ਤਲਵੰਡੀ ਸੱਲਾਂ ਦਲਿਤ ਕਤਲਕਾਂਡ ਦੇ ਸਾਰੇ ਕਸੂਰਵਾਰਾਂ ਨੂੰ ਸਲਾਖਾਂ ਪਿੱਛੇ ਕਰਵਾਉਣ ਲਈ ਰੋਸ ਮੁਜ਼ਾਹਰਾ - ਘੁੱਗਸ਼ੋਰ

ਹੁਸ਼ਿਆਰਪੁਰ - ਨੇੜਲੇ ਪਿੰਡ ਤਲਵੰਡੀ ਸੱਲਾਂ ਵਿਖੇ ਵਾਪਰੇ ਸਾਹਿਲ ਕਤਲਕਾਂਡ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਬਦਲਾਅ ਵਾਲੀ ਸਰਕਾਰ ਅਤੇ ਪ੍ਰਸ਼ਾਸਨ ਦੇ ਬੇਜ਼ਮੀਨੇ ਦਲਿਤ ਮਜ਼ਦੂਰਾਂ ਪ੍ਰਤੀ ਧਾਰਨ ਕੀਤੇ ਹੋਏ ਵਤੀਰੇ ਖਿਲਾਫ਼ ਅੱਜ ਰੋਸ ਮੁਜ਼ਾਹਰਾ ਕੀਤਾ ਗਿਆ।

ਹੁਸ਼ਿਆਰਪੁਰ - ਨੇੜਲੇ ਪਿੰਡ ਤਲਵੰਡੀ ਸੱਲਾਂ ਵਿਖੇ ਵਾਪਰੇ ਸਾਹਿਲ ਕਤਲਕਾਂਡ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਬਦਲਾਅ ਵਾਲੀ ਸਰਕਾਰ ਅਤੇ ਪ੍ਰਸ਼ਾਸਨ ਦੇ ਬੇਜ਼ਮੀਨੇ ਦਲਿਤ ਮਜ਼ਦੂਰਾਂ ਪ੍ਰਤੀ ਧਾਰਨ ਕੀਤੇ ਹੋਏ ਵਤੀਰੇ ਖਿਲਾਫ਼ ਅੱਜ ਰੋਸ ਮੁਜ਼ਾਹਰਾ ਕੀਤਾ ਗਿਆ।
ਮੁਜ਼ਾਹਰਾਕਾਰੀ ਇਸ ਤੋਂ ਪਹਿਲਾਂ ਸਥਾਨਕ ਦਾਣਾਮੰਡੀ ਚ ਇਕੱਠੇ ਹੋਏ ਜਿੱਥੋਂ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ। ਜਾਜਾ ਬਾਈਪਾਸ ਚੌਂਕ ਵਿਖੇ ਪ੍ਰਸ਼ਾਸਨ ਵਲੋਂ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਤਿੰਨ ਦਿਨ ਦੇ ਅੰਦਰ ਅੰਦਰ ਰਹਿੰਦੇ ਕਸੂਰਵਾਰਾਂ ਨੂੰ ਸਲਾਖਾਂ ਪਿੱਛੇ ਬੰਦ ਕਰਨ, ਸਰਕਾਰ ਤਰਫ਼ੋਂ ਕਾਨੂੰਨ ਅਨੁਸਾਰ ਪੀੜਤ ਪਰਿਵਾਰ ਦੀ ਮਾਲੀ ਮਦਦ ਕਰਨ ਅਤੇ ਪਰਿਵਾਰ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ। ਮਸਲੇ ਦੇ ਹੱਲ ਲਈ ਐੱਸ.ਡੀ.ਐੱਮ.ਦਸੂਹਾ ਅਤੇ ਡੀ.ਐੱਸ.ਪੀ. ਟਾਂਡਾ ਕੁਲਵੰਤ ਸਿੰਘ ਨੇ ਇੱਕ ਘੰਟੇ ਤੋਂ ਵੱਧ ਸਮਾਂ ਆਗੂਆਂ ਨਾਲ ਮੀਟਿੰਗ ਕੀਤੀ ਪ੍ਰੰਤੂ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਯੂਨੀਅਨ ਵਲੋਂ ਪਰਿਵਾਰ ਦੀ ਸਹਿਮਤੀ ਨਾਲ ਯੂਨੀਅਨ ਨੇ 19 ਜਨਵਰੀ ਨੂੰ ਡੈੱਡਬਾਡੀ ਸਮੇਤ ਪੱਕੇ ਤੌਰ ਉੱਤੇ ਸੜਕ ਉੱਪਰ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ ਅਤੇ ਤਹਿਸੀਲ ਆਗੂ ਨਾਵਲ ਗਿੱਲ ਟਾਹਲੀ ਨੇ ਲੰਘੀ ਕੱਲ੍ਹ ਪੀੜਤ ਪਰਿਵਾਰ ਪਾਸ ਪੁੱਜ ਕੇ ਹਲਕਾ ਵਿਧਾਇਕ ਵਲੋਂ ਮਸਲੇ ਉੱਤੇ ਮਿੱਟੀ ਪਾਉਣ ਦਾ ਜ਼ੋਰ ਲਗਾਉਂਦੇ ਹੋਏ ਪੇਂਡੂ ਮਜ਼ਦੂਰ ਆਗੂਆਂ ਨਾਲ ਤੂੰ ਤੜੱਕ ਕਰਨ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਟਾਹਰਾ ਭਾਰਤ ਵਿਸ਼ਵ ਗੁਰੂ ਬਨਣ ਦੀਆਂ ਅਤੇ ਤਕਨਾਲੌਜੀ ਨਾਲ ਲੈੱਸ 21 ਵੀਂ ਸਦੀ ਦੀਆਂ ਕੀਤੀਆਂ ਜਾ ਰਹੀਆਂ ਪ੍ਰੰਤੂ ਅਮਲਦਾਰੀ 17 ਵੀਂ ਸਦੀ ਵਾਲੀ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਪਾਸ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਵਲੋਂ ਬੋਲ਼ੇ ਗਏ ਬੋਲ ਸਾਬਿਤ ਕਰਦੇ ਹਨ ਇਨਸਾਫ਼ ਦੇ ਰਸਤੇ ਵਿੱਚ ਉਹ ਰੁਕਾਵਟ ਹਨ। ਇਸ ਕਰਕੇ ਹੀ ਪਰਿਵਾਰ ਆਪਣੇ ਜਿਗਰ ਦੇ ਟੁਕੜੇ ਨੌਜਵਾਨ ਦੀ ਡੈੱਡ ਬਾਡੀ ਕੋਲ਼ ਰੱਖ ਕੇ ਬੈਠੇ ਇਨਸਾਫ਼ ਮੰਗ ਰਹੇ ਹਨ। ਪ੍ਰੰਤੂ ਅੱਜ ਤੱਕ ਪੁਲਿਸ ਵਲੋਂ ਸਾਰੇ ਕਸੂਰਵਾਰਾਂ ਨੂੰ ਸਲਾਖਾਂ ਪਿੱਛੇ ਨਹੀਂ ਕੀਤਾ ਗਿਆ। ਕਾਨੂੰਨ ਅਨੁਸਾਰ ਪਰਿਵਾਰ ਦੀ ਮਾਲੀ ਮੱਦਦ ਦਾ ਕੇਸ ਪ੍ਰਦਰਸ਼ਨ ਉਪਰੰਤ ਅੱਜ ਭੇਜਿਆ ਗਿਆ ਅਤੇ ਪ੍ਰਸ਼ਾਸਨ ਮੰਗਾਂ ਦੀ ਪੂਰਤੀ ਲਈ ਹੋਰ ਸਮਾਂ ਮੰਗ ਰਿਹਾ ਹੈ। ਇਸ ਮੌਕੇ ਪੀੜ੍ਹਤ ਪਰਿਵਾਰ ਨੇ ਮੰਗਾਂ ਦੇ ਨਿਪਟਾਰੇ ਤੱਕ ਸੰਘਰਸ਼ ਜਾਰੀ ਰੱਖਣ ਅਤੇ ਮ੍ਰਿਤਕ ਨੌਜਵਾਨ ਦਾ ਸੰਸਕਾਰ ਉਨੀਂ ਦੇਰ ਨਾ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਗਾਰੰਟੀਆਂ ਵਾਲੀ ਸਰਕਾਰ ਦੇ ਰਾਜ ਵਿੱਚ ਬੇਜ਼ਮੀਨੇ ਦਲਿਤਾਂ ਉੱਪਰ ਅੱਤਿਆਚਾਰ ਬੇਰੋਕ ਜਾਰੀ ਹਨ। ਨਸ਼ਾ, ਗੈਂਗਵਾਦ ਖ਼ਤਮ ਕਰਨ ਦੀ ਥਾਂ ਇਸਨੂੰ ਸਰਕਾਰੀ ਸਰਪ੍ਰਸਤੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਲੋਕ ਦੋਖੀ, ਲੋਕ ਮਾਰੂ ਪ੍ਰਬੰਧ ਹੀ ਸਾਹਿਲ ਕਤਲਕਾਂਡ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਰਕਾਰੀ ਮਸ਼ੀਨਰੀ ਪੀੜ੍ਹਤ ਪਰਿਵਾਰ ਨੂੰ ਨਿਆਂ ਦਿਵਾਉਣ ਦੀ ਥਾਂ ਇਸ ਮਸਲੇ ਉੱਪਰ ਮਿੱਟੀ ਪਾਉਣਾ ਚਾਹੁੰਦੀ ਹੈ। ਜਿਸ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਪੀੜ੍ਹਤ ਪਰਿਵਾਰ ਨੂੰ ਹਰ ਹਾਲ ਇਨਸਾਫ਼ ਦੁਆ ਕੇ ਹੀ ਦਮ ਲਿਆ ਜਾਵੇਗਾ। ਇਸ ਮੌਕੇ ਯੂਨੀਅਨ ਆਗੂ ਅਮਰੀਕ ਸਿੰਘ ਅਤੇ ਦਲੀਪ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।