ਮਾਰਸ਼ਲ ਮਸ਼ੀਨਜ ਲਿਮਿਟਡ ਦੇ ਮਜਦੂਰਾਂ ਦੀ 41 ਦਿਨ ਲੰਮੀ ਹੜਤਾਲ ਅਹਿਮ ਪ੍ਰਾਪਤੀਆਂ ਨਾਲ਼ ਖਤਮ

ਲੁਧਿਆਣਾ - ਸੀਐਨਸੀ ਖਰਾਦ ਮਸ਼ੀਨਾਂ ਬਣਾਉਣ ਵਾਲ਼ੀ ਕੰਪਨੀ ਮਾਰਸ਼ਲ ਮਸ਼ੀਨਜ ਲਿਮਿਟਡ (ਲੁਧਿਆਣਾ) ਦੇ ਮਜਦੂਰਾਂ ਦੀ ਕਾਰਖਾਨਾ ਮਜਦੂਰ ਯੂਨੀਅਨ ਦੀ ਅਗਵਾਈ ਵਿੱਚ ਹੜਤਾਲ 19 ਦਸੰਬਰ ਦੀ ਰਾਤ ਕਰੀਬ 8 ਵਜੇ ਸਮਾਪਤ ਹੋ ਗਈ ਹੈ। 9 ਨਵੰਬਰ 2023 ਨੂੰ ਸ਼ੁਰੂ ਹੋਈ ਇਸ ਹੜਤਾਲ ਦੌਰਾਨ ਮਜਦੂਰ ਜੁਝਾਰੂ ਢੰਗ ਨਾਲ਼ ਹੜਤਾਲ ਵਿੱਚ ਡਟੇ ਰਹੇ। ਮਜਦੂਰਾਂ ਨੂੰ ਝੁਕਾਉਣ ਦੀਆਂ ਮਾਲਕਾਂ ਦੀਆਂ ਸਾਜਸ਼ਾਂ ਨਾਕਾਮ ਕੀਤੀਆਂ ਗਈਆਂ। 8 ਨਵੰਬਰ ਨੂੰ ਕੰਪਨੀ ਨੇ 5 ਮਜਦੂਰ ਆਗੂਆਂ ਨੂੰ ਕੰਮ ਤੋਂ ਕੱਢ ਦਿੱਤਾ ਸੀ।

ਲੁਧਿਆਣਾ - ਸੀਐਨਸੀ ਖਰਾਦ ਮਸ਼ੀਨਾਂ ਬਣਾਉਣ ਵਾਲ਼ੀ ਕੰਪਨੀ ਮਾਰਸ਼ਲ ਮਸ਼ੀਨਜ ਲਿਮਿਟਡ (ਲੁਧਿਆਣਾ) ਦੇ ਮਜਦੂਰਾਂ ਦੀ ਕਾਰਖਾਨਾ ਮਜਦੂਰ ਯੂਨੀਅਨ ਦੀ ਅਗਵਾਈ ਵਿੱਚ ਹੜਤਾਲ 19 ਦਸੰਬਰ ਦੀ ਰਾਤ ਕਰੀਬ 8 ਵਜੇ ਸਮਾਪਤ ਹੋ ਗਈ ਹੈ। 9 ਨਵੰਬਰ 2023 ਨੂੰ ਸ਼ੁਰੂ ਹੋਈ ਇਸ ਹੜਤਾਲ ਦੌਰਾਨ ਮਜਦੂਰ ਜੁਝਾਰੂ ਢੰਗ ਨਾਲ਼ ਹੜਤਾਲ ਵਿੱਚ ਡਟੇ ਰਹੇ। ਮਜਦੂਰਾਂ ਨੂੰ ਝੁਕਾਉਣ ਦੀਆਂ ਮਾਲਕਾਂ ਦੀਆਂ ਸਾਜਸ਼ਾਂ ਨਾਕਾਮ ਕੀਤੀਆਂ ਗਈਆਂ। 8 ਨਵੰਬਰ ਨੂੰ ਕੰਪਨੀ ਨੇ 5 ਮਜਦੂਰ ਆਗੂਆਂ ਨੂੰ ਕੰਮ ਤੋਂ ਕੱਢ ਦਿੱਤਾ ਸੀ। ਇਸ ਤੋਂ ਬਾਅਦ 9 ਨਵੰਬਰ ਦੀ ਦੁਪਹਿਰ ਤੋਂ ਮਜਦੂਰ ਆਗੂਆਂ ਦੀ ਬਹਾਲੀ, ਤਨਖਾਹ ਵਾਧਾ, ਬੋਨਸ ਅਦਾਇਗੀ, ਹਾਜਰੀ ਦਾ ਸਹੀ ਰਿਕਾਰਡ ਬਣਾਉਣ ਦੀਆਂ ਮੰਗਾਂ ਹੇਠ ਕੰਪਨੀ ਦੇ ਕਰੀਬ 90 ਵਿੱਚੋਂ 73 ਮਜਦੂਰ ਹੜਤਾਲ ਤੇ ਚਲੇ ਗਏ ਸਨ ਅਤੇ ਕੰਪਨੀ ਵਿੱਚ ਮੈਨੂਫੈਕਚਰਿੰਗ ਦਾ ਕਰੀਬ ਸਾਰਾ ਕੰਮ ਠੱਪ ਕਰ ਦਿੱਤਾ ਸੀ। ਹੜਤਾਲ ਦੌਰਾਨ ਜਦ ਇਹ ਸਪੱਸ਼ਟ ਹੋ ਗਿਆ ਕਿ ਕੰਪਨੀ ਮਾਲਕ-ਮੈਨੇਜਮੈਂਟ ਉਹਨਾਂ ਦੀਆਂ ਮੰਗਾਂ ਨਹੀਂ ਮੰਨਣਗੇ ਤਾਂ ਮਜਦੂਰਾਂ ਨੇ 26 ਨਵੰਬਰ ਨੂੰ ਐਲਾਨ ਕੀਤਾ ਕਿ ਜਾਂ ਤਾਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਜਾਂ ਉਹਨਾਂ ਦੀ ਤਨਖਾਹ, ਗਰੈਚੂਇਟੀ, ਬੋਨਸ, ਛੁੱਟੀਆਂ ਆਦਿ ਦਾ ਸਾਰਾ ਬਕਾਇਆ ਦੇ ਦਿੱਤਾ ਜਾਵੇ। ਹੜਤਾਲ ਚ ਡਟੇ ਰਹੇ ਮਜਦੂਰਾਂ ਵਿੱਚੋਂ ਕੁੱਝ ਮਜਦੂਰਾਂ ਨੂੰ ਕੰਪਨੀ ਨੇ ਤਨਖਾਹ ਵਾਧੇ ਆਦਿ ਦਾ ਲਾਲਚ ਦਿੱਤਾ, 20 ਦੇ ਕਰੀਬ ਮਜਦੂਰਾਂ ਨੂੰ ਕਾਰਨ ਦੱਸੋ ਨੋਟਿਸ ਅਤੇ ਦੋਸ਼ ਪੱਤਰ ਜਾਰੀ ਕੀਤੇ, ਸਾਰੇ ਮਜਦੂਰਾਂ ਨੂੰ ਕਾਰਵਾਈ ਕਰਨ ਦੇ ਨੋਟਿਸ ਭੇਜੇ ਗਏ, ਜੁਰਮਾਨੇ ਲਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪਰ ਇਸ ਸਭ ਦੇ ਬਾਵਜੂਦ ਮਜਦੂਰ ਹੜਤਾਲ ਵਿੱਚ ਡਟੇ ਰਹੇ ਅਤੇ ਅੰਤ ਕੰਪਨੀ ਨੂੰ ਝੁਕਣਾ ਪਿਆ। ਹੜਤਾਲ ਚ ਡਟੇ ਰਹੇ 60 ਮਜਦੂਰਾਂ ਨੂੰ ਕਨੂੰਨ ਮੁਤਾਬਿਕ ਗਰੈਚੂਇਟੀ, ਬਕਾਇਆ ਤਨਖਾਹ, ਬੋਨਸ, ਛੁੱਟੀਆਂ ਆਦਿ ਦਾ ਪੈਸਾ ਦੇਣਾ ਪਿਆ ਹੈ। ਮਜਦੂਰਾਂ ਦੀ ਇਹ ਪ੍ਰਾਪਤੀ ਇਸ ਲਈ ਮਹੱਤਵਪੂਰਣ ਹੈ ਕਿਉਂਕਿ ਮਜਦੂਰਾਂ ਨੇ ਆਪਣੀ 20-20, 25-25 ਸਾਲ ਦੀ ਨੌਕਰੀ ਦੌਰਾਨ ਦੇਖਿਆ ਹੈ ਕਿ ਕੰਪਨੀ ਨੇ ਨੌਕਰੀ ਛੱਡਣ ਵਾਲ਼ੇ ਜਾਂ ਨੌਕਰੀ ਤੋਂ ਕੱਢੇ ਗਏ ਮਜਦੂਰਾਂ ਨੂੰ ਕਦੇ ਵੀ ਬਕਾਇਆ ਤਨਖਾਹ, ਗਰੈਚੂਇਟੀ, ਬੋਨਸ, ਛੁੱਟੀਆਂ ਆਦਿ ਦਾ ਬਕਾਇਆ ਨਹੀਂ ਦਿੱਤਾ। ਹੜਤਾਲ ਨਾ ਕਰਨ ਵਾਲ਼ੇ ਅਤੇ ਹੜਤਾਲ ਛੱਡ ਕੇ ਗਏ ਮਜਦੂਰਾਂ ਵਿੱਚੋਂ ਵੀ ਕੁੱਝ ਮਜਦੂਰਾਂ ਨੇ ਵੀ ਹੜਤਾਲ ਦੇ ਸਮੇਂ ਦੌਰਾਨ ਨੌਕਰੀ ਛੱਡ ਦਿੱਤੀ ਹੈ। ਕੰਪਨੀ ਦੀ ਆਰਥਿਕ ਹਾਲਤ ਕਰੋਨਾ ਲੌਕਡਾਊਨ ਤੋਂ ਬਾਅਦ ਕਾਫੀ ਬੁਰੀ ਹਾਲਤ ਵਿੱਚ ਰਹੀ ਹੈ। ਜਿੱਥੇ ਇੱਕ ਮਹੀਨੇ ਵਿੱਚ 40-40 ਮਸ਼ੀਨਾਂ ਬਣਦੀਆਂ ਰਹੀਆਂ ਹਨ ਉੱਥੇ ਇਹ ਗਿਣਤੀ ਹੁਣ ਕਾਫੀ ਡਿੱਗ ਗਈ ਸੀ। ਪਿਛਲੇ ਸਾਲ ਦੇ ਦੌਰਾਨ ਤਾਂ ਇਹ ਗਿਣਤੀ 1-2 ਮਸ਼ੀਨਾਂ ਤੋਂ ਲੈ ਕੇ 7-8 ਮਸ਼ੀਨਾਂ ਤੱਕ ਹੀ ਰਹੀ ਹੈ। ਮੰਦੀ ਦਾ ਸਾਰਾ ਬੋਝ ਮਜਦੂਰਾਂ ਉੱਤੇ ਪਾਇਆ ਜਾਂਦਾ ਰਿਹਾ ਹੈ। ਤਨਖਾਹ ਵਾਧਾ ਨਹੀਂ ਦਿੱਤਾ ਗਿਆ ਤੇ ਉਹਨਾਂ ਦੀਆਂ 2-2, 3-3 ਮਹੀਨੇ ਦੀਆਂ ਤਨਖਾਹਾਂ ਰੋਕੀਆਂ ਜਾਂਦੀਆਂ ਰਹੀਆਂ ਹਨ। ਕੰਪਨੀ ਦੀ ਇਸ ਹਾਲਤ ਅਤੇ ਮਾਲਕ-ਮੈਨੇਜਮੈਂਟ ਦੇ ਮਜਦੂਰ ਵਿਰੋਧੀ ਰਵੱਈਏ ਤੋਂ ਤੰਗ ਆ ਕੇ ਪਿਛਲੇ 3-4 ਸਾਲਾਂ ਦੌਰਾਨ 300 ਦੇ ਕਰੀਬ ਮਜਦੂਰ ਕੰਮ ਛੱਡ ਕੇ ਚਲੇ ਗਏ ਹਨ ਜਾਂ ਅਨੇਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਪਰ ਉਹਨਾਂ ਨੂੰ ਬਕਾਇਆ ਗਰੈਚੂਇਟੀ, ਬੋਨਸ, ਛੁੱਟੀਆਂ ਦੇ ਪੈਸੇ ਆਦਿ ਤਾਂ ਛੱਡੋ, 2-2, 3-3 ਮਹੀਨੇ ਦੀ ਬਕਾਇਆ ਤਨਖਾਹ ਵੀ ਨਹੀਂ ਦਿੱਤੀ ਗਈ। ਅਜਿਹੀ ਹਾਲਤ ਵਿੱਚ ਸੰਘਰਸ਼ ਰਾਹੀਂ ਗਰੈਚੂਇਟੀ, ਬਕਾਇਆ ਤਨਖਾਹ, ਬੋਨਸ, ਛੁੱਟੀਆਂ ਆਦਿ ਦਾ ਬਕਾਇਆ ਹਾਸਿਲ ਕਰਨਾ ਮਜਦੂਰਾਂ ਦੀ ਇੱਕ ਵੱਡੀ ਪ੍ਰਾਪਤੀ ਹੈ।
ਇਹਨਾਂ ਵਿੱਚੋਂ ਜਿਆਦਾਤਰ ਮਜਦੂਰ ਕੰਪਨੀ ਵਿੱਚ ਫਰਵਰੀ 2023 ਵਿੱਚ ਯੂਨੀਅਨ ਬਣਨ ਤੋਂ ਪਹਿਲਾਂ ਨੌਕਰੀ ਛੱਡਣਾ ਚਾਹੁੰਦੇ ਸਨ ਪਰ ਯੂਨੀਅਨ ਬਣਨ ਨਾਲ਼ ਹਰ ਮਹੀਨੇ ਤਨਖਾਹ ਦੀ ਅਦਾਇਗੀ ਸ਼ੁਰੂ ਹੋਣ ਤੋਂ ਬਾਅਦ ਉਹ ਨੌਕਰੀ ਕਰਦੇ ਰਹੇ। ਫਰਵਰੀ 2023 ਵਿੱਚ ਯੂਨੀਅਨ ਬਣਨ ਤੋਂ ਬਾਅਦ ਸਮੇਂ ਸਿਰ ਤਨਖਾਹ ਅਦਾਇਗੀ ਦੀ ਮੰਗ ਮਨਵਾਈ ਗਈ। ਡੇਢ ਸਾਲ ਤੋਂ ਦੱਬਿਆ ਗਿਆ ਈਪੀਐਫ ਦਾ ਭੁਗਤਾਨ ਕਰਨ ਉੱਤੇ ਕੰਪਨੀ ਮਜਬੂਰ ਹੋਈ, ਈਪੀਐਫ ਤੇ ਈਐਸਆਈ ਸਹੂਲਤ ਤੋਂ ਵਾਂਝੇ ਮਜਦੂਰਾਂ ਨੂੰ ਇਹ ਹੱਕ ਮਿਲੇ। ਸੈਲਰੀ ਸਲਿੱਪ ਲਾਗੂ ਹੋਈ। ‘ਮਾਰਸ਼ਲ ਮਸ਼ੀਨਜ ਮਜਦੂਰ ਯੂਨੀਅਨ, ਪੰਜਾਬ’ ਨਾਂ ਦੀ ਯੂਨੀਅਨ ਦੀ ਰਜਿਸਟ੍ਰੇਸ਼ਨ ਕਰਾਉਣ ਵਿੱਚ ਕਾਮਯਾਬੀ ਮਿਲੀ। ਮਜਦੂਰਾਂ ਨੂੰ ਇਹ ਵੀ ਉਮੀਦ ਸੀ ਕਿ ਸ਼ਾਇਦ ਕੰਪਨੀ ਮੰਦੀ ਦੀ ਹਾਲਤ ਵਿੱਚੋਂ ਨਿੱਕਲ ਆਵੇ। ਪਰ ਅਜਿਹਾ ਨਹੀਂ ਹੋਇਆ। ਮੰਦੀ ਦੀ ਹਾਲਤ ਜਾਰੀ ਰਹਿਣ, ਯੂਨੀਅਨ ਤੋੜਨ ਲਈ ਆਗੂਆਂ ਨੂੰ ਕੱਢੇ ਜਾਣ, ਤਨਖਾਹ ਵਾਧਾ ਲਾਗੂ ਨਾ ਕਰਨ, ਹੜਤਾਲ ਦੀਆਂ ਮੁੱਢਲੀਆਂ ਮੰਗਾਂ ਮਨਵਾਉਣ ਲਈ ਲੋੜੀਂਦੀ ਤਾਕਤ ਨਾ ਹੋਣ ਆਦਿ ਕਰਕੇ ਮਜਦੂਰਾਂ ਨੂੰ ਨੌਕਰੀ ਛੱਡਣ ਦੇ ਫੈਸਲੇ ਉੱਤੇ ਪਹੁੰਚਣਾ ਪਿਆ। ਮਜਦੂਰ ਆਗੂਆਂ ਨੂੰ ਨੌਕਰੀ ਤੋਂ ਕੱਢੇ ਜਾਣ ਕਾਰਨ ਮਜਦੂਰਾਂ ਨੂੰ ਹੜਤਾਲ ਉੱਤੇ ਜਾਣਾ ਪਿਆ ਸੀ। ਪਰ ਮੰਦੀ ਦੀ ਹਾਲਤ ਦੌਰਾਨ ਮਜਬੂਰੀਵੱਸ ਕੀਤੀ ਗਈ ਇਸ ਹੜਤਾਲ ਦੀਆਂ ਮੁੱਢਲੀਆਂ ਮੰਗਾਂ ਮਨਵਾਉਣ (ਆਗੂਆਂ ਦੀ ਨੌਕਰੀ ਉੱਤੇ ਬਹਾਲੀ ਆਦਿ) ਲਈ ਲੋੜੀਂਦੀ ਤਾਕਤ ਮਜਦੂਰਾਂ ਨੂੰ ਹਾਸਿਲ ਨਹੀਂ ਹੋ ਸਕੀ। ਇੱਕ ਤਾਂ ਮੰਦੀ ਦੌਰਾਨ ਕੰਮ ਠੱਪ ਕੀਤੇ ਜਾਣ ਦਾ ਮਾਲਕ ਉੱਤੇ ਅਸਰ ਥੋੜ੍ਹਾ ਸੀ। ਦੂਜਾ ਹੜਤਾਲੀ ਮਜਦੂਰਾਂ ਦੀ ਗਿਣਤੀ ਥੋੜ੍ਹੀ ਸੀ ਜਿਸ ਕਾਰਨ ਸਰਕਾਰੀ ਪ੍ਰਬੰਧ ਉੱਤੇ ਲੋੜੀਂਦਾ ਦਬਾਅ ਨਹੀਂ ਬਣ ਸਕਿਆ। ਦੂਜਾ ਹੋਰ ਕਾਰਖਾਨਿਆਂ ਦੇ ਮਜਦੂਰਾਂ ਦੀ ਲੋੜੀਂਦੀ ਹਮਾਇਤ ਵੀ ਹਾਸਿਲ ਨਹੀਂ ਹੋ ਸਕੀ। ਹੋਰ ਕਾਰਖਾਨਿਆਂ ਦੇ ਮਾਲਕ ਵੀ ਇਲਾਕੇ ਵਿੱਚ ਮਜਦੂਰਾਂ ਦੀ ਜੁਝਾਰੂ-ਇਮਾਨਦਾਰ ਯੂਨੀਅਨ ਦੀ ਹੋਂਦ ਸਹਿਣ ਨਹੀਂ ਕਰ ਸਕਦੇ ਸਨ, ਇਸ ਲਈ ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਉਹਨਾਂ ਨੇ ਵੀ ਮਾਰਸ਼ਲ ਮਸ਼ੀਨਜ ਮਜਦੂਰ ਯੂਨੀਅਨ ਤੋੜਨ ਲਈ ਜੋਰ ਲਾਇਆ ਹੈ। ਇਹਨਾਂ ਕਾਰਨਾਂ ਕਰਕੇ ਮਾਲਕ-ਮੈਨੇਜਮੈਂਟ ਦਾ ਪਲੜਾ ਭਾਰੀ ਰਿਹਾ ਅਤੇ ਹੜਤਾਲੀ ਮਜਦੂਰ ਆਪਣੀਆਂ ਮੁੱਢਲੀਆਂ ਮੰਗਾਂ ਨਹੀਂ ਮੰਨਵਾ ਸਕੇ ਤੇ ਪਿੱਛੇ ਹਟ ਕੇ ਹਿਸਾਬ ਲੈਣ ਦੀ ਮੰਗ ਤੇ ਲੜਾਈ ਲੜ੍ਹਨੀ ਪਈ ਜਿਸ ਤੇ ਉਹਨਾਂ ਕਾਮਯਾਬੀ ਵੀ ਹਾਸਿਲ ਕੀਤੀ ਹੈ।
ਇਸ ਹੜਤਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਮਜਦੂਰਾਂ ਦਾ ਡੱਟ ਕੇ ਲੁੱਟ-ਖਸੁੱਟ ਤੇ ਬੇਇਨਸਾਫੀ ਖਿਲਾਫ਼ ਸੰਘਰਸ਼ ਕਰਨਾ ਅਤੇ ਇਸ ਦੌਰਾਨ ਪ੍ਰਾਪਤ ਕੀਤੀ ਸੂਝ-ਬੂਝ ਹੈ। ਫਰਵਰੀ 2023 ਤੋਂ ਹੜਤਾਲਾਂ ਅਤੇ ਹੋਰ ਰੂਪਾਂ ਵਿੱਚ ਲੜ੍ਹੇ ਗਏ ਸੰਘਰਸ਼ ਅਤੇ ਇਸ ਹੜਤਾਲ ਦੌਰਾਨ ਮਜਦੂਰਾਂ ਨੇ ਕਾਰਖਾਨਾ ਮਜਦੂਰ ਯੂਨੀਅਨ ਦੀ ਅਗਵਾਈ ਵਿੱਚ ਜਮਹੂਰੀ, ਯੋਜਨਾਬੱਧ ਤੇ ਜੁਝਾਰੂ ਢੰਗ ਨਾਲ਼ ਸੰਘਰਸ਼ ਕਰਨਾ ਸਿੱਖਿਆ ਹੈ। ਮਜਦੂਰਾਂ ਨੇ ਦੇਖਿਆ ਹੈ ਕਿ ਕਿਵੇਂ ਸਾਰਾ ਰਾਜਸੀ/ਸਰਕਾਰੀ ਪ੍ਰਬੰਧ ਸਰਮਾਏਦਾਰਾਂ ਦੇ ਪੱਖ ਵਿੱਚ ਖੜ੍ਹਾ ਹੈ, ਕਿ ਉਹਨਾਂ ਕੋਲ ਇੱਕਮੁੱਠ ਹੋ ਕੇ ਸੰਘਰਸ਼ ਕਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੈ। ਕਾਂਗਰਸੀਆਂ, ਅਕਾਲੀਆਂ, ਭਾਜਪਾਈਆਂ ਤੇ ਹੋਰ ਸਰਮਾਏਦਾਰਾ ਪਾਰਟੀਆਂ ਤੋਂ ਅੱਕੇ ਮਜਦੂਰਾਂ ਨੇ ਆਮ ਆਦਮੀ ਪਾਰਟੀ ਦਾ ਮਜਦੂਰ ਵਿਰੋਧੀ ਕਿਰਦਾਰ ਵੀ ਚੰਗੀ ਤਰ੍ਹਾਂ ਸਮਝਿਆ ਹੈ। ਲੁਧਿਆਣੇ ਵਿੱਚ ਬੜੇ ਲੰਮੇ ਸਮੇਂ ਬਾਅਦ ਮਜਦੂਰਾਂ ਦੀ ਯੋਜਨਾਬੱਧ, ਜੁਝਾਰੂ ਤੇ ਲੰਮੀ ਹੜਤਾਲ ਹੋਈ ਹੈ। 41 ਦਿਨ ਲੰਮੀ ਇਸ ਹੜਤਾਲ ਦੌਰਾਨ ਵੱਖ-ਵੱਖ ਮਜਦੂਰ ਬਸਤੀਆਂ ਵਿੱਚ ਪਰਚਿਆਂ, ਨੁੱਕੜ ਸਭਾਵਾਂ, ਪੈਦਲ ਮਾਰਚਾਂ ਰਾਹੀਂ ਮਜਦੂਰਾਂ ਦੇ ਮਸਲੇ ਉਭਾਰੇ ਗਏ ਅਤੇ ਹਮਾਇਤ ਦੀ ਅਪੀਲ ਕੀਤੀ ਹੈ। ਇਸਦਾ ਅਸਰ ਇਸ ਰੂਪ ਵਿੱਚ ਦੇਖਣ ਨੂੰ ਮਿਲਿਆ ਕਿ ਹੋਰ ਮਜਦੂਰਾਂ ਨੂੰ ਲਿਆ ਕੇ ਹੜਤਾਲ ਨਾਕਾਮ ਕਰਨ ਦੀ ਮਾਲਕਾਂ ਦੀ ਕੋਸ਼ਿਸ਼ ਸਿਰੇ ਨਹੀਂ ਚੜ੍ਹੀ ਸਗੋਂ ਜਿਹੜੇ ਮਜਦੂਰ ਹੜਤਾਲ ਵਿੱਚ ਸ਼ਾਮਲ ਨਹੀਂ ਹੋਏ ਸਨ ਉਹਨਾਂ ਚੋਂ ਵੀ ਕਈ ਕੰਮ ਛੱਡ ਕੇ ਚਲੇ ਗਏ। ਮਾਰਸ਼ਲ ਮਸ਼ੀਨਜ ਲਿਮਿਟਡ ਦੇ ਲੋਟੂ ਮਾਲਕਾਂ ਅੱਗੇ ਨਾ ਝੁਕਣ ਅਤੇ ਅਨੇਕਾਂ ਪ੍ਰਾਪਤੀਆਂ ਹਾਸਿਲ ਕਰਨ ਦੇ ਮਾਣ ਨਾਲ਼, ਕਾਰਖਾਨਾ ਮਜਦੂਰ ਯੂਨੀਅਨ ਦੇ ਜੁਝਾਰੂ ਝੰਡੇ ਨੂੰ ਬੁਲੰਦ ਰੱਖਣ, ਸੰਘਰਸ਼ ਦੌਰਾਨ ਪ੍ਰਾਪਤੀਆਂ-ਅਪ੍ਰਾਪਤੀਆਂ, ਘਾਟਾਂ-ਕਮਜੋਰੀਆਂ ਦੇ ਸਬਕਾਂ ਨੂੰ ਪੱਲੇ ਬੰਨ੍ਹ ਕੇ ਆਉਣ ਵਾਲ਼ੇ ਸਮੇਂ ਵਿੱਚ ਮਜਦੂਰ ਸੰਘਰਸ਼ ਦੀਆਂ ਚਿਣਗਾਂ ਹੋਰ ਕਾਰਖਾਨਿਆਂ ਵਿੱਚ ਫੈਲਾਉਣ ਦਾ ਸੰਕਲਪ ਲੈ ਕੇ ਮਜਦੂਰਾਂ ਨੇ ਜੋਸ਼ੀਲੇ ਨਾਅਰਿਆਂ ਨਾਲ਼ ਹੜਤਾਲ ਦੀ ਸਮਾਪਤੀ ਕੀਤੀ ਹੈ। ਇਹ ਮਾਰਸ਼ਲ ਮਸ਼ੀਨਜ ਮਜਦੂਰ ਸੰਘਰਸ਼ ਦੀ ਅਹਿਮ ਪ੍ਰਾਪਤੀ ਹੈ ਜਿਸਨੇ ਆਉਣ ਵਾਲ਼ੇ ਦਿਨਾਂ ਵਿੱਚ ਲੁਧਿਆਣੇ ਵਿੱਚ ਮਜਦੂਰ ਸੰਘਰਸ਼ ਨੂੰ ਅੱਗੇ ਵਧਾਉਣ ਵਿੱਚ ਸਹਾਈ ਹੋਣਾ ਹੈ।