
ਦਸੰਬਰ 1992 ਵਿੱਚ ਜਨੂੰਨ ਅਤੇ ਜੋਸ਼ ਦੀ ਬਦੌਲਤ ਸ੍ਰੀ ਰਾਮ ਮੰਦਰ ਦੀ ਮੁੜ ਸਥਾਪਨਾ ਸੰਭਵ ਹੋਈ : ਬਿੱਟੂ ਭਾਜੀ
ਦਸੰਬਰ 1992 ਵਿੱਚ ਜਨੂੰਨ ਅਤੇ ਜੋਸ਼ ਦੀ ਬਦੌਲਤ ਸ੍ਰੀ ਰਾਮ ਮੰਦਰ ਦੀ ਮੁੜ ਸਥਾਪਨਾ ਸੰਭਵ ਹੋਈ : ਬਿੱਟੂ ਭਾਜੀ
ਗੜਸ਼ੰਕਰ, 4 ਨਵੰਬਰ-ਰਾਮ ਨਾਮ ਜਪਣ ਵਾਲੀਆਂ ਸਮੂਹ ਸੰਗਤਾਂ ਵਿੱਚ 22 ਜਨਵਰੀ 2024 ਦੇ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ ਜਿਸ ਦਿਨ ਅਯੋਧਿਆ ਵਿੱਚ ਸ੍ਰੀ ਰਾਮ ਜਨਮ ਭੂਮੀ ਅਯੋਧਿਆ ਵਿੱਚ ਰਾਮ ਮੰਦਰ ਦੇ ਗਰਭ ਗ੍ਰਹਿ ਵਿੱਚ ਪ੍ਰਾਣ ਪ੍ਰਤਿਸ਼ਠਾ ਉਪਰੰਤ ਦਰਸ਼ਨਾ ਲਈ ਮੰਦਰ ਵਿੱਚ ਸ਼ਰਧਾਲੂ ਜਾ ਸਕਣਗੇ।
ਸ੍ਰੀ ਰਾਮ ਜਨਮ ਭੂਮੀ ਵਿੱਚ ਦਸੰਬਰ 1992 ਵਿੱਚ ਕਾਰ ਸੇਵਕਾਂ ਵਜੋਂ ਪਹੁੰਚੇ ਲੱਖਾਂ ਕਾਰ ਸੇਵਕਾਂ ਵਿੱਚੋਂ ਇੱਕ ਦਲਵੀਰ ਸਿੰਘ ਬਿੱਟੂ ਭਾਜੀ ਮੁੱਖ ਸੇਵਾਦਾਰ, ਜਨਮ ਅਸਥਾਨ ਅਤੇ ਸਮਾਧੀ ਧੰਨ ਧੰਨ ਬਾਪੂ ਕੁੰਭ ਦਾਸ ਜੀ ਮਹਾਰਾਜ, ਗੀਤਾ ਨਗੀਨਾ ਧਾਮ ਪਿੰਡ ਪਾਹਲੇਵਾਲ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਮੌਕੇ ਦੇ ਜੋਸ਼ ਅਤੇ ਜਨੂਨ ਨੂੰ ਅੱਜ ਵੀ ਜਦ ਯਾਦ ਕਰਦੇ ਹਾਂ ਤਾਂ ਰੋਮ ਰੋਮ ਰਾਮ ਭਗਤੀ ਵਿੱਚ ਲੀਨ ਹੋ ਜਾਂਦਾ ਹੈ।
ਉਹਨਾਂ ਦੱਸਿਆ ਕਿ ਅਯੋਧਿਆ ਪਹੁੰਚਣ ਦੀ ਪ੍ਰੇਰਨਾ ਪਾਹਲੇਵਾਲ ਤੋਂ ਮੋਹਨ ਜੀ ਨੇ ਉਹਨਾਂ ਨੂੰ ਦਿੱਤੀ ਅਤੇ ਪਿਤਾ ਸਵਰਗੀਆ ਜੁਗਲ ਕਿਸ਼ੋਰ ਦੀ ਆਗਿਆ ਲੈਣ ਉਪਰੰਤ 1 ਦਸੰਬਰ 1992 ਨੂੰ ਉਹ ਆਪਣੇ ਪੰਜ ਹੋਰ ਸਾਥੀਆਂ ਸਮੇਤ ਗੜਸ਼ੰਕਰ ਤੋਂ ਅਯੋਧਿਆ ਲਈ ਰਵਾਨਾ ਹੋਏ ਸਨ। ਬੱਸ ਰਾਹੀਂ ਲੁਧਿਆਣਾ ਪਹੁੰਚਣ ਉਪਰੰਤ ਅਯੋਧਿਆ ਲਈ ਟ੍ਰੇਨ ਰਾਹੀਂ ਸਫਰ ਕੀਤਾ।
ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਤਤਕਾਲੀਨ ਸਰਕਾਰਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਤਿੰਨ ਦਸੰਬਰ ਨੂੰ ਉਹ ਅਯੋਧਿਆ ਦੀ ਪਵਿੱਤਰ ਧਰਤੀ ਤੇ ਪਹੁੰਚ ਗਏ ਅਤੇ ਸ਼ਾਮ ਤੱਕ ਇੱਕ ਤੰਬੂ ਵਿੱਚ ਰਹਿਣ ਦਾ ਜੁਗਾੜ ਵੀ ਹੋ ਗਿਆ।
ਖਾਣ ਪੀਣ ਦਾ ਪ੍ਰਬੰਧ ਸਥਾਨਕ ਲੋਕਾਂ ਨੇ ਆਪਣੇ ਘਰਾਂ ਵਿੱਚ ਸਮੂਹ ਕਾਰ ਸੇਵਕਾਂ ਲਈ ਕਰ ਦਿੱਤਾ ਜਿਸ ਨਾਲ ਸਾਰੀ ਸ਼ਕਤੀ ਇਸ ਗੱਲ ਤੇ ਕੇਂਦਰਿਤ ਹੋ ਗਈ ਕਿ ਹੁਣ ਕਾਰ ਸੇਵਾ ਕਿੰਝ ਸ਼ੁਰੂ ਕਰਨੀ ਹੈ।
ਉਹਨਾਂ ਦੱਸਿਆ ਕਿ ਪੰਜ ਦਸੰਬਰ ਦੀ ਸ਼ਾਮ ਨੂੰ ਜਦ ਇਹ ਫੈਸਲਾ ਹੋਇਆ ਕਿ ਇੱਕ ਇੱਕ ਮੁੱਠੀ ਰੇਤ ਦੀ ਹਰ ਕਾਰ ਸੇਵਕ ਰੱਖ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਜਾਣ ਤਾਂ ਕਾਰ ਸੇਵਕਾਂ ਵਿੱਚ ਅਸੰਤੁਸ਼ਟੀ ਦੀ ਭਾਵਨਾ ਪੈਦਾ ਹੋ ਗਈ ਉਪਰੰਤ ਇਸ ਦੇ ਸਤਿਕਾਰਯੋਗ ਉਮਾ ਭਾਰਤੀ ਅਤੇ ਰਤੰਬਰਾ ਜੀ ਨੇ ਜਿਸ ਤਰ੍ਹਾਂ ਕਾਰ ਸੇਵਕਾਂ ਵਿੱਚ ਜੋਸ਼ ਭਰਨ ਲਈ ਖੁਦ ਅੱਗੇ ਆ ਕੇ ਹਨੂਮਾਨ ਚਲੀਸਾ ਦਾ ਪਾਠ ਆਰੰਭ ਕੀਤਾ ਤਾਂ ਫਿਰ ਦੇਖਦੇ ਹੀ ਦੇਖਦੇ ਉਹ ਕੁਝ ਹੋ ਗਿਆ ਜਿਸ ਦੀ ਬਦੌਲਤ ਅੱਜ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਮੰਦਰ ਦੇ ਨਿਰਮਾਣ ਦੇ ਅੰਜਾਮ ਤੱਕ ਉਹ ਸੇਵਾ ਪਹੁੰਚ ਗਈ।
ਉਹਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸ੍ਰੀ ਰਾਮ ਮੰਦਿਰ ਦੇ ਸੰਬੰਧ ਵਿੱਚ ਜੋ ਵੀ ਸਮਾਜ ਅੰਦਰ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਉਹਨਾਂ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇਗੀ।
