ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੇ ਉਲੀਕਿਆ ਖਾਕਾ : ਮੇਅਰ ਅਮਰਜੀਤ ਸਿੱਧੂ ਨਗਰ ਨਿਗਮ ਵਲੋਂ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ

ਐਸ ਏ ਐਸ ਨਗਰ, 4 ਸਤੰਬਰ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਅਵਾਰਾ ਕੁੱਤਿਆਂ ਦੀ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਨਾਲ ਨਜਿੱਠਣ ਲਈ ਉਲੀਕੇ ਗਏ ਖਾਕੇ ਦੀ ਇਕ ਕੜੀ ਵਜੋਂ ਅੱਜ ਤੋਂ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਹਫ਼ਤੇ ਦੌਰਾਨ ਨਸਬੰਦੀ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।

ਮੇਅਰ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਧਣ ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਸਬੰਦੀ ਮੁਹਿੰਮ ਨੂੰ ਪੂਰੀ ਮੁਸ਼ਤੈਦੀ ਅਤੇ ਵਿਉਂਤਬੰਦੀ ਨਾਲ ਨੇਪਰੇ ਚਾੜਿਆ ਜਾਵੇਗਾ। ਉਹਨਾਂ ਕਿਹਾ ਕਿ ਨਸਬੰਦੀ ਦੀ ਇਸ ਮੁਹਿੰਮ ਦੌਰਾਨ ਕਿਸੇ ਇਕ ਇਲਾਕੇ, ਫੇਜ਼ ਜਾਂ ਸੈਕਟਰ ਵਿੱਚ ਸਾਰੇ ਕੁੱਤਿਆਂ (ਖਾਸ ਕਰਕੇ ਕੁੱਤੀਆਂ) ਦੀ ਨਸਬੰਦੀ ਕਰਨ ਤੋਂ ਬਾਅਦ ਹੀ ਅਗਲੇ ਇਲਾਕੇ ਵਿਚ ਜਾਵੇਗੀ। ਉਹਨਾਂ ਕਿਹਾ ਕਿ ਇਹ ਵਿਉਂਤਬੰਦੀ ਇਸ ਕਰ ਕੇ ਸ਼ਫਲ ਰਹੇਗੀ, ਕਿਉਂਕਿ ਕੁੱਤੇ ਅਕਸਰ ਆਪਣਾ ਇਲਾਕਾ ਨਹੀਂ ਛੱਡਦੇ। ਉਹਨਾਂ ਕਿਹਾ ਕਿ ਨਗਰ ਨਿਗਮ ਦੇ ਦਾਇਰੇ ਵਿੱਚ ਆਉਂਦੇ ਹਰ ਖੇਤਰ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸਬੰਦੀ ਲਈ ਅਵਾਰਾ ਕੁੱਤਿਆਂ ਨੂੰ ਫੜਨ ਤੋਂ ਪਹਿਲਾਂ, ਨਗਰ ਨਿਗਮ ਸਥਾਨਕ ਨਿਵਾਸੀਆਂ ਨੂੰ ਜਨਤਕ ਨੋਟਿਸਾਂ, ਐਲਾਨਾਂ ਅਤੇ ਬੈਨਰਾਂ ਰਾਹੀਂ ਸੂਚਿਤ ਕਰੇਗਾ ਤਾਂ ਜੋ ਕਿਸੇ ਵੀ ਦੁਰਘਟਨਾ ਦੀ ਗੁੰਜਾਇਸ਼ ਤੋਂ ਬਚਿਆ ਜਾ ਸਕੇ।