ਡਾ. ਪਰਵੇਂਦਰ ਸ਼ਿਯੋਰਾਣ. ਨਿਰਦੇਸ਼ਕ, ਆਈ.ਸੀ.ਏ.ਆਰ-ਅਟਾਰੀ ਵੱਲੋਂ ਪੀ.ਏ.ਯੂ.ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ

ਹੁਸ਼ਿਆਰਪੁਰ- ਭਾਰਤੀ ਖੇਤੀ ਖੋਜ ਪ੍ਰੀਸ਼ਦ ਅਟਾਰੀ, ਜੋਨ-1, ਲੁਧਿਆਣਾ ਦੇ ਨਿਰਦੇਸ਼ਕ, ਡਾ. ਪਰਵੇਂਦਰ ਸ਼ਿਯੋਰਾਣ ਵੱਲੋਂ 13 ਜੁਲਾਈ, 2025 ਨੂੰ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਡਾ. ਮਨਿੰਦਰ ਸਿੰਘ ਬੈਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਡਾ. ਪਰਵੇਂਦਰ ਸ਼ਿਯੋਰਾਣ ਦਾ ਸਵਾਗਤ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਪ੍ਰਸਾਰ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ।

ਹੁਸ਼ਿਆਰਪੁਰ- ਭਾਰਤੀ ਖੇਤੀ ਖੋਜ ਪ੍ਰੀਸ਼ਦ ਅਟਾਰੀ, ਜੋਨ-1, ਲੁਧਿਆਣਾ ਦੇ ਨਿਰਦੇਸ਼ਕ, ਡਾ. ਪਰਵੇਂਦਰ ਸ਼ਿਯੋਰਾਣ ਵੱਲੋਂ 13 ਜੁਲਾਈ, 2025 ਨੂੰ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਡਾ. ਮਨਿੰਦਰ ਸਿੰਘ ਬੈਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਡਾ. ਪਰਵੇਂਦਰ ਸ਼ਿਯੋਰਾਣ ਦਾ ਸਵਾਗਤ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਪ੍ਰਸਾਰ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਇਸ ਫੇਰੀ ਦੌਰਾਨ ਡਾ. ਪਰਵੇਂਦਰ ਸ਼ਿਯੋਰਾਣ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜਾ ਪ੍ਰਬੰਧਨ, ਸਿਫ਼ਾਰਸ਼ ਕੀਤੀਆਂ ਫ਼ਸਲਾਂ ਦੀਆਂ ਕਿਸਮਾਂ ਨੂੰ ਅਪਣਾਉਣ ਅਤੇ ਕੁਦਰਤੀ ਸਰੋਤਾਂ, ਖਾਸਕਰ ਪਾਣੀ ਦੀ ਸੰਭਾਲ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਜ਼ੋਰ ਦਿੱਤਾ। ਉਹਨਾਂ ਨੇ ਰਸਾਇਣਕ ਕੀਟਨਾਸ਼ਕਾਂ 'ਤੇ ਨਿਰਭਰਤਾ ਨੂੰ ਘਟਾਉਣ ਲਈ ਸਰਵਪੱਖੀ ਕੀਟ ਪ੍ਰਬੰਧਨ ਅਤੇ ਜੈਵਿਕ ਖੇਤੀ ਅਪਨਾਉਣ ਬਾਰੇ ਵੀ ਜ਼ੋਰ ਦਿੱਤਾ। 
ਡਾ. ਸ਼ਿਯੋਰਾਣ ਨੇ ਉੱਪਜ ਵਿੱਚ ਮੁੱਲ-ਵਾਧੇ ਵਾਲੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ, ਛੋਟੀ ਕਿਸਾਨੀ ਲਈ ਸੰਯੁਕਤ ਖੇਤੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ, ਖੁੰਬ ਉਤਪਾਦਨ, ਐਗਰੋ-ਪ੍ਰੋਸੈਸਿੰਗ, ਮਧੂ ਮੱਖੀ ਪਾਲਣ, ਮੁਰਗੀ ਪਾਲਣ, ਬਕਰੀ ਪਾਲਣ ਅਤੇ ਪਸ਼ੂ ਪਾਲਣ ਵਰਗੇ ਸਹਾਇਕ ਕਿੱਤਿਆਂ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ।
ਡਾ. ਸ਼ਿਯੋਰਾਣ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਬੀਜ ਫਾਰਮ, ਲੈਬੋਰਟਰੀਆਂ, ਵੱਖ-ਵੱਖ ਪ੍ਰਦਰਸ਼ਨੀ ਇਕਾਈਆਂ, ਜਿਸ ਵਿੱਚ ਮਧੂ ਮੱਖੀ ਪਾਲਣ, ਸਬਜ਼ੀਆਂ ਅਤੇ ਫਲਾਂ ਦੀ ਘਰੇਲੂ ਬਗੀਚੀ, ਦਵਾਈਆਂ ਵਾਲੇ ਬੂਟਿਆਂ ਦੀ ਬਗੀਚੀ, ਝੋਨੇ ਦੀ ਪਰਾਲੀ 'ਤੇ ਚੱਲਣ ਵਾਲਾ ਬਾਇਓਗੈਸ ਪਲਾਂਟ, ਪਸੂ ਪਾਲਣ, ਬੱਕਰੀ ਪਾਲਣ ਇਕਾਈ, ਸਿੱਧੀ ਬਿਜਾਈ ਅਤੇ ਮਸ਼ੀਨੀ ਲੁਆਈ ਕੀਤੇ ਝੋਨੇ ਦੀਆਂ ਪ੍ਰਦਰਸ਼ਨੀਆਂ, ਤਕਨੀਕੀ ਪਾਰਕ ਅਤੇ ਹੋਰ ਤਜਰਬਿਆਂ ਦਾ ਦੌਰਾ ਵੀ ਕੀਤਾ ਅਤੇ ਕੇ.ਵੀ.ਕੇ. ਦੇ ਕੰਮ ਦੀ ਸ਼ਲਾਘਾ ਕੀਤੀ।
ਡਾ. ਸ਼ਿਯੋਰਾਣ ਨੇ ਜਿਲ੍ਹੇ ਦੇ ਪਿੰਡ ਲਾਂਬੜਾ ਵਿੱਚ ਸਥਿਤ ਇਨਾਮ ਜੇਤੂ "ਦੀ ਲਾਂਬੜਾ ਕਾਂਗੜੀ ਬਹੁਮੰਤਵੀ ਸਹਿਕਾਰੀ ਸਰਵਿਸ ਸੁਸਾਇਟੀ, ਲਿਮਿਟਿਡ" ਦਾ ਵੀ ਦੌਰਾ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਹਿਕਾਰੀ ਸਭਾ, ਇੱਕ ਆਦਰਸ਼ ਸਹਿਕਾਰੀ ਸਭਾ ਵਜੋਂ ਉੱਭਰ ਕੇ ਆਈ ਹੈ ਅਤੇ ਉਹਨਾਂ ਨੇ ਇਸ ਦੇ ਬਹੁਪੱਖੀ ਅਤੇ ਨਵੇਕਲੇ ਕੰਮਾਂ ਦੀ ਸ਼ਲਾਘਾ ਕੀਤੀ।
ਇਸ ਤੋਂ ਇਲਾਵਾ, ਉਹਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਇਨਾਮ ਜੇਤੂ ਅਗਾਂਹਵਧੂ ਕਿਸਾਨ ਸ. ਨਰਿੰਦਰ ਸਿੰਘ, ਪਿੰਡ ਅੱਜੋਵਾਲ ਤੇ ਸ੍ਰੀ ਗੁਰਦੀਪ ਸਿੰਘ, ਪਿੰਡ ਕੋਟ ਫਤੂਹੀ ਦੇ ਖੇਤਾਂ ਦਾ ਵੀ ਦੌਰਾ ਕੀਤਾ ਅਤੇ ਉਹਨਾਂ ਦੇ ਉੱਦਮਾਂ ਨੂੰ ਸਰਾਹਿਆ।
ਅੰਤ ਵਿੱਚ ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ), ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਨੇ ਡਾ. ਸ਼ਿਯੋਰਾਣ ਦਾ ਉਹਨਾਂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਦੌਰੇ ਅਤੇ ਉਹਨਾਂ ਵੱਲੋਂ ਦਿੱਤੇ ਕੀਮਤੀ ਸੁਝਾਵਾਂ ਤੇ ਕੇ.ਵੀ.ਕੇ. ਦੀ ਸੁਚਾਰੂ ਕਾਰਗੁਜਾਰੀ ਬਾਬਤ ਦਿੱਤੇ ਜਾ ਰਹੇ ਵੱਡਮੁੱਲੇ ਸਹਿਯੋਗ ਬਾਬਤ ਧੰਨਵਾਦ ਕੀਤਾ।