ਹੜ੍ਹਾਂ ਦੀ ਮਾਰ ਅਤੇ ਗ਼ਦਰੀ ਬਾਬਿਆਂ ਦੇ ਮੇਲੇ ਕਾਰਨ ਯੂਥ ਫੈਸਟੀਵਲ ਅੱਗੇ ਪਾਉਣ ਦੀ ਦੇਸ਼ ਭਗਤਾਂ ਵੱਲੋਂ ਅਪੀਲ

ਜਲੰਧਰ:- ਦੇਸ਼ ਭਗਤ ਯਾਦਗਾਰ ਕਮੇਟੀ ਨੇ ਵਿਸ਼ੇਸ਼ ਅਪੀਲ ਅਤੇ ਚਿੱਠੀ ਜਾਰੀ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਸਾਹਿਬਾਨ ਅਤੇ ਡਾਇਰੈਕਟਰ, ਯੂਥ ਵੈਲਫੇਅਰ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਜਦੋਂ ਹੜ੍ਹਾਂ ਦਾ ਪਿੰਜਿਆਂ ਪੰਜਾਬ ਬੁਰੀ ਤਰ੍ਹਾਂ ਕੁਰਾਹ ਰਿਹਾ ਹੈ ਤਾਂ ਪੰਜਾਬ ਸਰਕਾਰ ਨੂੰ ਅਪੀਲ ਕਰਕੇ ਇਸ ਵਾਰ ਯੂਥ ਫੈਸਟੀਵਲ ਕਰਨ ਦੀ ਬਜਾਏ ਓਹੀ ਪੈਸਾ ਹੜ੍ਹ ਪੀੜਤਾਂ ਦੀ ਮਦਦ ਲਈ ਜਾਰੀ ਕੀਤਾ ਜਾਵੇ।

ਕਮੇਟੀ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਪੂਰਾ ਪੰਜਾਬ ਡੂੰਘੇ ਵੈਣਾਂ 'ਚ ਗ੍ਰਸਿਆ ਹੋਵੇ, ਉਸ ਦੌਰ ਅੰਦਰ ਗਿੱਧੇ, ਭੰਗੜੇ ਪਾਉਣ ਦੀ ਬਜਾਏ ਜ਼ਿਆਦਾ ਸੰਜੀਦਗੀ, ਗੰਭੀਰਤਾ ਅਤੇ ਆਪਣੇ ਸਮਾਜ ਪ੍ਰਤੀ ਜਿੰਮੇਵਾਰੀ ਅਦਾ ਕਰਦੇ ਹੋਏ ਆਪਣੀ ਮਿੱਟੀ, ਸਭਿਆਚਾਰ, ਸਮਾਜ ਦੀ ਦੁਖ਼ਦੀ ਰਗ਼ ਨਾਲ ਜੁੜਕੇ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਯੂਥ ਫੈਸਟੀਵਲ ਕਿਸੇ ਵੀ ਹੋਰ ਢੁਕਵੇਂ ਮੌਕੇ 'ਤੇ ਕਰਵਾਏ ਜਾ ਸਕਦੇ ਹਨ। 
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਵੱਲੋਂ ਜਾਰੀ ਚਿੱਠੀ ਦੇ ਹਵਾਲੇ ਨਾਲ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੇ ਨਾਲ ਹੀ ਚਿੱਠੀ 'ਚ ਦੂਜੀ ਬੇਨਤੀ ਇਹ ਕੀਤੀ ਗਈ ਹੈ ਕਿ 1 ਨਵੰਬਰ 1913 ਨੂੰ ਅਮਰੀਕਾ ਦੀ ਧਰਤੀ ਤੋਂ ਸਾਡੇ ਮੁਲਕ ਦੀ ਆਜ਼ਾਦੀ ਦੀ ਆਵਾਜ਼ ਬਣਕੇ ਗੂੰਜੀ ਪੱਤ੍ਰਿਕਾ 'ਗ਼ਦਰ' ਜਾਰੀ ਹੋਣ ਕਾਰਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਨਾਇਆ ਜਾਂਦਾ ਸੂਬਾਈ ਸਾਲਾਨਾ ਮੇਲਾ ਗ਼ਦਰੀ ਬਾਬਿਆਂ ਦਾ ਇਸ ਵਾਰ ਵੀ 30, 31 ਅਕਤੂਬਰ ਅਤੇ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। 
ਇਸ ਕਰਕੇ ਕਿਸੇ ਵੀ ਯੂਨੀਵਰਸਿਟੀ ਨੂੰ ਯੂਥ ਫੈਸਟੀਵਲ ਦੀ ਸਮਾਂ-ਸਾਰਣੀ ਤਿਆਰ ਕਰਦੇ ਸਮੇਂ ਹਰ ਹਾਲਤ ਹੀ ਇਸ ਵਿਸ਼ਵ ਪੰਜਾਬ ਭਾਈਚਾਰੇ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਚੁੱਕੇ 'ਮੇਲਾ ਗ਼ਦਰੀ ਬਾਬਿਆਂ ਦਾ' ਇਹਨਾਂ ਦਿਨਾਂ ਦਾ ਸਾਲਾਨਾ ਸਥਾਈ ਨਿਸ਼ਚਿਤ ਧਿਆਨ 'ਚ ਰੱਖਦੇ ਹੋਏ ਤਾਰੀਖ਼ਾਂ ਰੱਖੀਆਂ ਜਾਣੀਆਂ ਚਾਹੀਦੀਆਂ ਕਿਉਂਕਿ ਮੇਲੇ 'ਚ ਹੁੰਦੇ ਵੰਨ-ਸੁਵੰਨੇ ਕਲਾ ਵੰਨਗੀਆਂ ਦੇ ਮੁਕਾਬਲਿਆਂ ਅਤੇ ਆਹਲਾ ਦਰਜ਼ੇ ਦੀਆਂ ਪੇਸ਼ਕਾਰੀਆਂ ਵਿੱਚ ਪੂਰੇ ਪੰਜਾਬ ਦੀਆਂ ਸਭਨਾਂ ਯੂਨੀਵਰਸਿਟੀਆਂ, ਕਾਲਜਾਂ ਦੇ ਕਲਾਕਾਰ ਪਰਿਵਾਰਾਂ ਸਮੇਤ ਚਾਈਂ ਚਾਈਂ ਤਿੰਨ ਰੋਜ਼ਾ ਮੇਲੇ 'ਚ ਭਾਗ ਲੈਂਦੇ ਹਨ। 
ਕਮੇਟੀ ਨੇ ਕਿਹਾ ਕਿ ਜ਼ਿਕਰਯੋਗ ਹੈ ਕਿ ਇਸ ਵਾਰ ਮੇਲਾ ਗ਼ਦਰੀ ਬਾਬਿਆਂ ਦਾ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਨੂੰ ਸਮਰਪਤ ਕੀਤਾ ਜਾ ਰਿਹਾ ਹੈ। ਇਸ ਲਈ ਯੂਨੀਵਰਸਿਟੀਆਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਗਿਣਤੀ 'ਚ ਵਿਸ਼ੇਸ਼ ਕਰਕੇ ਵਿਦਿਆਰਥਣਾਂ ਨੂੰ ਮੇਲੇ ਦੀਆਂ ਕਲਾ ਵੰਨਗੀਆਂ ਅਤੇ ਮੇਲੇ 'ਚ ਸ਼ਮੂਲੀਅਤ ਕਰਨ ਲਈ ਉਤਸ਼ਾਹਤ ਕਰਕੇ ਉਹਨਾਂ ਅੰਦਰ ਦੇਸ਼ ਭਗਤੀ ਦਾ ਰੰਗ ਗੂੜ੍ਹਾ ਕਰਨ ਲਈ ਯਤਨ ਕੀਤੇ ਜਾਣ।