ਸੈਕਟਰ 67 ਵਿਖੇ ਬਿਜਲੀ ਦੇ ਭਾਰੀ ਸੰਕਟ ਦੇ ਸਤਾਏ ਵਸਨੀਕਾਂ ਨੇ ਕੀਤੀ ਮੀਟਿੰਗ

ਐਸ ਏ ਐਸ ਨਗਰ, 28 ਮਈ- ਮੁਹਾਲੀ ਦੇ ਸੈਕਟਰ 67 ਵਿਖੇ ਬਿਜਲੀ ਸਪਲਾਈ ਦੇ ਭਾਰੀ ਸੰਕਟ ਕਾਰਨ ਤੰਗ ਹੋਏ ਵਸਨੀਕਾਂ ਵੱਲੋਂ ਆਈ.ਐਸ. ਪਰਮਾਰ ਅਤੇ ਆਰ.ਡਬਲਯੂ.ਏ.-ਜਲਵਾਯੂ ਵਿਹਾਰ ਸੈਕਟਰ 67 ਦੇ ਜਨਰਲ ਸਕੱਤਰ ਸ਼੍ਰੀ ਬੀ.ਐਸ. ਢਿੱਲੋਂ ਦੀ ਅਗਵਾਈ ਹੇਠ ਕਮਿਊਨਿਟੀ ਸੈਂਟਰ ਵਿਖੇ ਭਾਰੀ ਇਕੱਠ ਕਰਕੇ ਮੌਜੂਦਾ ਸਰਕਾਰ ਅਤੇ ਬਿਜਲੀ ਪ੍ਰਸ਼ਾਸਨ ਨੂੰ ਜੰਮ ਕੇ ਕੋਸਿਆ।

ਇਸ ਮੌਕੇ ਵਾਰਡ ਨੰਬਰ 25 ਦੀ ਕੌਂਸਲਰ ਮਨਜੀਤ ਕੌਰ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਟਰਾਂਸਪੋਰਟਰ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਸੈਕਟਰ 67 ਵਿਖੇ ਬਿਜਲੀ ਦਾ ਭਾਰੀ ਸੰਕਟ ਛਾਇਆ ਹੋਇਆ ਹੈ ਅਤੇ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਮਿਲਣ ਦੇ ਬਾਵਜੂਦ ਲਾਈਟ ਠੀਕ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਇਸ ਸਾਰੇ ਕੁਝ ਲਈ ਕਿਤੇ ਨਾ ਕਿਤੇ ਸਰਕਾਰ ਵੱਲੋਂ ਮੁਫਤ ਵੰਡੀ ਜਾ ਰਹੀ ਬਿਜਲੀ (ਫ੍ਰੀ ਯੂਨਿਟਾਂ) ਜਿੰਮੇਵਾਰ ਹਨ ਅਤੇ ਇਹ ਮੁਫਤ ਬਿਜਲੀ ਬੰਦ ਹੋਣੀ ਚਾਹੀਦੀ ਹੈ।
ਇਸ ਮੌਕੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਐਨ.ਐਸ. ਕਲਸੀ ਨੇ ਕਿਹਾ ਕਿ ਬਿਜਲੀ ਮਹਿਕਮੇ ਵਿਚ ਪੱਕੇ ਮੁਲਾਜਮਾਂ ਦੀ ਕਾਫੀ ਜਿਆਦਾ ਘਾਟ ਹੋਣ ਕਾਰਨ ਮਹਿਕਮੇ ਡੇਲੀ ਵੇਜਿਸ ’ਤੇ ਲੱਗੇ ਕਰਮਚਾਰੀਆਂ ’ਤੇ ਨਿਰਭਰ ਹੈ, ਪ੍ਰੰਤੂ ਡੇਲੀ ਵੇਜਿਸ ’ਤੇ ਰੱਖੇ ਆਰਜੀ ਸਟਾਫ ਵੱਲੋਂ ਹੜਤਾਲ ’ਤੇ ਚੱਲੇ ਜਾਣ ਕਾਰਨ ਇਹ ਸਮੱਸਿਆ ਆ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਮੁਲਾਜਮਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਜਾਂ ਕੋਈ ਹੋਰ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਆਮ ਲੋਕ ਖੱਜਲ-ਖੁਆਰ ਨਾ ਹੋਣ।
ਇਸ ਮੌਕੇ ਜਗਪਾਲ ਸਿੰਘ ਛੀਨਾ ਨੇ ਕਿਹਾ ਕਿ ਇਸ ਵੇਲੇ ਵਾਰ-ਵਾਰ ਟ੍ਰਾਂਸਫਾਰਮਰ ਫੇਲ ਹੋਣਾ, ਕੇਬਲ ਫਾਲਟ ਅਤੇ ਓਵਰਲੋਡ ਫੀਡਰ ਵਰਗੀਆਂ ਸਮੱਸਿਆਵਾਂ ਆਮ ਹੋ ਚੁੱਕੀਆਂ ਹਨ। ਬਿਜਲੀ ਕਟੌਤੀ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਇਸ ਸੰਬੰਧੀ ਕੋਈ ਹੱਲ ਨਾ ਹੋਇਆ ਤਾਂ ਸਾਨੂੰ ਸੜਕਾਂ ’ਤੇ ਉੱਤਰਨਾ ਪਵੇਗਾ। ਇਸ ਮੌਕੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 67 ਦੇ ਜਨਰਲ ਸਕੱਤਰ ਸ਼੍ਰੀ ਐਸ.ਕੇ. ਬੁੱਗਾ ਨੇ ਵੀ ਸੰਬੋਧਨ ਕੀਤਾ।