
ਜੇਡੀਯੂ-ਭਾਜਪਾ ‘ਮੌਕਾਪ੍ਰਸਤ’ ਗੱਠਜੋੜ, ਨਿਤੀਸ਼ ਨੇ ਮਹਿਜ਼ ‘ਕੁਰਸੀ’ ਲਈ ਪਾਲੇ ਬਦਲੇ: ਖੜਗੇ
ਬਕਸਰ(ਬਿਹਾਰ), 20 ਅਪਰੈਲ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਿਹਾਰ ਵਿਚ ਸੱਤਾਧਾਰੀ ਜੇਡੀਯੂ ਤੇ ਭਾਜਪਾ ਦਰਮਿਆਨ ਗੱਠਜੋੜ ਨੂੰ ‘ਮੌਕਾਪ੍ਰਸਤ’ ਸਾਂਝ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਮਹਿਜ਼ ਕੁਰਸੀ ਲਈ ਪਾਲਾ ਬਦਲਦੇ ਹਨ।
ਬਕਸਰ(ਬਿਹਾਰ), 20 ਅਪਰੈਲ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਿਹਾਰ ਵਿਚ ਸੱਤਾਧਾਰੀ ਜੇਡੀਯੂ ਤੇ ਭਾਜਪਾ ਦਰਮਿਆਨ ਗੱਠਜੋੜ ਨੂੰ ‘ਮੌਕਾਪ੍ਰਸਤ’ ਸਾਂਝ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਮਹਿਜ਼ ਕੁਰਸੀ ਲਈ ਪਾਲਾ ਬਦਲਦੇ ਹਨ।
ਬਕਸਰ ਦੇ ਦਲਸਾਗਰ ਸਟੇਡੀਅਮ ਵਿਚ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਐੱਨਡੀਏ ਸਰਕਾਰ ਨੂੰ ਸੱਤਾ ’ਚੋਂ ਬਾਹਰ ਕਰ ਦੇਣ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਨਿਤੀਸ਼ ਕੁਮਾਰ ਅਤੇ ਭਾਜਪਾ ਵਿਚਕਾਰ ਗੱਠਜੋੜ ਮੌਕਾਪ੍ਰਸਤ ਹੈ। ਇਹ ਸੂਬੇ ਦੇ ਲੋਕਾਂ ਲਈ ਚੰਗਾ ਨਹੀਂ ਹੈ। ਨਿਤੀਸ਼ ਕੁਮਾਰ ਸਿਰਫ਼ ‘ਕੁਰਸੀ’ (ਮੁੱਖ ਮੰਤਰੀ ਦੇ ਅਹੁਦੇ) ਲਈ ਪਾਲਾ ਬਦਲਦੇ ਹਨ। ਜਨਤਾ ਦਲ (ਯੂ) ਦੇ ਮੁਖੀ ਨੇ ਉਸ ਵਿਚਾਰਧਾਰਾ ਨਾਲ ਹੱਥ ਮਿਲਾਇਆ ਹੈ ਜਿਸ ਨੇ ਮਹਾਤਮਾ ਗਾਂਧੀ ਨੂੰ ਮਾਰਿਆ ਸੀ।’’ ਉਨ੍ਹਾਂ ਇਹ ਵੀ ਸਵਾਲ ਪੁੱਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਹਾਰ ਲਈ 1.25 ਲੱਖ ਕਰੋੜ ਰੁਪਏ ਦੇ ਪੈਕੇਜ ਵਾਲੇ ਵਾਅਦੇ ਦਾ ਕੀ ਬਣਿਆ। ਉਨ੍ਹਾਂ ਪ੍ਰਧਾਨ ਮੰਤਰੀ ਉੱਤੇ ‘ਝੂਠ ਦੀ ਫੈਕਟਰੀ’ ਚਲਾਉਣ ਦਾ ਦੋਸ਼ ਲਾਇਆ।
ਨੈਸ਼ਨਲ ਹੈਰਾਲਡ ਮਾਮਲੇ ਵਿੱਚ ਸੋਨੀਆ ਗਾਂਧੀ ਤੇ ਰਾਹੁਲ ਵਿਰੁੱਧ ਐੱਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦਾਇਰ ਕੀਤੀ ਗਈ ਹਾਲੀਆ ਚਾਰਜਸ਼ੀਟ ’ਤੇ ਖੜਗੇ ਨੇ ਕਿਹਾ, ‘‘ਇਹ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਹੈ। ਸਾਡੇ ਨੇਤਾ ਡਰਾਏ ਨਹੀਂ ਜਾ ਸਕਦੇ। ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।’’
ਕਾਂਗਰਸ ਪ੍ਰਧਾਨ ਨੇ ਇਹ ਵੀ ਦੋਸ਼ ਲਗਾਇਆ ਕਿ ਆਰਐੱਸਐੱਸ ਅਤੇ ਭਾਜਪਾ ‘ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਦੇ ਹੱਕ ਵਿੱਚ ਨਹੀਂ ਹਨ।’ ਖੜਗੇ ਨੇ ਦਾਅਵਾ ਕੀਤਾ, ‘‘ਉਹ ਗਰੀਬਾਂ, ਔਰਤਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਵਿਰੁੱਧ ਹਨ…ਉਹ (ਆਰਐਸਐਸ-ਭਾਜਪਾ) ਸਮਾਜ ਦੀ ਬਿਹਤਰੀ ਲਈ ਨਹੀਂ ਸੋਚ ਸਕਦੇ। ਉਹ ਜਾਤ ਅਤੇ ਧਰਮ ਦੇ ਆਧਾਰ ’ਤੇ ਸਮਾਜ ਨੂੰ ਵੰਡਣ ਵਿੱਚ ਵਿਸ਼ਵਾਸ ਰੱਖਦੇ ਹਨ।’’ ਖੜਗੇ ਨੇ ਦੋਸ਼ ਲਾਇਆ, ‘‘ਸੰਸਦ ਵੱਲੋਂ ਪਾਸ ਕੀਤਾ ਗਿਆ ਵਕਫ਼ (ਸੋਧ) ਬਿੱਲ ਭਾਜਪਾ ਅਤੇ ਆਰਐਸਐਸ ਦੀ ਭਾਈਚਾਰਿਆਂ ਵਿੱਚ ਫੁੱਟ ਪਾਉਣ ਦੀ ਸਾਜ਼ਿਸ਼ ਹੈ।’’
