ਭਾਰਤ-ਪਾਕਿ ਤਣਾਅ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਭਵਿੱਖ ’ਤੇ ਖੜ੍ਹੇ ਹੋਏ ਸਵਾਲ

ਡੇਰਾ ਬਾਬਾ ਨਾਨਕ (ਗੁਰਦਾਸਪੁਰ), 25 ਅਪਰੈਲ- ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਾਜੈਕਟ ਦਾ ਭਵਿੱਖ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਇਸ ਬੇਯਕੀਨੀ ਦੇ ਬਾਵਜੂਦ, ਲਾਂਘਾ ਅੱਜ ਖੁੱਲ੍ਹਾ ਰਿਹਾ ਅਤੇ ਸ਼ਰਧਾਲੂ ਆਮ ਵਾਂਗ ਆਉਂਦੇ ਰਹੇ।

ਹਾਲਾਂਕਿ, ਭਾਰਤ ਸਰਕਾਰ ਨੇ ਹਾਲੇ ਤੱਕ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਪ੍ਰਾਜੈਕਟ ਜਾਰੀ ਰਹੇਗਾ ਜਾਂ ਮੁਅੱਤਲ ਕੀਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਇਸ ਪ੍ਰਾਜੈਕਟ ਦੇ ਭਵਿੱਖ ਬਾਰੇ ਕੋਈ ਵੀ ਸਖ਼ਤ ਫੈਸਲਾ ਲੈਣ ਸਬੰਧੀ ਔਖੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗ਼ੌਰਤਲਬ ਹੈ ਕਿ ਪਾਰਟੀ ਪੰਜਾਬ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਲਈ ਉਤਸੁਕ ਹੈ, ਜਿੱਥੇ ਸਿੱਖ ਸਮਰਥਨ ਬਹੁਤ ਅਹਿਮੀਅਤ ਰੱਖਦਾ ਹੈ।
ਸਿੱਖਾਂ ਅਤੇ ਸਿੱਖ ਧਰਮ ਲਈ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਮਹੱਤਤਾ ਨੂੰ ਦੇਖਦੇ ਹੋਏ, ਇਸਦੀ ਸਥਿਤੀ ਨੂੰ ਬਦਲਣ ਨਾਲ ਸਿੱਖ ਭਾਈਚਾਰੇ ਨਾਲ ਪਾਰਟੀ ਦੇ ਰਿਸ਼ਤੇ ਪ੍ਰਭਾਵਿਤ ਹੋ ਸਕਦੇ ਹਨ। ਇਸ ਦੌਰਾਨ, ਜੇ ਲਾਂਘਾ ਬੰਦ ਹੋ ਜਾਂਦਾ ਹੈ ਤਾਂ ਪਾਕਿਸਤਾਨ ਨੂੰ ਕਾਫ਼ੀ ਮਾਲੀਆ ਵੀ ਗੁਆਉਣਾ ਪੈ ਸਕਦਾ ਹੈ।
ਗ਼ੌਰਤਲਬ ਹੈ ਕਿ ਗੁਆਂਂਢੀ ਮੁਲਕ ਪਾਕਿਸਤਾਨੀ ਇੰਟੀਗ੍ਰੇਟਿਡ ਚੈੱਕ ਪੋਸਟ ‘ਤੇ ਪ੍ਰਤੀ ਸ਼ਰਧਾਲੂ 20 ਅਮਰੀਕੀ ਡਾਲਰ ਦੀ ਫੀਸ ਲੈਂਦਾ ਹੈ, ਜਿਸ ਨਾਲ ਰੋਜ਼ਾਨਾ 200-400 ਯਾਤਰੀਆਂ ਤੋਂ ਕਾਫ਼ੀ ਆਮਦਨ ਹੁੰਦੀ ਹੈ, ਖਾਸ ਕਰਕੇ ਹਫ਼ਤੇ ਦੇ ਆਖ਼ਰੀ ਦਿਨਾਂ (ਸ਼ਨਿੱਚਰਵਾਰ-ਐਤਵਾਰ) ਦੌਰਾਨ।
ਭਾਰਤ ਵੱਲੋਂ ਇਸ ਫੀਸ ਨੂੰ ਮੁਆਫ ਕਰਨ ਦੀਆਂ ਵਾਰ-ਵਾਰ ਕੀਤੀਆਂ ਬੇਨਤੀਆਂ ਦੇ ਬਾਵਜੂਦ ਪਾਕਿਸਤਾਨ ਸਿੱਖ ਸ਼ਰਧਾਲੂਆਂ ਤੋਂ ਇਹ ਫ਼ੀਸ ਉਗਰਾਹੁਣ ਲਈ ਦ੍ਰਿੜ੍ਹ ਹੈ।