
ਪੰਜਾਬ ਐਂਡ ਸਿੰਧ ਬੈਂਕ ਤੇ ਵਿਜੀਲੈਂਸ ਬਿਊਰੋ ਨੇ ਕਰਵਾਇਆ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਮਾਗਮ
ਡੇੜ ਸਾਲ 'ਚ ਮਾਨ ਸਰਕਾਰ ਨੇ ਭ੍ਰਿਸ਼ਟਾਚਾਰੀਆਂ ਦਾ ਲੱਕ ਤੋੜਿਆਂ : ਬਲਤੇਜ ਪੰਨੂ
ਡੇੜ ਸਾਲ 'ਚ ਮਾਨ ਸਰਕਾਰ ਨੇ ਭ੍ਰਿਸ਼ਟਾਚਾਰੀਆਂ ਦਾ ਲੱਕ ਤੋੜਿਆਂ : ਬਲਤੇਜ ਪੰਨੂ
ਪਟਿਆਲਾ, 3 ਨਵੰਬਰ : ਪੰਜਾਬ ਐਂਡ ਸਿੰਧ ਬੈਂਕ ਨੇ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਦੇ ਸਹਿਯੋਗ ਨਾਲ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫ਼ਤੇ ਨੂੰ ਸਮਰਪਿਤ ਇੱਕ ਸਮਾਰੋਹ ਅੱਜ ਇੱਥੇ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਕਰਵਾਇਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਭਾਸ਼ਣ, ਗੀਤ ਗਾਇਨ ਅਤੇ ਨਾਟਕ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਰਕਾਰੀ ਐਮੀਨੈਂਸ ਸਕੂਲ ਫੀਲਖ਼ਾਨਾ, ਸਿਵਲ ਲਾਈਨ ਅਤੇ ਨਿਊ ਪਾਵਰ ਹਾਊਸ ਕਲੋਨੀ ਦੇ ਵਿਦਿਆਰਥੀਆਂ ਨੇ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ, ਸਿਫ਼ਾਰਸ਼ਾਂ ਅਤੇ ਰਿਸ਼ਵਤਖੋਰੀ ਦੇ ਵਿਰੁੱਧ ਬੁਲੰਦ ਆਵਾਜ 'ਚ ਸੁਨੇਹਾ ਦਿੱਤਾ। ਜਦੋਂਕਿ ਬੈਂਕ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਣ ਦਾ ਸੁਨੇਹਾ ਦਿੰਦਾ ਇੱਕ ਨਾਟਕ ਪੇਸ਼ ਕੀਤਾ।
ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੇ ਸਾਡੇ ਸਮਾਜ ਦਾ ਵੱਡਾ ਨੁਕਸਾਨ ਕੀਤਾ ਹੈ ਪਰ ਹੁਣ ਪਿਛਲੇ ਡੇੜ ਸਾਲ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰੀਆਂ ਵਿਰੁੱਧ ਵਿੱਢੀ ਮੁਹਿੰਮ ਨੇ ਜਿਥੇ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਈ ਹੈ, ਉਥੇ ਹੀ ਲੋਕਾਂ ਵਿੱਚ ਵੀ ਆਪਣੀ ਆਵਾਜ਼ ਬੁਲੰਦ ਕਰਨ ਦਾ ਹੌਸਲਾ ਪਿਆ ਹੈ ਕਿਉਂਕਿ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੋਧ ਪਹੁੰਚੀਆਂ ਸ਼ਿਕਾਇਤ 'ਤੇ ਨਿਡਰਤਾ ਨਾਲ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।
ਬਲਤੇਜ ਪੰਨੂ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਨਾਟਕਾਂ ਤੇ ਭਾਸ਼ਣਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਲਈ ਸਿਰਫ਼ ਇਕ ਹਫ਼ਤਾ ਨਹੀਂ ਸਗੋਂ ਲਗਾਤਾਰ ਕੰਮ ਕਰਨ ਦੀ ਜ਼ਰੂਰਤ ਹੈ।
ਡੀ.ਐਸ.ਪੀ. ਵਿਜੀਲੈਂਸ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਰਿਸ਼ਵਤਖੋਰੀ ਸਾਡੇ ਸਮਾਜ ਨੂੰ ਸਿਊਂਕ ਵਾਂਗ ਖੋਖਲਾ ਕੀਤਾ ਹੈ, ਪਰ ਲੋਕਾਂ ਦੇ ਸਹਿਯੋਗ ਨਾਲ ਇਸ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਵਿਰੁੱਧ ਸ਼ਿਕਾਇਤ ਪੰਜਾਬ ਸਰਕਾਰ ਵੱਲੋਂ ਜਾਰੀ ਐਂਟੀ ਕੁਰਪਸ਼ਨ ਹੈਲਪਲਾਈਨ 9501200200 ਵਟਸਐਪ ਨੰਬਰ 'ਤੇ ਕੀਤੀ ਜਾਵੇ।
ਪੰਜਾਬ ਐਂਡ ਸਿੰਧ ਬੈਂਕ ਦੇ ਅਧਿਕਾਰੀ ਮਲਕੀਤ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਭਾਰਤ ਹੀ ਵਿਕਸਤ ਭਾਰਤ ਬਣ ਸਕਦਾ ਹੈ। ਇਸ ਮੌਕੇ ਉਨ੍ਹਾਂ ਹਾਜ਼ਰੀਨ ਨੂੰ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਦੀ ਸਹੁੰ ਵੀ ਚੁਕਾਈ। ਸਮਾਰੋਹ ਵਿੱਚ ਡੀ.ਐਸ.ਪੀ. ਸਤਪਾਲ ਸ਼ਰਮਾ, ਪੰਜਾਬ ਐਂਡ ਸਿੰਧ ਬੈਂਕ ਦੇ ਬ੍ਰਾਂਚ ਮੈਨੇਜਰ, ਬੈਂਕ, ਗਾਹਕ ਤੇ ਵਿਦਿਆਰਥੀ ਵੀ ਮੌਜੂਦ ਸਨ।
