ਮੋਗਾ ’ਚ ਪੁਲੀਸ ਦੀ ਨਿਹੰਗ ਬਾਣੇ ‘ਚ ਆਏ ਤਿੰਨ ਨੌਜਵਾਨਾਂ ਨਾਲ ਤਿੱਖੀ ਝੜਪ

ਮੋਗਾ, 18 ਮਈ- ਕੋਟਕਪੂਰਾ ਬਾਈਪਾਸ ਉੱਤੇ ਇਥੇ ਲੰਘੀ ਦੇਰ ਸ਼ਾਮ ਇੱਕ ਹੋਟਲ ਦੇ ਬਾਹਰ ਨਿਹੰਗ ਬਾਣੇ ‘ਚ ਆਏ ਤਿੰਨ ਨੌਜਵਾਨਾਂ ਦੀ ਪੁਲੀਸ ਮੁਲਾਜ਼ਮਾਂ ਨਾਲ ਤਿੱਖੀ ਝੜਪ ਹੋਣ ਦੀ ਵੀਡੀਓ ਵਾਇਰਲ (Viral Video) ਹੋ ਰਹੀ ਹੈ। ਵਾਇਰਲ ਵੀਡੀਓ ਵਿਚ ਪੁਲੀਸ ਤੇ ਨਿਹੰਗ ਗੁੱਥਮ-ਗੁੱਥਾ ਹੋ ਰਹੇ ਹਨ। ਸਿਟੀ ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮ ਹੋਟਲ ਮਾਲਕ ਤੋਂ ਫਿਰੌਤੀ ਦੇਣ ਲਈ ਦਬਾਅ ਬਣਾ ਰਹੇ ਸਨ।

ਡੀਐੱਸਪੀ ਸਿਟੀ ਰਵਿੰਦਰ ਸਿੰਘ ਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਜਗਰਾਜ ਸਿੰਘ ਪਿੰਡ ਜਲਾਲਾਬਾਦ ਪੂਰਬੀ, ਸ਼ੇਰ ਸਿੰਘ ਉਰਫ ਮਨਮੋਹਨ ਸਿੰਘ ਵਾਸੀ ਕੋਠੇ ਸ਼ੇਰ ਜੰਗ, ਜਗਰਾਉਂ ਅਤੇ ਕੁਲਵਿੰਦਰ ਸਿੰਘ ਪਿੰਡ ਸਫ਼ੀਪੁਰ ਥਾਣਾ ਸਿੱਧਵਾਂ ਬੇਟ, ਜਗਰਾਉਂ ਵਜੋਂ ਹੋਈ ਹੈ।
ਪੁਲੀਸ ਮੁਤਾਬਕ ਸੁਮਿਤ ਕੁਮਾਰ ਵਾਸੀ ਮੋਗਾ ਦੇ ਬਿਆਨ ਉੱਤੇ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਮੁਤਾਬਕ ਉਸ ਦੇ ਦੋਸਤ ਸਾਜਨ ਨੇ ਕੋਟਕਪੂਰਾ ਬਾਈਪਾਸ ਉੱਤੇ ਹੋਟਲ ਠੇਕੇ ਉੱਤੇ ਲਿਆ ਹੋਇਆ ਹੈ। ਉਹ ਆਪਣੇ ਦੋਸਤ ਕੋਲ ਗਿਆ ਸੀ। ਇਸ ਦੌਰਾਨ ਮਹਿੰਦਰਾ ਐਕਸਯੂਵੀ ਗੱਡੀ ਉੱਤੇ ਆਏ ਮੁਲਜ਼ਮਾਂ ਨੇ ਪੈਸਿਆਂ ਦੀ ਮੰਗ ਕੀਤੀ ਅਤੇ ਲੜਾਈ ਝਗੜਾ ਕਰਨ ਲੱਗ ਪਏ। ਇਸ ਦੌਰਾਨ ਮੁਲਜ਼ਮਾਂ ਨੇ ਉਸਦਾ ਰਿਵਾਲਵਰ ਖੋਹ ਲਿਆ।
ਇਤਲਾਹ ਮਿਲਣ ’ਤੇ ਪੁਲੀਸ ਮੌਕੇ ਉੱਤੇ ਪੁੱਜ ਗਈ ਤੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲੀਸ ਨਾਲ ਉਲਝ ਪਏ ਅਤੇ ਹਵਾ ਵਿਚ ਤਲਵਾਰਾਂ ਲਹਿਰਾਈਆਂ। ਪੁਲੀਸ ਨੇ ਬੜੀ ਮੁਸ਼ਕੱਤ ਨਾਲ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲੀਸ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਪੁੱਛਗਿੱਛ ਵਿਚ ਮੰਨਿਆ ਕਿ ਉਹ ਹੋਰ ਵੀ ਦੁਕਾਨਦਾਰਾਂ ਤੋਂ ਡਰਾ ਧਮਕਾ ਕੇ ਜਬਰੀ ਵਸੂਲੀ ਦਾ ਧੰਦਾ ਕਰਦੇ ਹਨ। ਮੁਲਜ਼ਮਾਂ ਤੇ ਪੁਲੀਸ ਦਰ ਮਿਆਨ ਹੱਥੋਪਾਈ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।