀ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵਸਾਉਣ ਦੀ ਸਾਜ਼ਿਸ਼ ਹੈ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਬੇਲੋੜੀਆਂ ਸੜਕਾਂ ਦਾ ਵਸਾਇਆ ਜਾ ਰਿਹਾ ਜਾਲ ਸੂਬੇ ਦੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਬੇਜ਼ਮੀਨੇ ਕਰ ਰਿਹਾ ਹੈ। ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਆਪਣੇ ਪਿੰਡ ਦੀਆਂ ਜ਼ਮੀਨਾਂ ਵਿੱਚ ਬਣੀਆਂ ਸੜਕਾਂ ਤੇ ਖੁਦ ਮਾਲਕ ਚੜ੍ਹ ਨਹੀਂ ਸਕਦੇ ਅਤੇ ਕੇਵਲ ਵੱਡੀਆਂ-ਵੱਡੀਆਂ ਗੱਡੀਆਂ ਜਾਂਦੀਆਂ ਦੇਖ ਸਕਦੇ ਹਨ।
ਉਹਨਾਂ ਕਿਹਾ ਕਿ ਸੜਕਾਂ ਅਤੇ ਹਾਈਵੇ ਨਿਕਲਣ ਦੇ ਨਾਂ ਉੱਤੇ ਜ਼ਮੀਨਾਂ ਦੀਆਂ ਕੀਮਤਾਂ ਵਿੱਚ ਹੋਇਆ ਮਾਮੂਲੀ ਵਾਧਾ ਪੰਜਾਬ ਦੇ ਉਜਾੜੇ ਦਾ ਕਾਰਨ ਬਣ ਰਿਹਾ ਹੈ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਮੁਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਲੁਧਿਆਣਾ ਆਦਿ ਸ਼ਹਿਰਾਂ ਦੇ ਘੇਰੇ ਵਸੇ ਪਿੰਡਾਂ ਦੀ ਜ਼ਮੀਨ ਨੂੰ ਨਵੀਂ ਭੂਮੀ ਗ੍ਰਹਿਣ ਨੀਤੀ ਜ਼ਰੀਏ ਐਕੁਆਇਰ ਕਰਨ ਵਾਲੀ ਨੀਅਤ ਸੂਬੇ ਦੀ ਬਰਬਾਦੀ ਦਾ ਕਾਰਨ ਬਣੇਗੀ। ਉਹਨਾਂ ਇਸ ਨੀਤੀ ਨੂੰ ਵਾਤਾਵਰਨ ਲਈ ਵੀ ਖਤਰਨਾਕ ਦੱਸਿਆ, ਜਿਸ ਨਾਲ ਪੰਜਾਬ ਦੇ ਲੱਖਾਂ ਰੁੱਖਾਂ ਨੂੰ ਵੀ ਕੱਟਿਆ ਜਾਵੇਗਾ।