ਜਿਮਖਾਨਾ ਕਲੱਬ ਦੀ ਚੋਣ ਭਲਕੇ, ਮੈਂਬਰਾਂ ਨੂੰ ਰਿਝਾਉਣ ਲਈ ਮੀਟਿੰਗਾਂ-ਪਾਰਟੀਆਂ ਦਾ ਸਿਲਸਿਲਾ ਜਾਰੀ

ਪਟਿਆਲਾ, 28 ਦਸੰਬਰ - ਪ੍ਰਸਿੱਧ ਰਾਜਿੰਦਰਾ ਜਿਮਖਾਨਾ ਕਲੱਬ ਦੀ 30 ਦਸੰਬਰ ਨੂੰ ਹੋ ਰਹੀ ਵੱਕਾਰੀ ਚੋਣ ਲਈ ਸਰਗਰਮੀਆਂ ਆਪਣੀ ਚਰਮ ਸੀਮਾ 'ਤੇ ਪਹੁੰਚ ਗਈਆਂ ਹਨ। ਦੋਂਵੇਂ, ਗੁਡਵਿੱਲ ਗਰੁੱਪ ਤੇ ਯੂਨਾਇਟਿਡ ਪ੍ਰੋਗਰੈਸਿਵ ਗਰੁੱਪ, ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਵੱਖ ਵੱਖ ਐਸੋਸੀਏਸ਼ਨਾਂ ਅਤੇ ਸੰਸਥਾਵਾਂ ਨਾਲ ਮੀਟਿੰਗਾਂ ਅਤੇ ਪਾਰਟੀਆਂ ਦਾ ਸਿਲਸਿਲਾ ਜਾਰੀ ਹੈ।

ਪਟਿਆਲਾ, 28 ਦਸੰਬਰ - ਪ੍ਰਸਿੱਧ ਰਾਜਿੰਦਰਾ ਜਿਮਖਾਨਾ ਕਲੱਬ ਦੀ 30 ਦਸੰਬਰ ਨੂੰ ਹੋ ਰਹੀ ਵੱਕਾਰੀ ਚੋਣ ਲਈ ਸਰਗਰਮੀਆਂ ਆਪਣੀ ਚਰਮ ਸੀਮਾ 'ਤੇ ਪਹੁੰਚ ਗਈਆਂ ਹਨ। ਦੋਂਵੇਂ, ਗੁਡਵਿੱਲ ਗਰੁੱਪ ਤੇ ਯੂਨਾਇਟਿਡ ਪ੍ਰੋਗਰੈਸਿਵ ਗਰੁੱਪ, ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਵੱਖ ਵੱਖ ਐਸੋਸੀਏਸ਼ਨਾਂ ਅਤੇ ਸੰਸਥਾਵਾਂ ਨਾਲ ਮੀਟਿੰਗਾਂ ਅਤੇ ਪਾਰਟੀਆਂ ਦਾ ਸਿਲਸਿਲਾ ਜਾਰੀ ਹੈ। 
ਯੂਨਾਇਟਿਡ ਪ੍ਰੋਗਰੈਸਿਵ ਗਰੁੱਪ ਦੇ ਸਕੱਤਰ ਲਈ ਉਮੀਦਵਾਰ ਹਰਪ੍ਰੀਤ ਸਿੰਘ ਸੰਧੂ ਨੇ ਭਾਵੇਂ ਗੁਡਵਿੱਲ ਗਰੁਪ ਦੇ ਡਾ. ਸੁਧੀਰ ਵਰਮਾ ਦੀ ਅਗਵਾਈ ਹੇਠਲੀ ਪਿਛਲੀ ਟੀਮ 'ਤੇ ਕਲੱਬ ਨੂੰ ਘਾਟੇ ਵਿੱਚ ਲਿਜਾਣ ਦੇ ਦੋਸ਼ ਲਾਏ ਹਨ ਪਰ ਡਾ. ਸੁਧੀਰ ਵਰਮਾ, ਜੋ ਇਸ ਚੋਣ ਲਈ ਸਕੱਤਰ ਵਜੋਂ ਉਮੀਦਵਾਰ ਵੀ ਹਨ, ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਦੋਸ਼ ਬੇਤੁਕੇ ਹਨ ਤੇ ਕਲੱਬ ਮੈਂਬਰ ਜਾਣਦੇ ਹਨ ਕਿ ਉਨ੍ਹਾਂ ਦੀ ਟੀਮ ਨੇ ਉਸ ਵੇਲੇ ਕੋਵਿਡ ਸੰਕਟ ਦੇ ਬਾਵਜੂਦ ਕਿਵੇਂ 8 ਮਹੀਨਿਆਂ ਵਿੱਚ 18 ਪ੍ਰੋਜੈਕਟਾਂ ਨੂੰ ਸਿਰੇ ਚੜ੍ਹਾਇਆ। ਉਨ੍ਹਾਂ ਕਿਹਾ ਕਿ ਗੁਡਵਿੱਲ ਗਰੁੱਪ ਕਾਇਮ ਕਰਨ ਦਾ ਉਦੇਸ਼ ਹੀ ਕਲੱਬ ਵਿੱਚ ਸੁਧਾਰ ਲਿਆਉਣਾ ਸੀ, ਜਿਸ ਵਿੱਚ ਗਰੁਪ ਨੇ ਕਾਮਯਾਬੀ ਹਾਸਿਲ ਕੀਤੀ। ਉਨ੍ਹਾਂ ਹੋਰ ਕਿਹਾ ਕਿ ਗੁਡਵਿੱਲ ਗਰੁੱਪ ਕਿਸੇ ਦੀ ਨਿੰਦਾ ਕਰਨ ਵਿੱਚ ਨਹੀਂ ਪੈਂਦਾ ਅਤੇ ਨਾ ਹੀ ਜੋੜ ਤੋੜ ਦੀ ਰਾਜਨੀਤੀ 'ਤੇ ਚਲਦਾ ਹੈ। ਇੱਕੋ ਇੱਕ ਉਦੇਸ਼ ਕਲੱਬ ਨੂੰ ਬਿਹਤਰੀਨ ਬਣਾਉਣਾ ਹੈ। ਇਸੇ ਤਰ੍ਹਾਂ ਦੇ ਵਿਚਾਰ ਗੁਡਵਿੱਲ ਗਰੁਪ ਦੇ ਪ੍ਰਧਾਨ ਵਜੋਂ ਉਮੀਦਵਾਰ ਡਾ. ਸੁੱਖੀ ਬੋਪਾਰਾਏ ਨੇ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕਲੱਬ ਮੈਂਬਰਾਂ ਦਾ ਸਹਿਯੋਗ ਮਿਲ ਰਿਹਾ ਹੈ, ਉਸਤੋਂ ਜਾਪਦਾ ਹੈ ਕਿ ਉਨ੍ਹਾਂ ਦੇ ਗਰੁਪ ਨੂੰ ਵੱਡੀ ਜਿੱਤ ਹਾਸਲ ਹੋਵੇਗੀ। ਉਨ੍ਹਾਂ ਦਾਵਾ ਕੀਤਾ ਕਿ ਪਟਿਆਲਾ ਬਾਰ ਐਸੋਸੀਏਸ਼ਨ, ਫੋਕਲ ਪੁਆਇੰਟ ਐਸੋਸੀਏਸ਼ਨ ਤੇ ਪਟਿਆਲਾ ਕੈਮਿਸਟਸ ਐਸੋਸੀਏਸ਼ਨ ਤੋਂ ਇਲਾਵਾ ਵਾਈ ਪੀ ਐਸ ਪਟਿਆਲਾ ਦੇ ਪੁਰਾਣੇ ਟੀਚਰਾਂ ਅਤੇ ਵਿਦਿਆਰਥੀਆਂ ਨੇ ਵੀ ਗੁਡਵਿੱਲ ਗਰੁਪ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਡਾ. ਸੁੱਖੀ ਬੋਪਾਰਾਏ ਦਾ ਕਹਿਣਾ ਸੀ ਕਿ ਇਕੱਲੇ ਦੋਸ਼ ਲਾਉਣ ਨਾਲ ਕੁਝ ਨਹੀਂ ਹੋਣਾ, ਯੂਨਾਇਟਿਡ ਪ੍ਰੋਗਰੈਸਿਵ ਗਰੁੱਪ ਵਾਲੇ ਡਿਬੇਟ ਲਈ ਅੱਗੇ ਆਉਣ ਪਰ ਇਸ ਲਈ ਉਨ੍ਹਾਂ ਦਾ ਕੋਈ ਮੈਂਬਰ ਤਿਆਰ ਨਹੀਂ। ਇਸੇ ਸਮੇਂ ਯੂਨਾਇਟਿਡ ਪ੍ਰੋਗਰੈਸਿਵ ਗਰੁੱਪ ਨੇ ਕਈ ਵਾਦਿਆਂ ਦੀ ਸੂਚੀ ਜਾਰੀ ਕੀਤੀ ਹੈ ਜਿਸਨੂੰ "ਮਿਸ਼ਨ ਐਂਡ ਗਰੰਟੀ ਕਾਰਡ" ਦਾ ਨਾਂ ਦਿੱਤਾ ਗਿਆ ਹੈ। ਗਰੁੱਪ ਦੇ ਪ੍ਰਧਾਨ ਲਈ ਉਮੀਦਵਾਰ ਦੀਪਕ ਕੰਪਾਨੀ ਤੇ ਸਕੱਤਰ ਲਈ ਉਮੀਦਵਾਰ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਕੋਈ ਨਵਾਂ ਨਿਰਮਾਣ ਕਰਵਾਏ ਬਗ਼ੈਰ ਕਲੱਬ ਮੈਂਬਰਾਂ ਨੂੰ ਕੌਮਾਂਤਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਕੰਪਾਨੀ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਗਰੁਪ ਨੇ ਕਲੱਬ ਵਿੱਚ ਵਿੱਤੀ ਪਾਰਦਰਸ਼ਤਾ ਲਿਆਂਦੀ ਜੋ ਪਹਿਲਾਂ ਨਹੀਂ ਸੀ। ਦੋਵੇਂ ਗਰੁੱਪਾਂ ਦਾ ਕਹਿਣਾ ਹੈ ਕਿ ਉਹ ਕਲੱਬ ਵਿੱਚ ਵਿਕਾਸ ਦੇ ਮੁੱਦੇ 'ਤੇ ਚੋਣ ਲੜ ਰਹੇ ਹਨ।