
ਨਿੱਕੀਆਂ ਕਰੂੰਬਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਤਿਹਾਸਕ ਪ੍ਰਾਪਤੀ ਹੈ- ਡਾ. ਜਸਵੰਤ ਰਾਏ
ਮਾਹਿਲਪੁਰ- ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਤਿਹਾਸਕ ਪ੍ਰਾਪਤੀ ਹੈ। ਇਹ ਵਿਚਾਰ ਹੁਸ਼ਿਆਰਪੁਰ ਦੇ ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਨਿੱਕੀਆਂ ਕਰੂੰਬਲਾਂ ਦਾ ਤਾਜ਼ਾ ਅੰਕ ਲੋਕ ਅਰਪਣ ਕਰਦਿਆਂ ਆਖੇ। ਉਹਨਾਂ ਅੱਗੇ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਤਿੰਨ ਦਹਾਕਿਆਂ ਤੋਂ ਨਿਰੰਤਰ ਛਪਣ ਵਾਲਾ ਇਹ ਇੱਕੋ ਇੱਕ ਪੰਜਾਬੀ ਬਾਲ ਰਸਾਲਾ ਹੈ ਜਿਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਹੋ ਚੁੱਕਾ ਹੈ।
ਮਾਹਿਲਪੁਰ- ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਤਿਹਾਸਕ ਪ੍ਰਾਪਤੀ ਹੈ। ਇਹ ਵਿਚਾਰ ਹੁਸ਼ਿਆਰਪੁਰ ਦੇ ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਨਿੱਕੀਆਂ ਕਰੂੰਬਲਾਂ ਦਾ ਤਾਜ਼ਾ ਅੰਕ ਲੋਕ ਅਰਪਣ ਕਰਦਿਆਂ ਆਖੇ। ਉਹਨਾਂ ਅੱਗੇ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਤਿੰਨ ਦਹਾਕਿਆਂ ਤੋਂ ਨਿਰੰਤਰ ਛਪਣ ਵਾਲਾ ਇਹ ਇੱਕੋ ਇੱਕ ਪੰਜਾਬੀ ਬਾਲ ਰਸਾਲਾ ਹੈ ਜਿਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਹੋ ਚੁੱਕਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਲਈ ਇਹ ਇਤਿਹਾਸਕ ਪ੍ਰਾਪਤੀ ਹੈ ਕਿਉਂਕਿ ਅੱਜ ਪੰਜਾਬੀ ਭਾਸ਼ਾ ਵਿੱਚ ਬੱਚਿਆਂ ਲਈ ਨਿੱਜੀ ਖੇਤਰ ਦਾ ਤਿੰਨ ਦਹਾਕਿਆਂ ਤੋਂ ਨਿਰੰਤਰ ਛਪਣ ਵਾਲਾ ਕੋਈ ਹੋਰ ਰਸਾਲਾ ਮੌਜੂਦ ਨਹੀਂ ਹੈ।
ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਦਿਨ ਰਾਤ ਇੱਕ ਕਰਕੇ ਇਸ ਰਸਾਲੇ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਚਲਿਤ ਕੀਤਾ ਹੈ। ਨੈੱਟ ਤੇ ਇਹ ਰਸਾਲਾ (www.Nikkiankarumblan.com) ਮੁਫ਼ਤ ਉਪਲਬਧ ਕਰਵਾਇਆ ਜਾਂਦਾ ਹੈ। ਇਹ ਰਸਾਲਾ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਦਾ ਹਰਮਨ ਪਿਆਰਾ ਰਸਾਲਾ ਬਣ ਚੁੱਕਾ ਹੈ। ਖਿੜ ਰਹੀਆਂ ਕਰੂੰਬਲਾਂ ਤੋਂ ਇਲਾਵਾ ਸਨਮਾਨਿਤ ਸਾਹਿਤਕਾਰਾਂ ਦੀਆਂ ਰਚਨਾਵਾਂ ਇਸ ਰਸਾਲੇ ਦੀ ਸ਼ਾਨ ਬਣਦੀਆਂ ਹਨ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਨੇ ਇਸ ਗੱਲ ਤੇ ਫ਼ਖ਼ਰ ਮਹਿਸੂਸ ਕੀਤਾ ਕਿ ਪੰਜਾਬੀ ਭਾਸ਼ਾ ਵਿੱਚ ਨੰਗੇ ਧੜ ਲੜਨ ਵਾਲੇ ਬਲਜਿੰਦਰ ਮਾਨ ਵਰਗੇ ਯੋਧੇ ਮੌਜੂਦ ਹਨ। ਉਹਨਾਂ ਕਰੂੰਬਲਾਂ ਪਰਿਵਾਰ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਨਿਰਸਵਾਰਥੀ ਭਾਵਨਾ ਨਾਲ ਕੀਤੇ ਕਾਰਜ ਕਦੀ ਵਿਅਰਥ ਨਹੀਂ ਜਾਂਦੇ। ਦੇਸ਼ ਵਿਦੇਸ਼ ਵਿੱਚ ਇਸ ਰਸਾਲੇ ਨੂੰ ਪਾਠਕ ਬੜੀ ਚਾਹਤ ਨਾਲ ਪੜ੍ਹਦੇ ਹਨ। ਪੰਜਾਬ ਭਵਨ ਸਰੀ ਵਿੱਚ ਬੈਠੇ ਪਾਠਕ ਇਸ ਦੀ ਤੀਬਰ ਇੱਛਾ ਨਾਲ ਉਡੀਕ ਕਰਦੇ ਹਨ।
ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੇ ਇੰਚਾਰਜ ਉਂਕਾਰ ਸਿੰਘ ਤੇਜੇ, ਸਟੇਟ ਅਵਾਰਡੀ ਨਿਤਿਨ ਸੁਮਨ, ਸਟੇਟ ਅਵਾਰਡੀ ਅਜੇ ਕੁਮਾਰ ਖਟਕੜ, ਯੰਗ ਅਵਾਰਡੀ ਵੰਧਨਾ ਹੀਰ, ਅੰਜੂ ਵ ਰੱਤੀ, ਡਾ.ਕੇਵਲ ਰਾਮ, ਪਰਦੀਪ ਸਿੰਘ ਮੌਜੀ ,ਰਾਮ ਤੀਰਥ ਪਰਮਾਰ ,ਜਸਵੀਰ ਸਿੱਧੂ ਅਤੇ ਹਰਜਿੰਦਰ ਸਿੰਘ ਨਿਆਣਾ ਨੇ ਰਸਾਲੇ ਦੀ ਸਮੀਖਿਆ ਕਰਦਿਆਂ ਕਿਹਾ ਕਿ ਰਸਾਲੇ ਦੇ ਇੱਕ ਅੰਕ ਵਿੱਚ ਤਿੰਨ ਪੁਸਤਕਾਂ ਕਵਿਤਾਵਾਂ, ਕਹਾਣੀਆਂ ਅਤੇ ਲੇਖਾਂ ਦਾ ਆਨੰਦ ਮਿਲ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਸਗੋਂ ਮਨੋਰੰਜਕ ਰਚਨਾਵਾਂ ਬੱਚਿਆਂ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਨੂੰ ਵੀ ਪ੍ਰਫੁਲਤ ਕਰਦੀਆਂ ਹਨ।
ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਵਿਦਿਆਰਥੀ ਸਾਹਿਤਕਾਰਾਂ ਦੀ ਇੱਕ ਪਨੀਰੀ ਤਿਆਰ ਕੀਤੀ ਜਾ ਰਹੀ ਹੈ ਜੋ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੀ ਹੈ। ਉਹਨਾਂ ਇਸ ਗੱਲ ਤੇ ਖੁਸ਼ੀ ਮਹਿਸੂਸ ਕੀਤੀ ਕਿ ਜਿਹੜੇ ਵਿਦਿਆਰਥੀ ਇਸ ਰਸਾਲੇ ਦੇ ਪਾਠਕ ਹਨ ਉਹ ਵਿੱਦਿਅਕ ਅਤੇ ਕਲਾਤਮਿਕ ਖੇਤਰਾਂ ਵਿੱਚ ਵੀ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ। ਇਸ ਪ੍ਰਕਾਰ ਇਹ ਰਸਾਲਾ ਵਿਦਿਆਰਥੀਆਂ ਦੇ ਜੀਵਨ ਨੂੰ ਸ਼ਿੰਗਾਰਨ ਅਤੇ ਸੰਵਾਰਨ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ।
ਸੁਖਮਨ ਸਿੰਘ ਅਤੇ ਕਮਲਜੀਤ ਨੀਲੋਂ ਵਰਗੇ ਸਾਹਿਤਕਾਰ ਅਤੇ ਚਿੱਤਰਕਾਰ ਇਸਦੀ ਦਿੱਖ ਨੂੰ ਮਨਮੋਹਕ ਬਣਾਉਂਦੇ ਹਨ। ਇਸ ਮੌਕੇ ਚੈਂਚਲ ਸਿੰਘ ਬੈਂਸ, ਬੱਗਾ ਸਿੰਘ ਆਰਟਿਸਟ,ਕੇਵਲ ਕੌਰ, ਗੀਤਾਂਜਲੀ, ਸਤ ਪ੍ਰਕਾਸ਼ ,ਸ਼ਮਾ ਰਾਣੀ, ਪਰਮਿਲਾ ਦੇਵੀ, ਅਰਵਿੰਦਰ ਕੌਰ, ਸਰਬਜੀਤ ਕੌਰ, ਬੰਧਨਾ ਸੈਣੀ, ਯੋਗੇਸ਼ ਕੌਲ ਯੋਗੀ, ਦੇਸ ਰਾਜ, ਮੱਖਣ ਬਖਲੌਰ, ਸੁਰਿੰਦਰ ਕੌਰ, ਮਨਜਿੰਦਰ ਕੁਮਾਰ, ਸਤ ਪ੍ਰਕਾਸ਼, ਕੇਵਲ ਕੌਰ, ਗੀਤਾਂਜਲੀ, ਰਮਨਜੋਤ ਕੌਰ ਸਿੱਧੂ ਰਾਵੀ, ਹਰਜਿੰਦਰ ਸਿੰਘ ਨਿਆਣਾ ਅਤੇ ਕਮਲੇਸ਼ ਕੌਰ ਸਿੱਧੂ, ਦਲਜੀਤ ਕੌਰ, ਹਰਵੀਰ ਮਾਨ ਅਤੇ ਸਿਮਰਤ ਕੌਰ ਸਮੇਤ ਸਾਹਿਤ ਪ੍ਰੇਮੀ ਸ਼ਾਮਿਲ ਹੋਏ।
ਬਲਜਿੰਦਰ ਮਾਨ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਵਿੱਚੋਂ ਬਚਪਨ ਨੂੰ ਗੁਆਚਣ ਨਾ ਦੇਵੋ। ਬੱਚਿਆਂ ਨੂੰ ਖੁਸ਼ੀਆਂ ਵੰਡ ਕੇ ਜਿਹੜਾ ਆਨੰਦ ਪ੍ਰਾਪਤ ਹੁੰਦਾ ਹੈ ਉਹ ਕਿਸੇ ਹੋਰ ਤਰੀਕੇ ਨਾਲ ਹਾਸਲ ਨਹੀਂ ਕੀਤਾ ਜਾ ਸਕਦਾ।
