
ਪਾਕਿਸਤਾਨੀ ਖਿਡਾਰੀ ਨੂੰ ਸੱਦਾ ਦੇਣ ’ਤੇ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਨੀਰਜ ਚੋਪੜਾ ਨੇ ਦਿੱਤਾ ਜਵਾਬ
ਨਵੀਂ ਦਿੱਲੀ, 26 ਅਪਰੈਲ- ਦੋ ਵਾਰ ਓਲੰਪਿਕ ਤਗ਼ਮਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਨੂੰ ਐੱਨਸੀ ਕਲਾਸਿਕ ਵਿਚ ਭਾਗ ਲੈਣ ਦਾ ਸੱਦਾ ਦੇਣ ਲਈ ਉਸ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਹ ਇਕ ਖਿਡਾਰੀ ਵੱਲੋਂ ਦੂਜੇ ਖਿਡਾਰੀ ਨੂੰ ਸੱਦਾ ਸੀ ਜੋ ਪਹਿਲਗਾਮ ਅਤਿਵਾਦੀ ਹਮਲੇ ਤੋਂ ਪਹਿਲਾਂ ਭੇਜਿਆ ਗਿਆ ਸੀ।
ਨਵੀਂ ਦਿੱਲੀ, 26 ਅਪਰੈਲ- ਦੋ ਵਾਰ ਓਲੰਪਿਕ ਤਗ਼ਮਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਨੂੰ ਐੱਨਸੀ ਕਲਾਸਿਕ ਵਿਚ ਭਾਗ ਲੈਣ ਦਾ ਸੱਦਾ ਦੇਣ ਲਈ ਉਸ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਹ ਇਕ ਖਿਡਾਰੀ ਵੱਲੋਂ ਦੂਜੇ ਖਿਡਾਰੀ ਨੂੰ ਸੱਦਾ ਸੀ ਜੋ ਪਹਿਲਗਾਮ ਅਤਿਵਾਦੀ ਹਮਲੇ ਤੋਂ ਪਹਿਲਾਂ ਭੇਜਿਆ ਗਿਆ ਸੀ।
ਟੋਕੀਓ ਓਲੰਪਿਕ ਦੇ ਸੋਨ ਤਗ਼ਮਾ ਜੇਤੂ ਅਤੇ ਹਰਿਆਣਾ ਦੇ ਪੈਰਿਸ ਖੇਡਾਂ ਦੇ ਚਾਂਦੀ ਤਗ਼ਮਾ ਜੇਤੂ ਸਟਾਰ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਪੋਸਟਾਂ ਵਿਚ ਉਸਦੀ ਅਤੇ ਉਸਦੇ ਪਰਿਵਾਰ ਦੀ ਇਮਾਨਦਾਰੀ ’ਤੇ ਸਵਾਲ ਉਠਾਉਂਦੇ ਦੇਖ ਕੇ ਬਹੁਤ ਦੁਖੀ ਹੈ। ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਨੇ ਪਾਕਿਸਤਾਨੀ ਖਿਡਾਰੀ ਨਦੀਮ ਨੂੰ 24 ਮਈ ਨੂੰ ਬੰਗਲੁਰੂ ਵਿਚ ਹੋਣ ਵਾਲੇ ਪਹਿਲੇ ਨੀਰਜ ਚੋਪੜਾ ਕਲਾਸਿਕ ਲਈ ਸੱਦਾ ਦਿੱਤਾ ਸੀ। ਹਾਲਾਂਕਿ ਨਦੀਮ ਨੇ ਆਪਣੇ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਸੱਦਾ ਠੁਕਰਾ ਦਿੱਤਾ ਸੀ।
ਚੋਪੜਾ ਨੇ ਸੋਸ਼ਲ ਮੀਡੀਆ ’ਤੇ ਇੱਕ ਲੰਬੀ ਪੋਸਟ ਵਿੱਚ ਲਿਖਿਆ, “ਨੀਰਜ ਚੋਪੜਾ ਕਲਾਸਿਕ ਵਿਚ ਹਿੱਸਾ ਲੈਣ ਲਈ ਅਰਸ਼ਦ ਨਦੀਮ ਨੂੰ ਮੇਰੇ ਸੱਦੇ ਬਾਰੇ ਬਹੁਤ ਚਰਚਾ ਹੋ ਰਹੀ ਹੈ ਅਤੇ ਇਸ ਵਿੱਚੋਂ ਜ਼ਿਆਦਾਤਰ ਨਫ਼ਰਤ ਭਰਿਆ ਅਤੇ ਇਤਰਾਜ਼ਯੋਗ ਹੈ। ਉਨ੍ਹਾਂ ਨੇ ਮੇਰੇ ਪਰਿਵਾਰ ਨੂੰ ਵੀ ਨਹੀਂ ਬਖਸ਼ਿਆ।” ਉਸ ਨੇ ਲਿਖਿਆ, “ਮੈਂ ਆਮ ਤੌਰ ’ਤੇ ਜ਼ਿਆਦਾ ਨਹੀਂ ਬੋਲਦਾ ਪਰ ਇਸਦਾ ਮਤਲਬ ਇਹ ਨਹੀਂ ਕਿ ਮੈਂ ਗਲਤ ਦੇ ਖ਼ਿਲਾਫ਼ ਨਹੀਂ ਬੋਲਾਂਗਾ। ਉਹ ਵੀ ਉਦੋਂ ਜਦੋਂ ਸਾਡੇ ਦੇਸ਼ ਲਈ ਮੇਰੇ ਪਿਆਰ ’ਤੇ ਸਵਾਲ ਉਠਾਏ ਜਾ ਰਹੇ ਹੋਣ ਅਤੇ ਮੇਰੇ ਪਰਿਵਾਰ ਦੀ ਇੱਜ਼ਤ ਦਾਅ ‘ਤੇ ਲੱਗੀ ਹੋਵੇ।”
ਚੋਪੜਾ ਨੇ ਕਿਹਾ ਕਿ ਸੱਦਾ ਪੱਤਰ ਸੋਮਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਦੋ ਦਿਨ ਪਹਿਲਾਂ ਭੇਜਿਆ ਗਿਆ ਸੀ, ਜੋ ਕਿ ਇਕ ਖਿਡਾਰੀ ਵੱਲੋਂ ਦੂਜੇ ਖਿਡਾਰੀ ਨੂੰ ਸੱਦਾ ਸੀ ਅਤੇ ਇਸ ਤੋਂ ਵੱਧ ਜਾਂ ਘੱਟ ਕੁਝ ਨਹੀਂ। ਉਨ੍ਹਾਂ ਕਿਹਾ ਨੀਰਜ ਚੋਪੜਾ ਕਲਾਸਿਕ ਦਾ ਉਦੇਸ਼ ਭਾਰਤ ਦੇ ਸਭ ਤੋਂ ਵਧੀਆ ਖਿਡਾਰੀਆਂ ਨੂੰ ਬਾਹਰ ਲਿਆਉਣਾ ਅਤੇ ਸਾਡੇ ਦੇਸ਼ ਵਿਚ ਇਕ ਵਿਸ਼ਵ ਪੱਧਰੀ ਖੇਡ ਸਮਾਗਮ ਦਾ ਆਯੋਜਨ ਕਰਨਾ ਹੈ।
ਇਸ ਦੌਰਾਨ ਚੋਪੜਾ ਨੇ ਪਿਛਲੇ ਸਾਲ ਪੈਰਿਸ ਖੇਡਾਂ ਤੋਂ ਬਾਅਦ ਆਪਣੀ ਮਾਂ ਸਰੋਜ ਦੇ ਬਿਆਨ ’ਤੇ ਵੀ ਚਾਨਣਾ ਪਾਇਆ ਜਿਸ ਵਿਚ ਉਸ ਨੇ ਨਦੀਮ ਨੂੰ ਆਪਣੇ ਪੁੱਤਰ ਦੇ ਸਮਾਨ ਦੱਸਿਆ ਸੀ। ਉਨ੍ਹਾਂ ਕਿਹਾ “ਮੈਨੂੰ ਇਹ ਵੀ ਸਮਝਣਾ ਮੁਸ਼ਕਲ ਲੱਗਦਾ ਹੈ ਕਿ ਲੋਕ ਕਿਵੇਂ ਰਾਏ ਬਦਲਦੇ ਹਨ। ਜਦੋਂ ਮੇਰੀ ਮਾਂ ਨੇ ਆਪਣੀ ਸਾਦਗੀ ਵਿਚ ਇਕ ਸਾਲ ਪਹਿਲਾਂ ਇਕ ਮਾਸੂਮ ਟਿੱਪਣੀ ਕੀਤੀ ਸੀ, ਤਾਂ ਉਸਦੇ ਵਿਚਾਰਾਂ ਦੀ ਪ੍ਰਸ਼ੰਸਾ ਦਾ ਮੀਂਹ ਵਰ੍ਹਿਆ ਸੀ। ਅੱਜ, ਉਹੀ ਲੋਕ ਉਸੇ ਬਿਆਨ ਲਈ ਉਸਨੂੰ ਨਿਸ਼ਾਨਾ ਬਣਾਉਣ ਤੋਂ ਪਿੱਛੇ ਨਹੀਂ ਹਟੇ ਹਨ।’’
ਉਸਨੇ ਲਿਖਿਆ, ‘‘ਪਿਛਲੇ 48 ਘੰਟਿਆਂ ਵਿੱਚ ਜੋ ਕੁਝ ਹੋਇਆ, ਉਸ ਤੋਂ ਬਾਅਦ ਅਰਸ਼ਦ ਦੇ ਐੱਨਸੀ ਕਲਾਸਿਕ ਵਿੱਚ ਖੇਡਣ ਦਾ ਕੋਈ ਸਵਾਲ ਹੀ ਨਹੀਂ ਸੀ। ਮੇਰਾ ਦੇਸ਼ ਅਤੇ ਇਸਦੇ ਹਿੱਤ ਹਮੇਸ਼ਾ ਪਹਿਲਾਂ ਆਉਂਦੇ ਹਨ। ਮੇਰੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਉਨ੍ਹਾਂ ਲੋਕਾਂ ਨਾਲ ਹਨ ਜਿਨ੍ਹਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ। ਪੂਰੇ ਦੇਸ਼ ਦੇ ਨਾਲ ਮੈਂ ਵੀ ਦੁਖੀ ਅਤੇ ਗੁੱਸੇ ਵਿੱਚ ਹਾਂ।’’ ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਦੇਸ਼ ਦੀ ਪ੍ਰਤੀਕਿਰਿਆ ਇੱਕ ਰਾਸ਼ਟਰ ਵਜੋਂ ਸਾਡੀ ਤਾਕਤ ਦਿਖਾਏਗੀ ਅਤੇ ਨਿਆਂ ਹੋਵੇਗਾ।
ਚੋਪੜਾ ਨੇ ਕਿਹਾ ਕਿ, ‘‘ਇਸ ਦੌਰਾਨ, ਮੈਂ ਇਹ ਯਕੀਨੀ ਬਣਾਉਣ ਲਈ ਹੋਰ ਵੀ ਸਖ਼ਤ ਮਿਹਨਤ ਕਰਾਂਗਾ ਕਿ ਦੁਨੀਆ ਭਾਰਤ ਨੂੰ ਯਾਦ ਰੱਖੇ ਅਤੇ ਸਾਰੇ ਸਹੀ ਕਾਰਨਾਂ ਕਰਕੇ ਇਸਨੂੰ ਸਤਿਕਾਰ ਨਾਲ ਵੇਖੇ।”
ਅਥਲੀਟ ਨੇ ਕਿਹਾ ਕਿ, ‘‘ਮੇਰੀ ਇਮਾਨਦਾਰੀ ’ਤੇ ਸਵਾਲ ਉਠਾਉਂਦੇ ਹੋਏ ਦੇਖ ਕੇ ਦੁੱਖ ਹੁੰਦਾ ਹੈ। ਮੈਨੂੰ ਦੁੱਖ ਹੁੰਦਾ ਹੈ ਕਿ ਮੈਨੂੰ ਉਨ੍ਹਾਂ ਲੋਕਾਂ ਨੂੰ ਸਮਝਾਉਣਾ ਪੈ ਰਿਹਾ ਹੈ ਜੋ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਿਨਾਂ ਕਿਸੇ ਕਾਰਨ ਦੇ ਨਿਸ਼ਾਨਾ ਬਣਾ ਰਹੇ ਹਨ।’’ ਖਿਡਾਰੀ ਨੇ ਕਿਹਾ ਕਿ, “ਅਸੀਂ ਸਧਾਰਨ ਲੋਕ ਹਾਂ, ਕਿਰਪਾ ਕਰਕੇ ਸਾਨੂੰ ਕੁਝ ਹੋਰ ਨਾ ਬਣਾਓ। ਮੀਡੀਆ ਦੇ ਕੁਝ ਹਿੱਸਿਆਂ ਨੇ ਮੇਰੇ ਆਲੇ-ਦੁਆਲੇ ਬਹੁਤ ਸਾਰੀਆਂ ਝੂਠੀਆਂ ਕਹਾਣੀਆਂ ਬਣਾਈਆਂ ਹਨ, ਪਰ ਸਿਰਫ਼ ਇਸ ਲਈ ਕਿਉਂਕਿ ਮੈਂ ਬੋਲਦਾ ਨਹੀਂ ਹਾਂ, ਇਹ ਇਸਨੂੰ ਸੱਚ ਨਹੀਂ ਬਣਾਉਂਦਾ।’’
