ਸ਼ਹਿਰ ਦੀ ਆਪਣੀ ਲੋਕਲ ਬੱਸ ਸੇਵਾ ਨਾ ਹੋਣ ਕਾਰਨ ਮਨਮਰਜੀ ਦੇ ਰੇਟ ਵਸੂਲਦੇ ਹਨ ਆਟੋ ਰਿਕਸ਼ਾ ਦੇ ਚਾਲਕ

ਐਸ ਏ ਐਸ ਨਗਰ, 28 ਮਈ- ਸਾਡੇ ਸ਼ਹਿਰ ਨੂੰ ਭਾਵੇਂ ਇਕ ਵਿਸ਼ਵ ਪੱਧਰੀ ਅਤੇ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਹਾਸਲ ਹੈ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਵਿਚ ਭਾਵੇਂ ਮੁਹਾਲੀ ਸ਼ਹਿਰ ਦੇ ਵਸਨੀਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਪਰੰਤੂ ਸ਼ਹਿਰ ਵਾਸੀਆਂ ਦੀ ਜਨਤਕ ਆਵਾਜਾਈ ਲਈ ਲੋਕਲ ਬੱਸ ਸੇਵਾ ਦੀ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਸ਼ਹਿਰ ਵਿਚ ਇਕ ਥਾਂ ਤੋਂ ਦੂਜੀ ਥਾਂ ਤਕ ਜਾਣ ਲਈ ਸਵਾਰੀ ਸਿਸਟਮ ਦੇ ਆਧਾਰ ’ਤੇ ਚੱਲਦੇ ਆਟੋ ਰਿਕਸ਼ਿਆਂ ’ਤੇ ਨਿਰਭਰ ਹੋਣਾ ਪੈਂਦਾ ਹੈ ਜਿਹਨਾਂ ਦੇ ਚਾਲਕ ਲੋਕਾਂ ਤੋਂ ਮਨਮਰਜੀ ਦੇ ਰੇਟ ਵਸੂਲਦੇ ਹਨ।

ਅਜਿਹਾ ਆਮ ਵੇਖਣ ਵਿਚ ਆਇਆ ਹੈ ਕਿ ਇਹਨਾਂ ਆਟੋ ਰਿਕਸ਼ਿਆਂ ਦੇ ਚਾਲਕ ਸਮਰੱਥਾ ਤੋਂ ਵੱਧ ਸਵਾਰੀਆਂ ਲੈਂਦੇ ਹਨ। ਇਹ ਆਟੋ ਚਾਲਕ ਬਹੁਤ ਤੇਜ ਰਫਤਾਰ ਨਾਲ ਆਟੋ ਚਲਾਉਂਦੇ ਹਨ, ਜਿਸ ਕਾਰਨ ਅਕਸਰ ਹਾਦਸੇ ਵਾਪਰਨ ਦਾ ਖਤਰਾ ਪੈਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਤੇਜ ਰਫਤਾਰ ਨਾਲ ਜਾ ਰਹੇ ਆਟੋ ਚਾਲਕ ਵੱਲੋਂ ਸਵਾਰੀਆਂ ਲਾਹੁਣ ਜਾਂ ਬਿਠਾਉਣ ਲਈ ਅਚਾਨਕ ਬ੍ਰੇਕ ਲਗਾ ਦਿੱਤੀ ਜਾਂਦੀ ਹੈ, ਜਿਸ ਕਾਰਨ ਇਹਨਾਂ ਦੇ ਪਿੱਛੇ ਆ ਰਹੇ ਵਾਹਨਾਂ ਦਾ ਇਹਨਾਂ ਆਟੋ ਰਿਕਸ਼ਿਆਂ ਨਾਲ ਟਕਰਾਉਣ ਦਾ ਖਤਰਾ ਪੈਦਾ ਹੋ ਜਾਂਦਾ ਹੈ।
ਸਥਾਨਕ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਚੱਲਦੇ ਆਟੋ ਰਿਕਸ਼ਿਆਂ ਦਾ ਕਿਰਾਇਆ ਨਿਸ਼ਚਿਤ ਨਾ ਕੀਤੇ ਜਾਣ ਕਾਰਨ ਆਟੋ ਚਾਲਕ ਲੋਕਾਂ ਤੋਂ ਮਨਮਰਜੀ ਦੇ ਰੇਟ ਵਸੂਲਦੇ ਹਨ ਅਤੇ ਅਜਿਹਾ ਕਰਕੇ ਇਹਨਾਂ ਆਟੋ ਚਾਲਕਾਂ ਵੱਲੋਂ ਲੋਕਾਂ ਦੀ ਆਰਥਿਕ ਲੁੱਟ ਕੀਤੀ ਜਾਂਦੀ ਹੈ। ਆਟੋ ਰਿਕਸ਼ਿਆਂ ਵਿਚ ਸਫਰ ਕਰਨ ਲਈ ਮਜਬੂਰ ਲੋਕਾਂ ਦੀ ਇਸ ਤਰੀਕੇ ਨਾਲ ਕੀਤੀ ਜਾਂਦੀ ਆਰਥਿਕ ਲੁੱਟ ਨੂੰ ਰੋਕਣ ਲਈ ਨਾ ਤਾਂ ਸਰਕਾਰ ਵੱਲੋਂ ਕੁਝ ਕੀਤਾ ਜਾਂਦਾ ਹੈ ਅਤੇ ਨਾ ਹੀ ਲੋਕਲ ਪ੍ਰਸ਼ਾਸਨ ਵੱਲੋਂ ਕੋਈ ਕਦਮ ਚੁੱਕੇ ਜਾਂਦੇ ਹਨ।
ਆਟੋ ਚਾਲਕਾਂ ਵੱਲੋਂ ਲੋਕਾਂ ਤੋਂ ਵੱਧ ਪੈਸੇ ਮੰਗਣ ਕਰਕੇ ਕਈ ਵਾਰ ਆਟੋ ਚਾਲਕਾਂ ਅਤੇ ਸਵਾਰੀਆਂ ਵਿਚਾਲੇ ਵਿਵਾਦ ਵੀ ਹੁੰਦਾ ਹੈ, ਪਰ ਆਮ ਲੋਕ ਲੜਾਈ-ਝਗੜੇ ਤੋਂ ਡਰਦੇ ਹੋਏ ਆਟੋ ਚਾਲਕਾਂ ਵੱਲੋਂ ਮੰਗੇ ਗਏ ਕਿਰਾਏ ਦੇਣ ਲਈ ਮਜਬੂਰ ਹੋ ਜਾਂਦੇ ਹਨ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਹਨਾਂ ਆਟੋ ਰਿਕਸ਼ਿਆਂ ਦੇ ਕਿਰਾਏ ਦੀ ਦਰ (ਦੂਰੀ ਦੇ ਹਿਸਾਬ ਨਾਲ) ਤੈਅ ਕਰਕੇ ਲੋਕਾਂ ਤੋਂ ਵੱਧ ਪੈਸੇ ਲੈਣ ਵਾਲੇ ਆਟੋ ਚਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਸ਼ਹਿਰ ਦੀ ਆਪਣੀ ਲੋਕਲ ਬੱਸ ਸੇਵਾ ਸ਼ੁਰੂ ਕੀਤੀ ਜਾਵੇ।