
ਪੀ.ਸੀ.ਐੱਮ.ਐੱਸ. ਡਾਕਟਰਾਂ ਵੱਲੋਂ ਗੇਟ ਰੈਲੀਆਂ, ਮੰਗਾਂ ਨਾ ਮੰਨਣ 'ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਪਟਿਆਲਾ, 4 ਦਸੰਬਰ - ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.ਏ.) ਪੰਜਾਬ ਅਧੀਨ ਸੂਬੇ ਦੇ ਸਾਰੇ ਸਰਕਾਰੀ ਡਾਕਟਰਾਂ ਵਲੋਂ ਸਰਕਾਰੀ ਮੁਲਾਜ਼ਮਾਂ ਦੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਜਾਰੀ ਸੰਘਰਸ਼ ਨੂੰ ਸਮਰਥਨ ਪ੍ਰਗਟਾਉਂਦੇ ਹੋਏ ਅੱਜ ਪੰਜਾਬ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਸਾਹਮਣੇ ਗੇਟ ਰੈਲੀਆਂ ਕੱਢੀਆਂ ਗਈਆਂ।
ਪਟਿਆਲਾ, 4 ਦਸੰਬਰ - ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.ਏ.) ਪੰਜਾਬ ਅਧੀਨ ਸੂਬੇ ਦੇ ਸਾਰੇ ਸਰਕਾਰੀ ਡਾਕਟਰਾਂ ਵਲੋਂ ਸਰਕਾਰੀ ਮੁਲਾਜ਼ਮਾਂ ਦੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਜਾਰੀ ਸੰਘਰਸ਼ ਨੂੰ ਸਮਰਥਨ ਪ੍ਰਗਟਾਉਂਦੇ ਹੋਏ ਅੱਜ ਪੰਜਾਬ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਸਾਹਮਣੇ ਗੇਟ ਰੈਲੀਆਂ ਕੱਢੀਆਂ ਗਈਆਂ। ਇਸ ਮੌਕੇ ਪਟਿਆਲਾ ਜ਼ਿਲ੍ਹੇ ਵਿੱਚ ਵੀ ਮਾਤਾ ਕੁਸੱਲਿਆ ਹਸਪਤਾਲ, ਸਿਵਲ ਹਸਪਤਾਲ ਰਾਜਪੁਰਾ, ਸਮਾਣਾ, ਨਾਭਾ, ਸੀ.ਐਚ.ਸੀ. ਮਾਡਲ ਟਾਉਨ, ਤ੍ਰਿਪੜੀ, ਭਾਦਸੋਂ ਵਿਖੇ ਵੀ ਅਜਿਹੇ ਪ੍ਰਦਰਸ਼ਨ ਕਰ ਡਾਕਟਰਾਂ ਦੀ ਜੱਥੇਬੰਦੀ ਨੇ ਸਮੂਹ ਕਰਮਚਾਰੀਆ ਲਈ ਸਮੇਂ ਸਿਰ ਮਹਿੰਗਾਈ ਭੱਤੇ ਵਿੱਚ ਵਾਧਾ ਕਰਨ ਅਤੇ ਏ.ਸੀ.ਪੀ. ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਐਸੋਸੀਏਸਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਿੰਦਰ ਪਾਲ ਸਿੰਘ ਨੇ ਕਿਹਾ ਕਿ ਹਾਲੇ ਤਕ ਮਰੀਜ਼ਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਸੇ ਤਰ੍ਹਾਂ ਦੀ ਹੜਤਾਲ ਨਹੀਂ ਕੀਤੀ ਜਾ ਰਹੀ ਪਰ ਜੇ ਸਰਕਾਰ ਨੇ ਮਜਬੂਰ ਕੀਤਾ ਤਾਂ ਹੜਤਾਲ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਪੀ.ਸੀ.ਐੱਮ.ਐੱਸ.ਏ. ਨੇ ਜਾਇਜ਼ ਮੰਗਾਂ ਪ੍ਰਤੀ ਸਰਕਾਰ ਦੇ ਢਿੱਲੇ ਰਵਈਏ 'ਤੇ ਅਸੰਤੁਸ਼ਟੀ ਜ਼ਾਹਰ ਕੀਤੀ, ਜਿਸ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਸਮੇਂ ਸਿਰ ਲਾਗੂ ਕਰਨਾ, ਮਹਿੰਗਾਈ ਦੇ ਹਿਸਾਬ ਨਾਲ ਭੱਤਾ ਦੇਣ, 4-9-14 ਦੇ ਨਿਸ਼ਚਿਤ ਕੈਰੀਅਰ ਪ੍ਰੋਗਰੈਸ਼ਨਾਂ ਦੇ ਪਹਿਲਾਂ ਤੋਂ ਚਲਦੇ ਆ ਰਹੇ ਨਿਯਮਾਂ ਨੂੰ ਬਹਾਲ ਕਰਨਾ, 6ਵੇਂ ਵਿੱਤ ਕਮਿਸ਼ਨ ਦੇ ਤਹਿਤ ਬਣਦਾ ਬਕਾਇਆ ਵੰਡਣਾ, ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ, ਸ਼ਾਮਲ ਹਨ। ਹੋਰ ਮੰਗਾਂ ਦੇ ਨਾਲ-ਨਾਲ 7ਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਤਹਿਤ ਭਰਤੀ ਕੀਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਗੜਬੜੀਆਂ ਨੂੰ ਦਰੁਸਤ ਕਰਨਾ ਵੀ ਸ਼ਾਮਲ ਹੈ।
ਇਸ ਮੌਕੇ ਜਥੇਬੰਦੀ ਦੇ ਮੀਤ ਪ੍ਰਧਾਨ ਡਾ. ਸੁਮੀਤ ਸਿੰਘ ਨੇ ਕਿਹਾ ਕਿ ਮੈਡੀਕਲ ਅਫਸਰਾਂ (ਐੱਮ.ਬੀ.ਬੀ.ਐੱਸ. ਦੇ ਨਾਲ-ਨਾਲ ਸਪੈਸ਼ਲਿਸਟਾਂ) ਦੀ ਪਹਿਲਾਂ ਤੋਂ ਮੌਜੂਦ ਵੱਡੀ ਘਾਟ ਨੂੰ ਧਿਆਨ ਵਿੱਚ ਰੱਖਦੇ ਹੋਏ, ਬਕਾਇਆ ਏਸੀਪੀ ਤਨਖਾਹ ਵਾਧੇ ਤੋਂ ਜਾਣ ਬੂਝ ਕੇ ਲਟਕਾਉਣਾ, ਮਹਿੰਗਾਈ ਦੇ ਹਿਸਾਬ ਨਾਲ ਡੀਏ ਨਾ ਦੇਣਾ ਤੇ ਨਾ ਹੀ ਪਿਛਲੇ ਬਕਾਏ/ਕਿਸ਼ਤਾਂ ਅਤੇ ਓਪੀਐਸ ਲਾਗੂ ਕਰਨਾ ਅਸਲ ਵਿੱਚ ਪਹਿਲਾਂ ਤੋਂ ਵੱਧ ਰਹੀ ਡਾਕਟਰਾਂ ਦੇ ਨੌਕਰੀ ਛੱਡ ਕੇ ਜਾਣ ਦੀ ਦਰ ਨੂੰ ਵਧਾਏਗਾ, ਜੋ ਕਿ ਸਿਹਤ ਸੰਭਾਲ ਸੇਵਾਵਾਂ 'ਤੇ ਨਕਾਰਾਤਮਕ ਪ੍ਰਭਾਵ ਪਾਵੇਗਾ। ਰਾਜ ਵਿੱਚ ਜਨਤਕ ਸਿਹਤ ਸਹੂਲਤਾਂ ਪਹਿਲਾਂ ਹੀ ਡਾਕਟਰਾਂ ਦੀ ਘਾਟ ਕਾਰਨ ਪ੍ਰਭਾਵਿਤ ਹਨ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਕੀਤੇ ਗਏ ਪ੍ਰਦਰਸ਼ਨ ਵਿੱਚ ਡਾ. ਵਿਕਾਸ ਗੋਇਲ, ਡਾ. ਐਸ.ਜੇ. ਸਿੰਘ, ਡਾ. ਬੋਪਾਰਾਏ, ਡਾ. ਬਿਮਲਜੋਤ, ਡਾ. ਭਵਨੀਤ ਕੌਰ, ਡਾ. ਸੁਖਵਿੰਦਰ ਸਿੰਘ, ਡਾ. ਦਿਲਮੋਹਨ ਸਿੰਘ, ਡਾ. ਜੋਰਾਵਰ ਸਿੰਘ ਸ਼ਾਮਲ ਸਨ।
