ਬਡਹੇੜੀ ਦੀ ਡਿਸਪੈਂਸਰੀ ਵਿੱਚ ਜਨ ਅਰੋਗਿਆ ਸਮਿਤੀ ਦੀ ਮੀਟਿੰਗ ਹੋਈ

ਚੰਡੀਗੜ੍ਹ, 29 ਮਈ: ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ "ਜਨ ਅਰੋਗਿਆ ਸਮਿਤੀ" ਦੇ ਚੇਅਰਪਰਸਨ ਵਜੋਂ ਆਪਣੇ ਇਲਾਕੇ ਪਿੰਡ ਬਡਹੇੜੀ ਦੀ ਸਰਕਾਰੀ ਡਿਸਪੈਂਸਰੀ ਵਿਖੇ ਜ਼ਰੂਰੀ ਸਹੂਲਤਾਂ ਅਤੇ ਸਮੱਸਿਆਵਾਂ ਜਾਣਨ ਲਈ ਮੀਟਿੰਗ ਕੀਤੀ ਗਈ।

ਚੰਡੀਗੜ੍ਹ, 29 ਮਈ: ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ "ਜਨ ਅਰੋਗਿਆ ਸਮਿਤੀ" ਦੇ ਚੇਅਰਪਰਸਨ ਵਜੋਂ ਆਪਣੇ ਇਲਾਕੇ ਪਿੰਡ ਬਡਹੇੜੀ ਦੀ ਸਰਕਾਰੀ ਡਿਸਪੈਂਸਰੀ ਵਿਖੇ ਜ਼ਰੂਰੀ ਸਹੂਲਤਾਂ ਅਤੇ ਸਮੱਸਿਆਵਾਂ ਜਾਣਨ ਲਈ ਮੀਟਿੰਗ ਕੀਤੀ ਗਈ।
           ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕੌਂਸਲਰ ਬੁਟੇਰਲਾ ਨੇ ਦੱਸਿਆ ਕਿ ਡਾਕਟਰ ਨਵਰੀਤ ਕੌਰ ਰੈਣਾ ਵੱਲੋਂ ਦੱਸੀਆਂ ਗਈਆਂ ਕੁਝ ਸਮੱਸਿਆਵਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਉਹ ਬਤੌਰ ਚੇਅਰਮੈਨ ਹੱਲ ਕਰਵਾਉਣ ਦਾ ਯਤਨ ਕਰਨਗੇ। ਡਿਸਪੈਂਸਰੀ ਵਿੱਚ ਪਖਾਨਿਆਂ ਦੀ ਦਿੱਕਤ ਆ ਰਹੀ ਹੈ ਜਿਸ ਬਾਰੇ ਕੌਂਸਲਰ ਬੁਟੇਰਲਾ ਨੇ ਦੱਸਿਆ ਕਿ ਇਸ ਦਾ ਏਜੰਡਾ ਐਸਟੀਮੇਟ ਬਣਿਆ ਹੋਇਆ ਹੈ ਅਤੇ ਜਲਦ ਹੀ ਪਖਾਨਿਆਂ ਦੀ ਸਮੱਸਿਆ ਹੱਲ ਹੋ ਜਾਵੇਗੀ। ਕੌਂਸਲਰ ਨੇ ਡਿਸਪੈਂਸਰੀ ਦੇ ਅੰਦਰ ਅਤੇ ਬਾਹਰ ਸਾਫ-ਸਫਾਈ ਦਾ ਖਾਸ ਖਿਆਲ ਰੱਖਣ ਲਈ ਸਬੰਧਤ ਸਟਾਫ ਅਤੇ ਸਫਾਈ ਕਰਮਚਾਰੀਆਂ ਨੂੰ ਜੁਬਾਨੀ ਹਦਾਇਤਾਂ ਵੀ ਦਿੱਤੀਆਂ।
         ਇਸ ਦੇ ਨਾਲ ਹੀ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਦੀ ਵਜ੍ਹਾ੪ ਕਰਕੇ ਇੱਕ ਵਿਅਕਤੀ ਦੀ ਹੋਈ ਮੌਤ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਆਪਣੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਭਾਵੇਂ ਕਿ ਸਿਹਤ ਮਾਹਿਰਾਂ ਵੱਲੋਂ ਇਸ ਨਵੇਂ ਕਰੋਨਾ ਵੇਰੀਐਂਟ ਨੂੰ ਘੱਟ ਖਤਰਨਾਕ ਦੱਸਿਆ ਗਿਆ ਹੈ ਪ੍ਰੰਤੂ ਫਿਰ ਵੀ ਪੀਜੀਆਈ ਦੀ ਜਾਰੀ ਐਡਵਾਈਜਰੀ ਮੁਤਾਬਕ ਹਰ ਵਿਅਕਤੀ ਨੂੰ ਆਪਣੇ ਹੱਥਾਂ ਦੀ ਸਾਫ ਸਫਾਈ ਜਰੂਰੀ ਰੱਖਣੀ ਚਾਹੀਦੀ ਹੈ, ਭੀੜ ਭੜੱਕੇ ਵਿੱਚ ਜਾਣ ਤੋਂ ਗੁਰੇਜ ਕਰੋ ਜਾਂ ਫਿਰ ਮੂੰਹ 'ਤੇ ਮਾਸਕ ਜਰੂਰ ਪਹਿਨਣਾ ਚਾਹੀਦਾ ਹੈ। ਕੋਈ ਵੀ ਖਾਂਸੀ ਬੁਖਾਰ ਆਦਿ ਹੋਣ ਦੀ ਹਾਲਤ ਵਿੱਚ ਡਾਕਟਰੀ ਸਲਾਹ-ਮਸ਼ਵਰਾ ਜ਼ਰੂਰ ਲਿਆ ਜਾਵੇ।
       ਉਹਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੇ ਵਾਰਡ ਨੂੰ ਸਾਫ ਸੁਥਰਾ ਬਣਾਈ ਰੱਖਣ ਵਿੱਚ ਵੀ ਸਹਿਯੋਗ ਦੇਣ ਤਾਂ ਜੋ ਕਿਸੇ ਪ੍ਰਕਾਰ ਦੀ ਬਿਮਾਰੀ ਆਦਿ ਨਾ ਫੈਲ ਸਕੇ।
      ਮੀਟਿੰਗ ਵਿੱਚ ਜਨ ਅਰੋਗਿਆ ਸਮਿਤੀ ਦੇ ਸਕੱਤਰ ਗੁਰਚਰਨ ਸਿੰਘ ਵੀ ਮੌਜੂਦ ਸਨ।