
ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਦਾ ਪਹਿਲਾ ਸਿੱਖ ਮੰਤਰੀ ਬਣਨ 'ਤੇ ਦਿੱਤੀਆਂ ਵਧਾਈਆਂ
ਪਟਿਆਲਾ, 8 ਮਾਰਚ - ਭਾਰਤ ਨਾਲ ਸੰਬੰਧਿਤ ਬਹੁਤ ਸਾਰੇ ਬੁੱਧੀਜੀਵੀਆਂ ਅਤੇ ਸ਼ਖ਼ਸੀਅਤਾਂ ਨੇ ਸ. ਰਮੇਸ਼ ਸਿੰਘ ਅਰੋੜਾ ਦੇ ਲਹਿੰਦੇ ਪੰਜਾਬ (ਪਾਕਿਸਤਾਨ ਸੂਬਾ) ਵਿੱਚ ਪਹਿਲੇ ਸਿੱਖ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਦੀਆਂ ਮੁਬਾਰਕਾਂ ਦਿੱਤੀਆਂ ਹਨ।
ਪਟਿਆਲਾ, 8 ਮਾਰਚ - ਭਾਰਤ ਨਾਲ ਸੰਬੰਧਿਤ ਬਹੁਤ ਸਾਰੇ ਬੁੱਧੀਜੀਵੀਆਂ ਅਤੇ ਸ਼ਖ਼ਸੀਅਤਾਂ ਨੇ ਸ. ਰਮੇਸ਼ ਸਿੰਘ ਅਰੋੜਾ ਦੇ ਲਹਿੰਦੇ ਪੰਜਾਬ (ਪਾਕਿਸਤਾਨ ਸੂਬਾ) ਵਿੱਚ ਪਹਿਲੇ ਸਿੱਖ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਦੀਆਂ ਮੁਬਾਰਕਾਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਹੈ ਕਿ ਸ. ਰਮੇਸ਼ ਸਿੰਘ ਅਰੋੜਾ ਪੜੇ-ਲਿਖੇ, ਸੂਝਵਾਨ ਅਤੇ ਬਹੁਤ ਮਿਲਾਪੜੇ ਸੁਭਾਅ ਦੇ ਮਾਲਕ ਹਨ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਅਤੇ ਪ੍ਰੋਫੈਸਰ ਡਾ. ਜਸਬੀਰ ਕੌਰ ਅਤੇ ਸਿੱਖ ਵਿਸ਼ਵਕੋਸ਼ ਵਿਭਾਗ ਦੇ ਪ੍ਰੋਫੈਸਰ ਪਰਮਵੀਰ ਸਿੰਘ ਨੇ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਸ. ਅਰੋੜਾ ਪਕਿਸਤਾਨ ਦੀਆਂ ਘੱਟ ਗਿਣਤੀਆਂ ਨੂੰ ਉਪਰ ਚੁੱਕਣ ਅਤੇ ਉਹਨਾਂ ਦੀ ਭਲਾਈ ਦੇ ਕਾਰਜ ਕਰਨ ਲਈ ਵਿਸ਼ੇਸ਼ ਯਤਨ ਕਰਨਗੇ। ਡਾ. ਕਸ਼ਮੀਰ ਸਿੰਘ ਨੇ ਕਿਹਾ ਹੈ ਕਿ ਸ. ਅਰੋੜਾ ਭਾਰਤ-ਪਕਿਸਤਾਨ ਸੰਬੰਧਾਂ ਨੂੰ ਚੰਗਾ ਬਣਾਉਣ ਵਿੱਚ ਉਘੀ ਭੂਮਿਕਾ ਨਿਭਾਉਣ ਦਾ ਯਤਨ ਕਰਨਗੇ। ਭਾਰਤ ਪਾਕਿਸਤਾਨ ਦੇ ਅਵਾਮ ਦੀ ਦਿਲੀ ਸਾਂਝ ਹੀ ਦੋਵਾਂ ਦੇਸ਼ਾਂ ਅੰਦਰ ਇਕ ਉਸਾਰੂ, ਸੁਖਾਵਾਂ, ਸ਼ਾਂਤਮਈ ਅਤੇ ਪਿਆਰ ਭਰਿਆ ਮਾਹੌਲ ਸਿਰਜ ਸਕਦੀ ਹੈ। ਇਸ ਕਰਕੇ ਦੋਵਾਂ ਦੇਸ਼ਾਂ ਦੇ ਅਵਾਮ ਨੂੰ ਇਕ ਦੂਜੇ ਦੇ ਦੇਸ਼ ਜਾਣ ਆਉਣ ਲਈ ਵੀਜ਼ਾ ਪ੍ਰਣਾਲੀ ਆਸਾਨ ਬਣਾਉਣੀ ਚਾਹੀਦੀ ਹੈ। ਇਸ ਮੌਕੇ ਪ੍ਰੋਫੈਸਰ ਗੁਲਜ਼ਾਰ ਸਿੰਘ ਸੰਧੂ, ਪ੍ਰੋਫੈਸਰ ਸੁਰਜੀਤ ਸਿੰਘ ਭੱਟੀ, ਡਾ. ਜਸਪਾਲ ਕੌਰ ਕਾਂਗ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਪ੍ਰੋਫੈਸਰ ਮਲਕਿੰਦਰ ਕੌਰ, ਸਾਬਕਾ ਡੀਨ ਪ੍ਰੋਫੈਸਰ ਜਗਰੂਪ ਕੌਰ, ਡਾ ਜਸਵਿੰਦਰ ਕੌਰ, ਡਾ. ਰਮਨਪ੍ਰੀਤ ਕੌਰ, ਡਾ. ਬਲਵਿੰਦਰ ਜੀਤ ਕੌਰ ਭੱਟੀ, ਪ੍ਰੋਫੈਸਰ ਰਣਜੀਤ ਸਿੰਘ, ਡਾ. ਹਰਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਇਕੱਤਰ ਹੋਏ ਪੰਜਾਬੀ ਸਾਹਿਤ, ਸੰਗੀਤ, ਗੁਰਮਤਿ ਦੇ ਪ੍ਰੇਮੀ ਬੁੱਧੀਜੀਵੀਆਂ, ਸਾਹਿਤਕਾਰਾਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਰਲ ਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਸ. ਰਮੇਸ਼ ਸਿੰਘ ਅਰੋੜਾ ਨੂੰ ਇਤਿਹਾਸਕ ਕਾਰਜ ਕਰਨ ਅਤੇ ਦੋਵਾਂ ਦੇਸ਼ਾਂ ਦੇ ਹਰ ਤਰ੍ਹਾਂ ਨਾਲ ਸੁਖਾਵੇਂ ਸਬੰਧ ਬਣਾਉਣ ਲਈ ਬਲ ਬਖਸ਼ਣ। ਇਸ ਸਮੇਂ ਇਹ ਵੀ ਆਸ ਪ੍ਰਗਟਾਈ ਗਈ ਕਿ ਹੁਣ ਪਾਕਿਸਤਾਨ ਵਿਚਲੇ ਬੰਦ ਪਏ ਸਿੱਖ ਇਤਿਹਾਸਕ ਗੁਰਦੁਆਰਿਆਂ ਅਤੇ ਅਸਥਾਨਾਂ ਨੂੰ ਖੋਲ੍ਹਣ ਅਤੇ ਉਹਨਾਂ ਦੀ ਸੁਰੱਖਿਆ, ਸੇਵਾ ਸੰਭਾਲ ਅਤੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਯਤਨ ਕੀਤੇ ਜਾਣਗੇ।
