ਬੱਚਿਆਂ ਨੂੰ ਪਾਲਣ ਤੋਂ ਅਸਮਰਥ ਮਾਪਿਆਂ ਲਈ ਸਰਕਾਰ ਵਲੋਂ ਪੰਘੂੜੇ ਦੀ ਸਥਾਪਨਾ

ਨਵਾਂਸ਼ਹਿਰ- ਸਮਾਜਿਕ ਸੁਰੱਖਿਆ ਅਤੇ ਇਸਤਰੀ ਦੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜੂਵੇਨਾਈਲ ਜਸਟਿਸ ਐਕਟ ਤਹਿਤ ਜਿਲ੍ਹੇ ਵਿੱਚ ਅਣਚਾਹੇ ਬੱਚਿਆਂ ਦੀ ਸੁਰੱਖਿਆ ਲਈ ਪੰਘੂੜਾ ਸਥਾਪਿਤ ਕੀਤਾ ਗਿਆ ਹੈ।

ਨਵਾਂਸ਼ਹਿਰ- ਸਮਾਜਿਕ ਸੁਰੱਖਿਆ ਅਤੇ ਇਸਤਰੀ ਦੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜੂਵੇਨਾਈਲ ਜਸਟਿਸ ਐਕਟ ਤਹਿਤ ਜਿਲ੍ਹੇ ਵਿੱਚ ਅਣਚਾਹੇ ਬੱਚਿਆਂ ਦੀ ਸੁਰੱਖਿਆ ਲਈ ਪੰਘੂੜਾ ਸਥਾਪਿਤ ਕੀਤਾ ਗਿਆ ਹੈ। 
ਇਹ ਜਾਣਕਾਰੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਨੇ ਦਿੰਦਿਆਂ ਕਿਹਾ ਕਿ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜੁਵੇਨਾਇਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015 ਦੀ ਧਾਰਾ 35 ਸਬੰਧੀ ਬੱਚਿਆਂ ਨੂੰ ਸਰੰਡਰ ਕਰਨ ਵਾਸਤੇ ਮਾਪੇ ਆਪਣੀ ਇੱਛਾ ਅਨੁਸਾਰ ਬੱਚੇ ਨੂੰ ਜਿਲੇ ਅਧੀਨ ਸਿਵਲ ਹਸਪਤਾਲ ਵਿਖੇ ਸਥਿਤ ਸਖੀ ਵਨ ਸਟਾਪ ਸੈਂਟਰ ਦੇ ਬਾਹਰ ਬਣੇ ਪੰਘੂੜੇ ਵਿੱਚ ਆਪਣੇ ਬੱਚੇ ਨੂੰ ਛੱਡ ਕੇ ਜਾ ਸਕਦੇ ਹਨ ਜਾਂ ਫਿਰ ਬਾਲ ਭਲਾਈ ਕਮੇਟੀ ਦਫਤਰ ਵਿਖੇ ਹਾਜ਼ਰ ਹੋ ਕੇ ਸਰੰਡਰ ਡੀਡ ਰਾਹੀਂ ਬੱਚਾ ਬਾਲ ਭਲਾਈ ਕਮੇਟੀ ਨੂੰ ਸੌਂਪ ਸਕਦੇ ਹਨ। ਉਹਨਾਂ ਦੱਸਿਆ ਕਿ ਪੰਘੂੜੇ ਵਿੱਚ ਬੱਚਾ ਛੱਡ ਕੇ ਜਾਣ ਵਾਲੇ ਮਾਂ ਪਿਓ ਜਾਂ ਕਿਸੇ ਵੀ ਪਰਿਵਾਰਿਕ ਮੈਂਬਰ ਦੀ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਜਾਵੇਗੀ। 
ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਨੇ ਦੱਸਿਆ ਕਿ ਕਈ ਵਾਰ ਨਵਜਨਮੇ ਬੱਚਿਆਂ ਨੂੰ ਨਾਲਿਆਂ, ਝਾੜੀਆਂ ਅਤੇ ਖਾਲੀ ਪਲਾਟਾਂ ਵਿੱਚ ਸੁੱਟਣ ਦੀਆਂ ਘਟਨਾਵਾਂ ਸੁਣਨ ਅਤੇ ਪੜਨ ਵਿੱਚ ਆਉਂਦੀਆਂ ਹਨ। ਅਜਿਹਾ ਅਕਸਰ ਉਨਾ ਮਾਪਿਆਂ ਵੱਲੋਂ ਕੀਤਾ ਜਾਂਦਾ ਹੈ ਜਿਨਾਂ ਦੇ ਅਨਚਾਹੇ ਸੰਤਾਨ ਪੈਦਾ ਹੋਵੇ ਜਾਂ ਉਹ ਬੱਚਿਆਂ ਨੂੰ ਪਾਲਣ ਤੋਂ ਅਸਮਰਥ ਹੋਣ।  ਉਹਨਾਂ ਕਿਹਾ ਕਿ ਪੁਲਿਸ ਵੱਲੋਂ ਕਈ ਵਾਰ ਅਜਿਹੇ ਬੱਚਿਆਂ ਦੇ ਮਾਪਿਆਂ ਦੀ ਪਛਾਣ ਕਰਕੇ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਆਰਥਿਕ ਮਜਬੂਰੀ ਕਰਕੇ ਵੀ ਉਹਨਾਂ ਵੱਲੋਂ ਆਪਣੇ ਅਣਚਾਹੇ ਬੱਚੇ ਨੂੰ ਨਕਾਰ ਦਿੱਤਾ ਜਾਂਦਾ ਹੈ। 
ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇਕਰ ਕੋਈ ਮਾਤਾ ਪਿਤਾ ਆਪਣੇ ਬੱਚੇ ਨੂੰ ਪੰਘੂੜੇ ਵਿੱਚ ਛੱਡ ਕੇ ਨਹੀਂ ਜਾਣਾ ਚਾਹੁੰਦੇ ਤਾਂ ਉਹ ਆਪਣੇ ਬੱਚੇ ਨੂੰ ਬਾਲ ਭਲਾਈ ਕਮੇਟੀ ਦਫਤਰ ਵਿਖੇ ਸਰੰਡਰ ਕਰ ਸਕਦੇ ਹਨ । ਬਾਲ ਭਲਾਈ ਕਮੇਟੀ ਵੱਲੋਂ ਮਾਪਿਆਂ ਨੂੰ ਦੋ ਮਹੀਨਿਆਂ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਉਹ ਬੱਚੇ ਨੂੰ ਸਰੰਡਰ ਕਰਨ ਦੇ ਫੈਸਲੇ ਤੇ ਮੁੜ ਵਿਚਾਰ ਕਰ ਸਕਨ। ਜੇਕਰ ਮਾਪਿਆਂ ਵੱਲੋਂ ਆਪਣਾ ਫੈਸਲਾ ਬਦਲਿਆ ਜਾਂਦਾ ਹੈ ਤਾਂ ਉਹ ਆਪਣਾ ਬੱਚਾ ਵਾਪਸ ਲਜਾ ਸਕਦੇ ਹਨ ਨਹੀਂ ਤਾਂ ਉਹਨਾਂ ਦੇ ਬੱਚੇ ਨੂੰ ਅਡਾਪਸ਼ਨ ਲਈ ਸਪੈਸ਼ਲਾਈਜਡ ਅਡਾਪਸ਼ਨ ਏਜੰਸੀ ਨੂੰ ਸੌਂਪ ਦਿੱਤਾ ਜਾਂਦਾ ਹੈ। 
ਉਹਨਾਂ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਆਪਣੇ ਅਣਚਾਹੇ ਬੱਚਿਆਂ ਨੂੰ ਕਿਸੇ ਵੀ ਜਗਹਾ ਤੇ ਸਿੱਟਣ ਦੀ ਬਜਾਏ ਸਖੀ ਵੰਨ ਸਟੋਪ ਸੈਂਟਰ ਦਫਤਰ ਵਿਖੇ ਸਥਾਪਿਤ ਪੰਘੂੜੇ ਵਿੱਚ ਆਪਣੇ ਬੱਚੇ ਨੂੰ ਰੱਖਿਆ ਜਾਵੇ ਤਾਂ ਜੋ ਸਰਕਾਰ ਵੱਲੋਂ ਉਸ ਬੱਚੇ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਸਬੰਧੀ ਵਧੇਰੀ ਜਾਣਕਾਰੀ ਲਈ ਦਫਤਰ ਜ਼ਿਲਾ ਬਾਲ ਸੁਰੱਖਿਆ ਅਫਸਰ ਕਮਰਾ ਨੰਬਰ 416 ਤੀਜੀ ਮੰਜਲ, ਡੀਸੀ ਦਫਤਰ ਫੋਨ ਨੰਬਰ 01822 -222322 ਤੇ ਸੰਪਰਕ ਕੀਤਾ ਜਾ ਸਕਦਾ ਹੈ।