
ਮੁਹਾਲੀ ਪੁਲੀਸ ਵੱਲੋਂ ਭੋਲੇ ਭਾਲੇ ਲੋਕਾਂ ਨਾਲ ਫਰਜ਼ੀ ਕਾਲ ਸੈਂਟਰ ਚਲਾ ਕੇ ਧੋਖਾਧੜੀ ਕਰਨ ਵਾਲੇ 2 ਸੈਂਟਰਾਂ ਦੇ 10 ਵਿਅਕਤੀ ਕਾਬੂ
ਐਸ.ਏ.ਐਸ. ਨਗਰ, 23 ਜੂਨ- ਰੇਂਜ ਐਂਟੀ ਨਾਰਕੋਟਿਕਸ ਕਮ ਸਪੈਸ਼ਲ ਆਪਰੇਸ਼ਨ ਸੈੱਲ (ਰੇਂਜ ਰੂਪਨਗਰ ਕੈਂਪ ਸੈਕਟਰ 79) ਮੁਹਾਲੀ ਦੀ ਟੀਮ ਵੱਲੋਂ ਫਰਜ਼ੀ ਕਾਲ ਸੈਂਟਰ ਚਲਾ ਕੇ ਭੋਲੇ ਭਾਲੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ 2 ਸੈਂਟਰਾਂ ਦੇ 10 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਐਸ.ਏ.ਐਸ. ਨਗਰ, 23 ਜੂਨ- ਰੇਂਜ ਐਂਟੀ ਨਾਰਕੋਟਿਕਸ ਕਮ ਸਪੈਸ਼ਲ ਆਪਰੇਸ਼ਨ ਸੈੱਲ (ਰੇਂਜ ਰੂਪਨਗਰ ਕੈਂਪ ਸੈਕਟਰ 79) ਮੁਹਾਲੀ ਦੀ ਟੀਮ ਵੱਲੋਂ ਫਰਜ਼ੀ ਕਾਲ ਸੈਂਟਰ ਚਲਾ ਕੇ ਭੋਲੇ ਭਾਲੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ 2 ਸੈਂਟਰਾਂ ਦੇ 10 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਸਪੈਸ਼ਲ ਆਪਰੇਸ਼ਨ ਸੈੱਲ ਦੇ ਡੀ.ਐਸ.ਪੀ. ਰੁਪਿੰਦਰ ਦੀਪ ਕੌਰ ਸੋਹੀ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਡੀ.ਆਈ.ਜੀ. ਸ੍ਰੀ ਹਰਚਰਨ ਸਿੰਘ ਭੁੱਲਰ ਦੀਆਂ ਹਦਾਇਤਾਂ ’ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾਰੀ ਮੁਹਿੰਮ ਦੇ ਦੌਰਾਨ ਵਿਦੇਸ਼ੀ ਭੋਲੇ ਭਾਲੇ ਲੋਕਾਂ ਨਾਲ ਫਰਜ਼ੀ ਕਾਲ ਸੈਂਟਰ ਚਲਾ ਕੇ ਲੈਪਟਾਪ ਅਤੇ ਕੰਪਿਊਟਰ ’ਤੇ ਲਾਗਇਨ ਕਰਕੇ ਠੱਗੀ ਮਾਰਦੇ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਰੇਂਜ ਐਂਟੀ-ਨਾਰਕੋਟਿਕਸ ਕਮ ਸਪੈਸ਼ਲ ਆਪਰੇਸ਼ਨ ਸੈੱਲ ਦੀ ਟੀਮ ਦੇ ਇੰਚਾਰਜ ਇੰਸਪੈਕਟਰ ਦਰਬਾਰਾ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋਂ ਮੁਖਬਰ ਦੀ ਇਤਲਾਹ ’ਤੋਂ ਮਨਚੰਦਾ ਟਾਵਰ (ਪਲਾਟ ਨੰਬਰ ਡੀ-133 ਸੀ, ਫੇਜ਼-7 ਮੁਹਾਲੀ) ਵਿਖੇ ਰੇਡ ਕੀਤੀ ਗਈ, ਜਿੱਥੇ ਪਹਿਲੀ ਅਤੇ ਤੀਜੀ ਮੰਜ਼ਿਲ ’ਤੇ ਫਰਜ਼ੀ ਕਾਲ ਸੈਂਟਰ ਚੱਲ ਰਹੇ ਸਨ। ਉਨ੍ਹਾਂ ਦੱਸਿਆ ਕਿ ਪਹਿਲੀ ਮੰਜ਼ਿਲ ’ਤੇ ਵਿਦੇਸ਼ੀ ਭੋਲੇ ਭਾਲੇ ਲੋਕਾਂ ਨਾਲ ਠੱਗੀ ਕਰਦਿਆਂ ਕਾਲ ਸੈਂਟਰ ਦੇ ਮਾਲਕ ਮਨਮੀਤ ਸਿੰਘ ਬਨਵੈਤ ਵਾਸੀ ਸੈਕਟਰ 53 ਮੁਹਾਲੀ ਅਤੇ ਸਟਾਫ ਮੈਂਬਰਾਂ (ਅਨਮੋਲ ਮਲਹੋਤਰਾ ਵਾਸੀ ਸ਼ਿਵਜੋਤ ਖਰੜ ਮੁਹਾਲੀ, ਜਸਨੀਤ ਕੌਰ ਵਾਸੀ ਖਰੜ, ਨਰਮਿਤਾ ਵਾਸੀ ਸੈਕਟਰ 117 ਮੁਹਾਲੀ, ਗੁਰਪ੍ਰੀਤ ਸਿੰਘ ਫੇਜ਼-1 ਮੁਹਾਲੀ, ਵੂਗਸੈਮ ਹੁੰਗਈਓ ਵਾਸੀ ਦੀਮਾਪੁਰ ਸਦਰ, ਨਾਗਾਲੈਂਡ, ਹਾਲ ਵਾਸੀ ਪੀ.ਜੀ. ਬਲੌਂਗੀ) ਨੂੰ 5 ਲੈਪਟਾਪ ਸਮੇਤ ਹੈਡਫੋਨ, 9 ਮੋਬਾਇਲ ਫੋਨ ਅਤੇ ਇਨ੍ਹਾਂ ਵੱਲੋਂ ਦਫਤਰੀ ਕੰਮਕਾਰ ਲਈ ਵਰਤੀਆਂ ਜਾ ਰਹੀਆਂ ਲਗਜ਼ਰੀ ਗੱਡੀਆਂ (ਜਿਨ੍ਹਾਂ ਵਿੱਚ ਇੱਕ ਫਾਰਚੂਨਰ ਗੱਡੀ, ਇੱਕ ਜੈਜ਼ ਅਤੇ ਇੱਕ ਵਰਨਾ ਸਮੇਤ) ਕਾਬੂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਵੱਲੋਂ ਫਰਜ਼ੀ ਕਾਲ ਸੈਂਟਰ ਚਲਾ ਕੇ ਪੇਅਪਾਲ ਵੱਲੋਂ ਈਮੇਲ ਬਲਾਸਟਿੰਗ ਰਾਹੀਂ ਵਿਦੇਸ਼ੀ ਲੋਕਾਂ ਨੂੰ ਬਿਟ ਕੁਆਇਨ ਪਰਚੇਸ ਅਤੇ ਅਮਾਜ਼ਾਨ ਪਰਚੇਸ ਸਬੰਧੀ ਈਮੇਲਾਂ ਭੇਜੀਆਂ ਜਾਂਦੀਆਂ ਸਨ। ਇਹਨਾਂ ਵੱਲੋਂ ਦਿੱਤੇ ਗਏ ਟੋਲ ਫਰੀ ਨੰਬਰਾਂ (ਜੋ ਕਿ ਇਨ੍ਹਾਂ ਦੇ ਆਪਣੇ ਲੈਪਟਾਪ ’ਤੇ ਐਕਲਾਈਟ ਐਪ ’ਤੇ ਚੱਲਦੇ ਸਨ) ’ਤੇ ਕਾਲ ਕਰਨ ’ਤੇ ਵਿਦੇਸ਼ੀ ਲੋਕਾਂ ਨੂੰ ਦੱਸਿਆ ਜਾਂਦਾ ਸੀ ਕਿ ਉਨ੍ਹਾਂ ਦਾ ਪੇਅਪਾਲ ਅਕਾਊਂਟ ਹੈਕ ਹੋ ਗਿਆ ਹੈ ਜਾਂ ਫਿਰ ਕਿਸੇ ਵਿਅਕਤੀ ਵੱਲੋਂ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਵਰਤਿਆ ਜਾ ਰਿਹਾ ਹੈ ਅਤੇ ਵੱਖ-ਵੱਖ ਲੋਕੇਸ਼ਨਾਂ ’ਤੇ ਆਨਲਾਈਨ ਬਿਟ ਕੁਆਇਨ ਪਰਚੇਸ ਕੀਤੇ ਜਾ ਰਹੇ ਹਨ।
ਫਿਰ ਕਾਲਰ ਵੱਲੋਂ ਕਾਲ ’ਤੇ ਇਹ ਦੱਸ ਕੇ ਕਿ ਉਨ੍ਹਾਂ ਦੀ ਕਾਲ ਬੈਂਕ ਨੂੰ ਟ੍ਰਾਂਸਫਰ ਕੀਤੀ ਜਾ ਰਹੀ ਹੈ, ਉਸੇ ਦਫਤਰ ਵਿੱਚ ਬੈਠੇ ਨਜ਼ਦੀਕੀ ਨੂੰ ਦੇ ਦਿੱਤੀ ਜਾਂਦੀ ਸੀ, ਜਿਸ ਵੱਲੋਂ ਰਿਫੰਡ ਦੀ ਗੱਲ ਕਹਿ ਕੇ ਵਿਦੇਸ਼ੀ ਲੋਕਾਂ ਕੋਲੋਂ ਐਪਲ ਦਾ ਗਿਫਟ ਕਾਰਡ ਮੰਗਵਾ ਕੇ ਉਸ ਵਿੱਚ ਪੈਸੇ ਕਢਵਾ ਲਏ ਜਾਂਦੇ ਸਨ ਅਤੇ ਯੂ.ਐਸ.ਡੀ.ਟੀ. ਅਤੇ ਹਵਾਲਾ ਰਾਹੀਂ ਆਪਣੇ ਪਾਸ ਟ੍ਰਾਂਸਫਰ ਕਰਕੇ ਭਾਰਤ ਵਿੱਚ ਕੈਸ਼ ਕਰਵਾ ਲਿਆ ਜਾਂਦਾ ਸੀ ਅਤੇ ਇਸ ਤਰੀਕੇ ਨਾਲ ਵਿਦੇਸ਼ੀ ਲੋਕਾਂ ਨਾਲ ਠੱਗੀ ਮਾਰੀ ਜਾਂਦੀ ਸੀ।
ਉਨ੍ਹਾਂ ਦੱਸਿਆ ਕਿ ਇਸ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਫਰਜ਼ੀ ਕਾਲ ਸੈਂਟਰ ਬਣਾ ਕੇ ਵਿਦੇਸ਼ੀ ਭੋਲੇ ਭਾਲੇ ਲੋਕਾਂ ਨਾਲ ਕੰਪਿਊਟਰ ’ਤੇ ਲਾਗਇਨ ਕੀਤੇ ਹੋਏ ਠੱਗੀ ਮਾਰਨ ਦੇ ਦੋਸ਼ ਹੇਠ ਮੈਨੇਜਰ ਮੋਰਿਆ ਨਾਥ ਉਰਫ ਕ੍ਰਿਸਟੋਫਰ ਵਾਸੀ ਦਵਾਰਕਾ, ਦਿੱਲੀ (ਹਾਲ ਵਾਸੀ ਐਰੋ ਸਿਟੀ, ਮੁਹਾਲੀ) ਅਤੇ ਉਸਦੇ ਸਾਥੀ ਕਰਮਚਾਰੀਆਂ ਇਸ਼ੂ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ (ਹਾਲ ਵਾਸੀ ਸਵਰਾਜ ਇੰਕਲੇਵ ਸੰਤੇ ਮਾਜਰਾ ਖਰੜ), ਰਿਨਚੈਨ ਵਿਨੈਇਲ ਵਾਸੀ ਭੂਟਾਨ (ਹਾਲ ਵਾਸੀ ਜੇ.ਬੀ.ਪੀ. ਕਰੈਸਟ ਖਰੜ), ਡੋਲੀ ਕੁਮਾਰੀ ਵਾਸੀ ਝਾਰਖੰਡ (ਹਾਲ ਵਾਸੀ ਸਰਿਲਾ ਅਪਾਰਟਮੈਂਟ, ਸਿਵਾਲਿਕ ਸਿਟੀ ਖਰੜ) ਨੂੰ ਕਾਬੂ ਕੀਤਾ ਗਿਆ ਅਤੇ ਇਨ੍ਹਾਂ ’ਤੋਂ 4 ਸੀ.ਪੀ.ਯੂ. ਸਮੇਤ 4 ਹੈਡਫੋਨ ਅਤੇ ਮੈਨੇਜਰ ਦੇ 5 ਮੋਬਾਇਲ ਫੋਨ ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਵੁਕਤ ਵਿਅਕਤੀਆਂ ਵੱਲੋਂ ਟ੍ਰੈਵਲ ਕੰਪਨੀ ਦੇ ਨਾਮ ’ਤੇ ਫਰਜ਼ੀ ਕਾਲ ਸੈਂਟਰ ਚਲਾ ਕੇ ਇੱਕ ਵੈਬਸਾਈਟ ਰਾਹੀਂ ਐਡ ਚਲਾ ਕੇ ਵਿਦੇਸ਼ੀ ਲੋਕਾਂ ਨੂੰ ਸਸਤੇ ਭਾਅ ਵਿੱਚ ਟਿਕਟਾਂ ਦੇ ਰੇਟ ਦਿੱਤੇ ਜਾਂਦੇ ਸਨ ਅਤੇ ਫਿਰ ਵਿਦੇਸ਼ੀ ਲੋਕਾਂ ਨੂੰ ਕਾਲ ਕਰਕੇ ਉਨ੍ਹਾਂ ਦੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਦੀ ਡਿਟੇਲ ਹਾਸਲ ਕਰਕੇ ਉਨ੍ਹਾਂ ਨੂੰ ਟਿਕਟ ਬੁਕਿੰਗ ਦੇ ਨਾਮ ’ਤੇ ਵੱਖ-ਵੱਖ ਵੈਂਡਰਾਂ ਰਾਹੀਂ ਗੈਰਕਾਨੂੰਨੀ ਢੰਗ ਨਾਲ ਰਜਿਸਟਰਡ ਕੀਤੇ ਗਏ ਪੇਮੈਂਟ ਗੇਟਵੇ ’ਤੇ ਚਾਰਜ ਕਰ ਲਿਆ ਜਾਂਦਾ ਸੀ। ਇਸ ਸਬੰਧੀ ਕਸਟਮਰ ’ਤੋਂ ਈ-ਮੇਲ ਰਾਹੀਂ ਟ੍ਰਾਂਜੈਕਸ਼ਨ ਅਪ੍ਰੂਵ ਕਰਵਾ ਲਈ ਜਾਂਦੀ ਸੀ ਅਤੇ ਜੋ ਕਿ ਪੇਮੈਂਟ ਗੇਟਵੇ ਵਾਲੇ ਆਪਣਾ ਕਮੀਸ਼ਨ ਕੱਟ ਕੇ ਆਰੋਪੀਆਂ ਨੂੰ ਉਨ੍ਹਾਂ ਦੇ ਖਾਤੇ ਅਤੇ ਕੈਸ਼ ਵਿੱਚ ਭਾਰਤ ਵਿੱਚ ਪੈਸੇ ਦੇ ਦਿੰਦੇ ਸਨ। ਜਿਸ ਸਬੰਧੀ ਟਿਕਟ ਨਾ ਦੇ ਕੇ ਵਿਦੇਸ਼ੀ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰੀ ਜਾਂਦੀ ਸੀ।
