
ਕੰਬੋਜ ਜਾਤੀ ਨੂੰ ਪੰਜਾਬ ਸਰਕਾਰ ਦੀ ਬੀ ਸੀ ਲਿਸਟ ਵਿੱਚੋਂ ਬਾਹਰ ਕੱਢਣ ਦੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ : ਬੌਬੀ ਕੰਬੋਜ
ਐਸ ਏ ਐਸ ਨਗਰ, 9 ਅਕਤੂਬਰ - ਕੰਬੋਜ ਭਾਈਚਾਰੇ ਦੀ ਇੱਕ ਭਰਵੀਂ ਮੀਟਿੰਗ ਸ਼ਹੀਦ ਉਧਮ ਸਿੰਘ ਭਵਨ ਮੁਹਾਲੀ ਵਿਖੇ ਹੋਈ ਜਿਸ ਵਿੱਚ ਕੁੱਝ ਵਿਅਕਤੀਆਂ ਵਲੋਂ ਕੰਬੋਜ ਜਾਤੀ ਨੂੰ ਪੰਜਾਬ ਸਰਕਾਰ ਦੀ ਬੀ ਸੀ ਲਿਸਟ ਵਿੱਚੋਂ ਬਾਹਰ ਕੱਢਣ ਲਈ ਮਾਨਯੋਗ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਖਲ ਕਰਨ ਦੀ ਨਿਖੇਧੀ ਕਰਦਿਆਂ ਫੈਸਲਾ ਕੀਤਾ ਗਿਆ
ਐਸ ਏ ਐਸ ਨਗਰ, 9 ਅਕਤੂਬਰ - ਕੰਬੋਜ ਭਾਈਚਾਰੇ ਦੀ ਇੱਕ ਭਰਵੀਂ ਮੀਟਿੰਗ ਸ਼ਹੀਦ ਉਧਮ ਸਿੰਘ ਭਵਨ ਮੁਹਾਲੀ ਵਿਖੇ ਹੋਈ ਜਿਸ ਵਿੱਚ ਕੁੱਝ ਵਿਅਕਤੀਆਂ ਵਲੋਂ ਕੰਬੋਜ ਜਾਤੀ ਨੂੰ ਪੰਜਾਬ ਸਰਕਾਰ ਦੀ ਬੀ ਸੀ ਲਿਸਟ ਵਿੱਚੋਂ ਬਾਹਰ ਕੱਢਣ ਲਈ ਮਾਨਯੋਗ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਖਲ ਕਰਨ ਦੀ ਨਿਖੇਧੀ ਕਰਦਿਆਂ ਫੈਸਲਾ ਕੀਤਾ ਗਿਆ ਕਿ ਕੰਬੋਜ ਭਾਈਚਾਰੇ ਵਲੋਂ ਇਸ ਪਟੀਸ਼ਨ ਦੇ ਖਿਲਾਫ ਮਾਣਯੋਗ ਅਦਾਲਤ ਵਿੱਚ ਪੈਰਵੀ ਕੀਤੀ ਜਾਵੇਗੀ।
ਇਸ ਮੌਕੇ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਬੌਬੀ ਕੰਬੋਜ ਨੇ ਕਿਹਾ ਕਿ ਕੰਬੋਜ ਜਾਤੀ ਨੂੰ ਪੰਜਾਬ ਸਰਕਾਰ ਦੀ ਬੀ ਸੀ ਲਿਸਟ ਵਿੱਚੋ ਬਾਹਰ ਕੱਢਣ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਮੁਸ਼ਕਿਲ ਸਮੇਂ ਭਾਈਚਾਰੇ ਵਿੱਚ ਏਕਤਾ ਕਾਇਮ ਰੱਖਣੀ ਸਭ ਦਾ ਫਰਜ਼ ਹੋਣਾ ਚਾਹੀਦਾ ਹੈ।
ਸਮਾਜ ਦੇ ਸੂਬਾ ਪ੍ਰਧਾਨ ਹਰਮੀਤ ਕੰਬੋਜ ਪੰਮਾ ਨੇ ਦੱਸਿਆ ਕਿ ਕੰਬੋਜ ਜਾਤੀ ਨੂੰ 1957 ਵਿੱਚ ਬੀ ਸੀ ਜਾਤੀ ਲਿਸਟ ਵਿੱਚ (5 ਸਾਲ ਲਈ) ਲਿਆ ਗਿਆ ਸੀ ਅਤੇ 1979 ਵਿੱਚ ਪੱਕੇ ਤੌਰ ਤੇ ਸ਼ਾਮਲ ਕਰ ਲਿਆ ਗਿਆ ਸੀ। ਉਹਨਾਂ ਕਿਹਾ ਕਿ 1995 ਤੋਂ ਹੀ ਇਹ ਵਿਅਕਤੀ ਕੰਬੋਜ ਜਾਤੀ ਨੂੰ ਬਾਹਰ ਕਢਵਾਉਣ ਲਈ ਬੀ ਸੀ ਕਮਿਸ਼ਨ ਵਿੱਚ ਦਰਖਾਸਤਾਂ ਦਿੰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਵਲੋਂ ਇੱਕ ਉੱਚ ਅਧਿਕਾਰੀ ਅਫ਼ਸਰ ਦੇ ਰਸੂਖ ਨਾਲ ਕਈ ਤਰ੍ਹਾਂ ਦੀਆਂ ਗਲਤ ਰਿਪੋਰਟਾਂ ਕਰਵਾ ਕੇ ਮਾਣਯੋਗ ਅਦਾਲਤ ਵਿੱਚ ਪਟੀਸ਼ਨ ਦਾਖਿਲ ਕੀਤੀ ਹੈ।
ਇਸ ਮੌਕੇ ਬੋਲਦਿਆਂ ਸ੍ਰੀ ਰਾਮ ਕਿਸ਼ਨ ਧੁਨਕਿਆ, ਜੋਗਿੰਦਰ ਪਾਲ ਭਾਟਾ, ਸ੍ਰੀ ਦਿਗਵਿਜੈ ਧੰਜੂ, ਪ੍ਰੋਫੈਸਰ ਗੁਰਮੇਲ ਸਿੰਘ ਨੇ ਬਰਾਦਰੀ ਦੀ ਏਕਤਾ ਦੀ ਗੱਲ ਕਹਿੰਦਿਆਂ ਇਸ ਮੁੱਦੇ ਤੇ ਕਮੇਟੀ ਬਣਾ ਕੇ ਮੁੱਖ ਮੰਤਰੀ ਨੂੰ ਮਿਲਣ ਦੀ ਗੱਲ ਕਹੀ। ਬੁਲਾਰਿਆਂ ਨੇ ਕਿਹਾ ਕਿ ਇਸ ਸੰਬੰਧੀ ਪੰਜਾਬ ਦੇ ਸਾਰੇ 117 ਵਿਧਾਇਕਾਂ ਨੂੰ ਮੰਗ ਪੱਤਰ ਦਿੱਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਭਾਈਚਾਰੇ ਨੂੰ ਇਕੱਠੇ ਹੋ ਕੇ ਇਸ ਸਮਸਿਆ ਦਾ ਸਾਹਮਣਾ ਕਰਨ ਦੀ ਜਰੂਰਤ ਹੈ।
ਇਸ ਮੌਕੇ ਐਡਵੋਕੇਟ ਅਸ਼ੋਕ ਸਾਮਾ ਨੇ ਰਿੱਟ ਪਟੀਸ਼ਨ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਹਾਜਿਰ ਐਡਵੋਕੇਟ ਪੀ ਪੀ ਸਿੰਘ, ਅਸ਼ੋਕ ਸਾਮਾ, ਗੁਰਜੀਤ ਸਿੰਘ ਕੌੜਾ,ੳ ਪੀ ਕੰਬੋਜ, ਬਿਲਾਵਲ ਹਾਂਡਾ ਨੇ ਫ੍ਰੀ ਕੇਸ ਲੜਣ ਅਤੇ ਜਿੱਤਣ ਦਾ ਭਰੋਸਾ ਦਿਵਾਇਆ। ਰਿਟਾਇਰ ਸੈਸ਼ਨ ਜੱਜ ਪੀ ਪੀ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਜੋ ਮੈਮੋਰੰਡਮ ਦੇਣਾ ਹੈ ਉਹ ਤਿਆਰ ਕੀਤਾ ਜਾ ਚੁੱਕਿਆ ਹੈ। ਉਹਨਾਂ ਦੱਸਿਆ ਕਿ ਐਮ ਐਲ ਏ ਜਗਦੀਪ ਕੰਬੋਜ ਗੋਲਡੀ ਨੂੰ ਮੁੱਖ ਮੰਤਰੀ ਤੋਂ ਸਮਾਂ ਲੈਣ ਲਈ ਕਿਹਾ ਗਿਆ ਹੈ ਅਤੇ ਸਮਾਂ ਮਿਲਦੇ ਹੀ ਮੁੱਖ ਮੰਤਰੀ ਨੂੰ ਸਾਰੀ ਸਥਿਤੀ ਤੋਂ ਜਾਣੂੰ ਕਰਵਾ ਕੇ ਸਰਕਾਰ ਦਾ ਪੱਖ ਕੰਬੋਜ ਜਾਤੀ ਨੂੰ ਬੀ ਸੀ ਲਿਸਟ ਵਿੱਚ ਰੱਖਣ ਦਾ ਜੁਆਬ ਦਾਅਵਾ ਦਾਇਰ ਕਰਨ ਦਾ ਦਬਾਅ ਬਣਾਇਆ ਜਾਵੇਗਾ।
ਇਸ ਮੌਕੇ ਵਿਸ਼ੂ ਕੰਬੋਜ, ਰਘਬੀਰ ਸਿੰਘ ਰਾਜਸਥਾਨ, ਅੰਕੁਸ਼ ਕੰਬੋਜ ਪ੍ਰਧਾਨ ਹਰਿਆਣਾ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਸਰਪਰਸਤ ਸ੍ਰੀ ਦੌਲਤ ਰਾਮ ਕੰਬੋਜ਼ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਿੰਪਲ ਕੰਬੋਜ,ਕੇਹਰ ਸਿੰਘ ਦੋਸੀ, ਦੌਲਤ ਪਟਵਾਰੀ,ਕੇਵਲ ਕੰਬੋਜ, ਡੀ ਸੀ ਕੰਬੋਜ ਬਨੂੜ, ਅਨੀਸ ਕੰਬੋਜ,ਯੋਗੇਸ਼ ਕੰਬੋਜ, ਜਸਵੰਤ ਸਿੰਘ, ਸੰਨੀ ਕੰਬੋਜ, ਇੰਦਰਜੀਤ ਸਿੰਘ, ਸਿਵੈਨ ਕੰਬੋਜ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
