
ਕੌਮਾਂਤਰੀ ਬਾਲ ਲੇਖਕ ਕਾਨਫਰੰਸ ਵਿੱਚ ਹੁਸ਼ਿਆਰਪੁਰ ਦੇ 21 ਵਿਦਿਆਰਥੀਆਂ ਨੇ ਭਾਗ ਲਿਆ- ਬਲਜਿੰਦਰ ਮਾਨ
ਮਾਹਿਲਪੁਰ - ਪੰਜਾਬ ਭਵਨ ਸਰੀ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਦੁਆਰਾ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਜ਼ਿਲਾ ਸੰਗਰੂਰ ਵਿੱਚ ਆਯੋਜਿਤ ਕੀਤੀ ਗਈ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲਾ ਹੁਸ਼ਿਆਰਪੁਰ ਦੇ 21 ਪੁੰਗਰਦੇ ਸਾਹਿਤਕਾਰਾਂ ਨੇ ਭਾਗ ਲਿਆ।
ਮਾਹਿਲਪੁਰ - ਪੰਜਾਬ ਭਵਨ ਸਰੀ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਦੁਆਰਾ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਜ਼ਿਲਾ ਸੰਗਰੂਰ ਵਿੱਚ ਆਯੋਜਿਤ ਕੀਤੀ ਗਈ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲਾ ਹੁਸ਼ਿਆਰਪੁਰ ਦੇ 21 ਪੁੰਗਰਦੇ ਸਾਹਿਤਕਾਰਾਂ ਨੇ ਭਾਗ ਲਿਆ।
ਇਹ ਜਾਣਕਾਰੀ ਦਿੰਦਿਆਂ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਅਤੇ ਉੱਘੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਦੱਸਿਆ ਕਿ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਯੋਜਿਤ ਕੀਤੇ ਗਏ ਇੱਸ ਵਿਸ਼ਾਲ ਸਮਾਰੋਹ ਵਿੱਚ ਪੂਰੇ ਵਿਸ਼ਵ ਵਿੱਚੋਂ 800 ਤੋਂ ਵੱਧ ਵਿਦਿਆਰਥੀਆਂ 200 ਅਧਿਆਪਕਾਂ ਅਤੇ 25 ਦੇ ਕਰੀਬ ਬਾਲ ਸਾਹਿਤ ਲੇਖਕਾਂ ਨੇ ਭਾਗ ਲਿਆ।
ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਦੀ ਅਗਵਾਈ ਹੇਠ ਆਯੋਜਿਤ ਕੀਤੀ ਇਸ ਵਿਸ਼ਾਲ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲਾ ਹੁਸ਼ਿਆਰਪੁਰ ਦੇ 21 ਵਿਦਿਆਰਥੀ ਮੁੱਖ ਸੰਪਾਦਕ ਪ੍ਰਦੀਪ ਸਿੰਘ ਮੌਜੀ, ਕੇਵਲ ਕੌਰ, ਸਤ ਪ੍ਰਕਾਸ਼, ਗੀਤਾਂਜਲੀ, ਨਿਤਨ ਸੁਮਨ ਅਤੇ ਮੈਡਮ ਪ੍ਰੋਮਿਲਾ ਦੀ ਅਗਵਾਈ ਹੇਠ ਪੁੱਜੇ। ਇਹਨਾਂ ਵਿਦਿਆਰਥੀਆਂ ਨੇ ਇਸ ਕਾਨਫਰੰਸ ਵਿੱਚ ਆਯੋਜਿਤ ਕੀਤੇ ਮੁਕਾਬਲਿਆਂ ਵਿੱਚ ਆਪਣੀਆਂ ਕਲਮਾਂ ਨਾਲ ਸ਼ਾਨਦਾਰ ਜੌਹਰ ਵਿਖਾਏ।
ਇਸ ਕਾਨਫਰੰਸ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ ਮੁੱਖ ਮਹਿਮਾਨ ਤੋਂ ਲੈ ਕੇ ਸਟੇਜ ਸੰਚਾਲਨ ਤੱਕ ਦਾ ਕਾਰਜ ਵਿਦਿਆਰਥੀ ਹੀ ਕਰਦੇ ਵੇਖੇ ਗਏ। ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਰਗ ਵਾਸਤੇ ਤਿੰਨ ਪੰਡਾਲ ਲਗਾਏ ਗਏ । ਮੁੱਖ ਪੰਡਾਲ ਵਿੱਚ ਉੱਘੀ ਅਦਾਕਾਰਾ ਬਲਜੀਤ ਸ਼ਰਮਾ ਨੇ ਰਸੀਲੀ ਭਾਸ਼ਾ ਵਿੱਚ ਸਟੇਜ ਸੰਚਾਲਨ ਕਰਦਿਆਂ ਬੱਚਿਆਂ ਦੀ ਅਗਵਾਈ ਕੀਤੀ। 27 ਬਾਲ ਲੇਖਕਾਂ ਨੂੰ ਸਰਦਾਰ ਅਰਜਨ ਸਿੰਘ ਬਾਠ ਯਾਦਗਾਰੀ ਸ਼੍ਰੋਮਣੀ ਬਾਲ ਲੇਖਕ ਅਵਾਰਡਾਂ ਵਿੱਚ ਪਹਿਲੀ ਥਾਂ ਵਾਲਿਆਂ ਨੂੰ 11 ਹਜ਼ਾਰ, ਦੂਜੀ ਨੂੰ 7100 ਅਤੇ ਤੀਸਰੀ ਨੂੰ 5100 ਦੇ ਨਗਦ ਪੁਰਸਕਾਰ ਦਿੱਤੇ ਗਏ।
ਇੱਕ ਦਰਜਨ ਦੇ ਕਰੀਬ ਬਾਲ ਸਾਹਿਤ ਲੇਖਕਾਂ ਦੁਆਰਾ ਰਚੀਆਂ ਪੁਸਤਕਾਂ ਦਾ ਵਿਮੋਚਨ ਵੀ ਕੀਤਾ ਗਿਆ। ਕੈਂਸਰ ਰੋਕੋ ਮਿਸ਼ਨ ਦੇ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਉਚੇਚੇ ਤੌਰ ਤੇ ਹਾਜ਼ਰ ਹੋਏ। ਸੁੱਖੀ ਬਾਠ ਨੇ ਸਭ ਦੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦਾ ਇਹ ਪ੍ਰੋਜੈਕਟ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤਾ ਵਾਸਤੇ ਆਪ ਸਭ ਦੇ ਸਹਿਯੋਗ ਨਾਲ ਜਾਰੀ ਰਹੇਗਾ। ਇਹਨਾਂ ਵਿਦਿਆਰਥੀਆਂ ਕੋਲ ਸੁਰਜੀਤ ਪਾਤਰ ਅਤੇ ਅੰਮ੍ਰਿਤਾ ਪ੍ਰੀਤਮ ਬਣਨ ਦੀਆਂ ਸੰਭਾਵਨਾਵਾਂ ਮੌਜੂਦ ਹਨ।
ਇਸ ਕੌਮਾਂਤਰੀ ਕਾਨਫਰੰਸ ਦੇ ਮੁਕਾਬਲਿਆਂ ਵਿੱਚ ਜੱਜ ਵਜੋਂ ਯੋਗਦਾਨ ਪਾਉਣ ਲਈ ਬਲਜਿੰਦਰ ਮਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਹਨਾਂ ਨਾਲ ਕਰੂੰਬਲਾਂ ਨਿਊਜ਼ ਦੇ ਸੰਪਾਦਕ ਹਰਵੀਰ ਮਾਨ ਨੇ ਵੀ ਸਹਿਯੋਗੀ ਭੂਮਿਕਾ ਅਦਾ ਕੀਤੀ।
