
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਨਵਾਂਸ਼ਹਿਰ ਵਿੱਚ ਅਯੋਜਿਤ ਕੀਤੇ ਆਯੂਸ਼ ਕੈਂਪ ਦਾ ਕੀਤਾ ਉਦਘਾਟਨ
ਨਵਾਂਸ਼ਹਿਰ- ਜ਼ਿਲ੍ਹਾ ਆਯੁਰਵੇਦਿਕ ਅਤੇ ਯੂਨਾਨੀ ਵਿਭਾਗ ਵੱਲੋਂ ਬਲਾਕ ਨਵਾਂਸ਼ਹਿਰ ਵਿਖੇ ਸ਼੍ਰੀ ਗੁਰੂ ਰਵਿਦਾਸ ਮੰਦਰ ਨਵਾਂਸ਼ਹਿਰ ਵਿੱਚ ਆਯੂਸ਼ ਕੈੰਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕੀਤਾ।
ਨਵਾਂਸ਼ਹਿਰ- ਜ਼ਿਲ੍ਹਾ ਆਯੁਰਵੇਦਿਕ ਅਤੇ ਯੂਨਾਨੀ ਵਿਭਾਗ ਵੱਲੋਂ ਬਲਾਕ ਨਵਾਂਸ਼ਹਿਰ ਵਿਖੇ ਸ਼੍ਰੀ ਗੁਰੂ ਰਵਿਦਾਸ ਮੰਦਰ ਨਵਾਂਸ਼ਹਿਰ ਵਿੱਚ ਆਯੂਸ਼ ਕੈੰਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਯੁਸ਼ ਵਿਭਾਗ ਭਾਰਤ ਸਰਕਾਰ, ਸਿਹਤ ਵਿਭਾਗ ਪੰਜਾਬ, ਨਿਰਦੇਸ਼ਕ ਆਯੁਰਵੇਦ ਪੰਜਾਬ ਅਤੇ ਨਿਰਦੇਸ਼ਕ ਹੋਮਿਓਪੈਥੀ ਪੰਜਾਬ ਦੇ ਹੁਕਮਾਂ ਅਨੁਸਾਰ ਰਾਜ ਦੇ ਹਰ ਜ਼ਿਲ੍ਹੇ ਵਿੱਚ 15 ਮੁਫ਼ਤ ਆਯੁਸ਼ ਕੈਂਪ ਲਗਾਏ ਜਾਣਗੇ।ਜਿਸ ਤਹਿਤ ਸ਼ਹੀਦ ਭਗਤ ਸਿੰਘ ਨਗਰ ਵਿਖੇ ਵੀ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗਣਗੇ ਅਤੇ ਲੋਕਾਂ ਨੂੰ ਇਸ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਉਤੇ ਮਾਹਿਰ ਆਯੁਰਵੇਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ ਕੁੱਲ 573 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਨ੍ਹਾਂ ਵਿਚ ਕੈਂਪ ਦੌਰਾਨ 315 ਲੋਕਾਂ ਨੇ ਆਯੁਰਵੈਦਿਕ ਸੇਵਾਵਾਂ ਦਾ ਲਾਭ ਲਿਆ ਅਤੇ 258 ਲੋਕਾਂ ਨੇ ਹੋਮਿਓਪੈਥਿਕ ਸੇਵਾਵਾਂ ਦਾ ਲਾਭ ਉਠਾਇਆ। ਕੈਂਪ ਵਿੱਚ ਹਾਜ਼ਰ ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਨੂੰ ਬਰਸਾਤ ਦੇ ਮੌਸਮ ਵਿੱਚ ਹੋਣ ਵਾਲੀ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸ ਮੌਕੇ ਤੇ ਪੇਟ ਦੀਆਂ ਬਿਮਾਰੀਆਂ, ਦਰਦਾਂ, ਬਲਡ ਪ੍ਰੈਸ਼ਰ, ਸ਼ੂਗਰ, ਔਰਤਾਂ ਦੇ ਰੋਗ ਅਤੇ ਚਮੜੀ ਦੇ ਰੋਗਾਂ ਦੀਆ ਦਵਾਇਆਂ ਮੁਫ਼ਤ ਵੱਡੀਆਂ ਗਈਆਂ। ਇਸ ਮੌਕੇ ਤੇ ਜ਼ਿਲ੍ਹਾ ਆਯੁਰਵੇਦਿਕ ਅਤੇ ਯੂਨਾਨੀ ਅਧਿਕਾਰੀ ਡਾ. ਸਰਬਜੀਤ ਕੌਰ ਨੇ ਦੱਸਿਆ ਕਿ ਡਾਇਰੈਕਟਰ ਆਯੁਰਵੈਦਿਕ ਅਤੇ ਯੂਨਾਨੀ ਡਾ. ਰਵੀ ਡੂਮਰਾ ਅਤੇ ਡਾਇਰੈਕਟਰ ਹੋਮਿਓਪੈਥਿਕ ਡਾ. ਹਰਿੰਦਰਪਾਲ ਦੇ ਨਿਰਦੇਸ਼ਾਂ 'ਤੇ, ਆਯੁਸ਼ ਵਿਭਾਗ ਭਾਰਤ ਸਰਕਾਰ, ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਇਹ ਪਹਿਲਾ ਮੁਫ਼ਤ ਆਯੁਸ਼ ਕੈਂਪ ਲਾਇਆ ਗਿਆ ਜਿੱਥੇ ਲੋਕਾਂ ਵੱਲੋਂ ਸਿਹਤ ਸਹੂਲਤਾਂ ਦਾ ਲਾਭ ਲਿਆ ਗਿਆ।
ਉਨ੍ਹਾਂ ਦੱਸਿਆ ਕਿ 1 ਅਗਸਤ ਨੂੰ ਕਮਿਊਨਿਟੀ ਹਾਲ ਪਿੰਡ ਲੋਧੀਪੁਰ, 4 ਅਗਸਤ ਨੂੰ ਗੁਰਦੁਆਰਾ ਸ਼੍ਰੀ ਸਿੰਘ ਸਭਾ ਪਿੰਡ ਸਿਕੋਹਪੁਰ, 6 ਅਗਸਤ ਨੂੰ ਡੇਰਾ ਬਾਬਾ ਸਰਬਦਿਆਲ ਜੀ ਪਿੰਡ ਕਮਾਮ ਅਤੇ 7 ਅਗਸਤ ਨੂੰ ਦਾਣਾ ਮੰਡੀ ਰਾਹੋਂ ਵਿੱਚ ਇਹ ਕੈਂਪ ਆਯੋਜਿਤ ਕੀਤੇ ਜਾਣਗੇ ਜਿੱਥੇ ਆਯੁਰਵੇਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਮੁਫ਼ਤ ਆਯੁਰਵੇਦਿਕ ਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਜਾਣਗੀਆਂ।
