ਬਲੌਂਗੀ ਵਿੱਚ ਚਾਕੂ ਮਾਰ ਕੇ ਨੌਜਵਾਨ ਦਾ ਕਤਲ, ਪੰਜ ਨਾਬਾਲਗ ਗ੍ਰਿਫਤਾਰ

ਬਲੌਂਗੀ, 15 ਮਾਰਚ- ਬੀਤੇ ਕੱਲ੍ਹ ਹੋਲੀ ਵਾਲੇ ਦਿਨ ਦੁਪਹਿਰ 1 ਵਜੇ ਦੇ ਕਰੀਬ ਨਾਬਾਲਗ ਮੁੰਡਿਆਂ ਦੇ ਇੱਕ ਗਰੁੱਪ ਵੱਲੋਂ ਬਲੌਂਗੀ ਵਸਨੀਕ ਆਕਾਸ਼ ਪੁੱਤਰ ਰਾਜਿੰਦਰ (ਉਮਰ 17 ਸਾਲ) ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਮੁੰਡਿਆਂ ਦਾ 2 ਦਿਨ ਪਹਿਲਾਂ ਆਕਾਸ਼ ਨਾਲ ਲੜਾਈ ਝਗੜਾ ਹੋਇਆ ਸੀ ਜਿਸ ਦੀ ਰੰਜਿਸ਼ ਕਾਰਨ ਇਹਨਾਂ ਵੱਲੋਂ ਹੋਲੀ ਦੇ ਤਿਉਹਾਰ ਮੌਕੇ ਆਕਾਸ਼ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਹਾਲਾਂਕਿ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਬਲੌਂਗੀ ਪੁਲੀਸ ਵੱਲੋਂ ਨਾਕਾਬੰਦੀ ਵੀ ਕੀਤੀ ਗਈ ਸੀ ਪਰੰਤੂ ਹਮਲਾਵਰਾਂ ਵੱਲੋਂ ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਗਈ। ਹਮਲਾਵਰਾਂ ਵੱਲੋਂ ਬਲੌਂਗੀ ਪਾਣੀ ਦੀ ਟੈਂਕੀ ਨੇੜੇ ਆਕਾਸ਼ ਦੀ ਪਿੱਠ 'ਤੇ ਚਾਕੂ ਨਾਲ ਵਾਰ ਕੀਤਾ ਗਿਆ।
ਚਾਕੂ ਲੱਗਣ ਤੋਂ ਬਾਅਦ ਜਖ਼ਮੀ ਆਕਾਸ਼ ਆਪਣੀ ਜਾਨ ਬਚਾਉਣ ਲਈ ਸੜਕ 'ਤੇ ਭੱਜਿਆ ਪਰੰਤੂ ਥੋੜ੍ਹੀ ਦੂਰ ਜਾ ਕੇ ਜ਼ਮੀਨ 'ਤੇ ਡਿੱਗ ਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਸੜਕ 'ਤੇ ਡਿੱਗੇ ਪਏ ਆਕਾਸ਼ ਨੂੰ ਉਸਦੇ ਪਰਿਵਾਰ ਵੱਲੋਂ ਮੁਹਾਲੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਿਊਟੀ 'ਤੇ ਮੌਜੂਦ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਸੰਪਰਕ ਕਰਨ 'ਤੇ ਬਲੌਂਗੀ ਥਾਣੇ ਦੇ ਐਸ ਐਚ ਓ ਅਮਨਦੀਪ ਕੰਬੋਜ ਨੇ ਦੱਸਿਆ ਕਿ ਆਕਾਸ਼ ਨਾਮ ਦੇ ਇਸ ਨੌਜਵਾਨ 'ਤੇ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ 5 ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਹੜੇ ਨਾਬਾਲਗ ਹਨ। ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਇਹਨਾਂ ਮੁੰਡਿਆਂ ਦੀ ਲੜਾਈ ਹੋਈ ਸੀ, ਜਿਸ 'ਤੇ ਇਹਨਾਂ ਮੁੰਡਿਆਂ ਨੇ ਹੋਲੀ ਵਾਲੇ ਦਿਨ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਹਾਲੇ ਤਫਤੀਸ਼ ਜਾਰੀ ਹੈ ਅਤੇ ਹੋਰ ਵੀ ਮੁੰਡਿਆਂ ਦਾ ਸ਼ਾਮਿਲ ਹੋਣ ਦੀ ਸੰਭਾਵਨਾ ਹੈ।