ਨਰੋਏ ਭਵਿੱਖ ਦੀ ਸਿਰਜਣਾ ਵਿੱਚ ਨਿੱਕੀਆਂ ਕਰੂੰਬਲਾਂ ਦਾ ਵਿਸ਼ੇਸ਼ ਯੋਗਦਾਨ ਹੈ - ਗੁਰਸਿਮਰਨਜੀਤ ਕੌਰ

ਹੁਸ਼ਿਆਰਪੁਰ- ਇੰਡੀਆ ਬੁਕ ਆਫ ਰਿਕਾਰਡਸ ਵਿੱਚ ਦਰਜ ਪੰਜਾਬੀ ਦੇ ਇੱਕੋ ਇੱਕ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦਾ ਨਰੋਏ ਭਵਿੱਖ ਦੀ ਸਿਰਜਣਾ ਵਿੱਚ ਵਿਸ਼ੇਸ਼ ਯੋਗਦਾਨ ਹੈ। ਇਹ ਵਿਚਾਰ ਗੁਰਸਿਮਰਨਜੀਤ ਕੌਰ ਐਸਡੀਐਮ ਹੁਸ਼ਿਆਰਪੁਰ ਨੇ ਇੱਕ ਸਾਹਿਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੇ। ਉਹਨਾਂ ਅੱਗੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਜਿੱਥੇ ਬੱਚਿਆਂ ਨੂੰ ਨਰੋਆ ਅਤੇ ਰੌਚਕ ਸਾਹਿਤ ਮੁਹਈਆ ਕੀਤਾ ਜਾ ਰਿਹਾ ਹੈ ਉੱਥੇ ਉਹਨਾਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ।

ਇਹਨਾਂ ਸ਼ਾਨਦਾਰ ਉਪਰਾਲਿਆਂ ਵਾਸਤੇ ਰਸਾਲੇ ਦੇ ਸੰਪਾਦਕ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਅਤੇ ਕਰੂੰਬਲਾਂ ਪਰਿਵਾਰ ਵਧਾਈ ਦਾ ਹੱਕਦਾਰ ਹੈ। ਅੱਜ ਹਰ ਮਾਪੇ ਤੇ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੀ ਉਮਰ ਗੁੱਟ ਅਨੁਸਾਰ ਉਸ ਹੱਥ ਪੁਸਤਕ ਫੜਾਵੇ ਤਾਂ ਕਿ ਉਹ ਇੰਟਰਨੈਟ ਅਤੇ ਮੋਬਾਈਲ ਦੀ ਦੁਨੀਆ ਤੋਂ ਬਚ ਕੇ ਆਪਣੇ ਜੀਵਨ ਨੂੰ ਸ਼ਿੰਗਾਰ ਸਕੇ। ਬੱਚਿਆਂ ਨੂੰ ਇਹ ਪ੍ਰੇਰਨਾ ਸਾਡੇ ਤੋਂ ਮਿਲੇਗੀ ਇਸ ਲਈ ਸਾਨੂੰ ਸਭ ਨੂੰ ਪੁਸਤਕਾਂ ਦਾ ਆਨੰਦ ਮਾਨਣਾ ਚਾਹੀਦਾ ਹੈ।
     ਇਸ ਮੌਕੇ ਨਹਿਰੂ ਯੁਵਾ ਕੇਂਦਰ ਸੰਗਠਨ (ਭਾਰਤ ਸਰਕਾਰ) ਹੁਸ਼ਿਆਰਪੁਰ ਦੇ ਸਾਬਕਾ ਯੂਥ ਸਲਾਹਕਾਰ ਨੈਸ਼ਨਲ ਯੂਥ ਅਵਾਰਡੀ ਪ੍ਰਮੋਦ ਸ਼ਰਮਾ ਅਤੇ ਜ਼ਿਲ੍ਹਾ ਯੂਥ ਅਵਾਰਡੀ ਕੋਚ ਅਮਰਜੀਤ ਸਿੰਘ ਠਰੋਲੀ ਨੇ ਕਿਹਾ ਕਿ ਜਿਵੇਂ ਸਾਨੂੰ ਸਭ ਨੂੰ ਆਕਸੀਜਨ ਦੀ ਜ਼ਰੂਰਤ ਹੈ ਉਸੇ ਤਰ੍ਹਾਂ ਵਿਦਿਆਰਥੀਆਂ ਨੂੰ ਬਾਲ ਸਾਹਿਤ ਦੀ ਲੋੜ ਹੈ। ਇਸ ਵਾਸਤੇ ਮਾਪੇ ਤੇ ਅਧਿਆਪਕਾਂ ਨੂੰ ਬਹੁਤ ਸੁਚੇਤ ਹੋਣਾ ਪਵੇਗਾ। ਜੇਕਰ ਅਸੀਂ ਵਿਦਿਆਰਥੀਆਂ ਨੂੰ ਰੌਚਕ ਸਾਹਿਤ ਨਾਲ ਨਹੀਂ ਜੋੜਦੇ ਤਾਂ ਉਹ ਇਨਸਾਨ ਨਹੀਂ ਸਗੋਂ ਮਸ਼ੀਨੀ ਮਨੁੱਖ ਬਣਦੇ ਹਨ। 
ਇਸ ਲਈ ਉਚੇਰੀਆਂ ਕਦਰਾਂ ਕੀਮਤਾਂ ਦਾ ਸੰਚਾਰ ਕਰਨ ਵਾਸਤੇ ਸਾਹਿਤਕ ਪੁਸਤਕਾਂ ਬੱਚਿਆਂ ਹੱਥ ਦਿੱਤੀਆਂ ਜਾਣ। ਜਿਸਦੀ ਪੂਰਤੀ ਵਾਸਤੇ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦਿਨ ਰਾਤ ਜੁੱਟਿਆ ਹੋਇਆ ਹੈ। ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਨੇ ਇਸ ਮੌਕੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਲ ਸਾਹਿਤ ਦਾ ਪ੍ਰਕਾਸ਼ਨ ਕਰਨਾ ਕੋਈ ਬਿਜ਼ਨਸ ਵਾਲਾ ਕੰਮ ਨਹੀਂ। ਜੇਕਰ ਇਹ ਬਿਜਨਸ ਵਾਲਾ ਕੰਮ ਹੁੰਦਾ ਤਾਂ ਅੱਜ ਪੰਜਾਬ ਵਿਚੋਂ ਅਨੇਕਾਂ ਬਾਲ ਰਸਾਲੇ ਪ੍ਰਕਾਸ਼ਿਤ ਹੁੰਦੇ। ਇਹ ਤਾਂ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ। 
ਸਾਡਾ ਮਨੋਰਥ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਰਾਹੀਂ ਅਮੀਰ ਵਿਰਾਸਤ ਨਾਲ ਜੋੜ ਕੇ ਉਚੇਰੀਆਂ ਨੈਤਿਕ ਕਦਰਾਂ ਕੀਮਤਾਂ ਨਾਲ ਲੈਸ ਕਰਨਾ ਹੈ। ਇਸ ਮੌਕੇ ਦਵਿੰਦਰ ਸਿੰਘ, ਵਰਿੰਦਰ ਕੁਮਾਰ, ਸੁਰਿੰਦਰ ਸਿੰਘ, ਹਰਮਨਪ੍ਰੀਤ ਕੌਰ, ਚੈਂਚਲ ਸਿੰਘ ਬੈਂਸ, ਬਲਬੀਰ ਸਿੰਘ ਭੱਟੀ, ਬੱਗਾ ਸਿੰਘ ਆਰਟਿਸਟ, ਸੁਖਮਨ ਸਿੰਘ, ਹਰਵੀਰ ਮਾਨ , ਪ੍ਰਿੰ. ਮਨਜੀਤ ਕੌਰ, ਮਨਜਿੰਦਰ ਹੀਰ ਅਤੇ ਪਵਨ ਸਕਰੂਲੀ ਸਮੇਤ ਸਾਹਿਤ ਪ੍ਰੇਮੀ ਸ਼ਾਮਿਲ ਹੋਏ।