ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਸ਼ਾਮ 7 ਵਜੇ ਤੱਕ 51.33% ਫੀਸਦ ਪੋਲਿੰਗ

ਲੁਧਿਆਣਾ, 19 ਜੂਨ- ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਸਵੇਰੇ 7 ਵਜੇ ਸ਼ੁਰੂ ਹੋਇਆ ਵੋਟਿੰਗ ਦਾ ਅਮਲ ਸ਼ਾਮੀਂ 6 ਵਜੇ ਸਮਾਪਤ ਹੋ ਗਿਆ। ਸ਼ਾਮ ਸੱਤ ਵਜੇ ਤੱਕ 51.33 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ। ਸ਼ਾਮ 6 ਵਜੇ ਤੋਂ ਬਾਅਦ ਪੋਲਿੰਗ ਬੂਥ ਅੰਦਰ ਮੌਜੁਦ ਵੋਟਰਾਂ ਨੂੰ ਹੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਵਰਕਰਾਂ ਦਰਮਿਆਨ ਇੱਕਾ ਦੁੱਕਾ ਥਾਵਾਂ ’ਤੇ ਟਕਰਾਅ ਨੂੰ ਛੱਡ ਕੇ ਵੋਟਿੰਗ ਦਾ ਅਮਲ ਕੁੱਲ ਮਿਲਾ ਕੇ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ। ‘ਆਪ’ ਉਮੀਦਵਾਰ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਭਾਜਪਾ ਦੇ ਜੀਵਨ ਗੁਪਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਸਿਆਸੀ ਕਿਸਮਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ। ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ।

ਲੁਧਿਆਣਾ, 19 ਜੂਨ- ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਸਵੇਰੇ 7 ਵਜੇ ਸ਼ੁਰੂ ਹੋਇਆ ਵੋਟਿੰਗ ਦਾ ਅਮਲ ਸ਼ਾਮੀਂ 6 ਵਜੇ ਸਮਾਪਤ ਹੋ ਗਿਆ। ਸ਼ਾਮ ਸੱਤ ਵਜੇ ਤੱਕ 51.33 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ। ਸ਼ਾਮ 6 ਵਜੇ ਤੋਂ ਬਾਅਦ ਪੋਲਿੰਗ ਬੂਥ ਅੰਦਰ ਮੌਜੁਦ ਵੋਟਰਾਂ ਨੂੰ ਹੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਵਰਕਰਾਂ ਦਰਮਿਆਨ ਇੱਕਾ ਦੁੱਕਾ ਥਾਵਾਂ ’ਤੇ ਟਕਰਾਅ ਨੂੰ ਛੱਡ ਕੇ ਵੋਟਿੰਗ ਦਾ ਅਮਲ ਕੁੱਲ ਮਿਲਾ ਕੇ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ। ‘ਆਪ’ ਉਮੀਦਵਾਰ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਭਾਜਪਾ ਦੇ ਜੀਵਨ ਗੁਪਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਸਿਆਸੀ ਕਿਸਮਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ। ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ। ਕਾਬਿਲੇਗੌਰ ਹੈ ਕਿ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਕਰਕੇ ਲੁਧਿਆਣਾ ਪੱਛਮੀ ਸੀਟ ’ਤੇ ਜ਼ਿਮਨੀ ਚੋਣ ਕਰਵਾਉਣ ਦੀ ਲੋੜ ਪਈ ਸੀ।
ਪੁਲੀਸ ਤੇ ਪ੍ਰਸ਼ਾਸਨ ਵੱਲੋਂ ਇੱਥੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਕੁੱਲ 1.74 ਲੱਖ ਵੋਟਰ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਲਈ ਯੋਗ ਸਨ। ਪੋਲਿੰਗ ਸਟਾਫ਼ ਦੇ 776 ਮੁਲਾਜ਼ਮਾਂ ’ਤੇ ਅਧਾਰਿਤ 194 ਪਾਰਟੀਆਂ ਅੱਜ ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਰਹੀਆਂ। ਜ਼ਿਮਨੀ ਚੋਣ ਲਈ ਭਖੇ ਹੋਏ ਮਾਹੌਲ ਦੇ ਮੱਦੇਨਜ਼ਰ ਕੇਂਦਰੀ ਬਲਾਂ ਦੀਆਂ ਪੰਜ ਕੰਪਨੀਆਂ ਤਾਇਨਾਤ ਸਨ ਅਤੇ ਹਲਕੇ ਵਿੱਚ 1404 ਪੁਲੀਸ ਮੁਲਾਜ਼ਮ ਚੋਣ ਡਿਊਟੀ ’ਤੇ ਸਨ। ਜ਼ਿਮਨੀ ਚੋਣ ਨੂੰ ਦੇਖਦਿਆਂ 60 ਪੁਲੀਸ ਨਾਕੇ ਲਾਏ ਗਏ ਸਨ ਅਤੇ 19 ਗਸ਼ਤੀ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਸਨ।
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਮੈਦਾਨ ਵਿੱਚ ਇੱਕ ਮਹਿਲਾ ਸਮੇਤ ਕੁੱਲ 14 ਉਮੀਦਵਾਰ ਸਨ। ਵੋਟਾਂ ਪੈਣ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਹਲਕੇ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਸੀ। ਜਵਾਹਰ ਨਗਰ ਇਲਾਕੇ ਵਿੱਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਪੁਲੀਸ ਦਰਮਿਆਨ ਆਪਸੀ ਖਿੱਚੋਤਾਣ ਦੀ ਘਟਨਾ ਸਾਹਮਣੇ ਆਈ। ਆਸ਼ੂ ਨੇ ਕਿਹਾ ਕਿ ਉਨ੍ਹਾਂ ਦੇ ਵਰਕਰਾਂ ਨੇ ਰਾਸ਼ਨ ਵੰਡ ਰਹੇ ਇਕ ਵਿਅਕਤੀ ਨੂੰ ਫੜਿਆ ਹੈ ਅਤੇ ਪੁਲੀਸ ਨੇ ‘ਆਪ’ ਸਰਕਾਰ ਦੇ ਇਸ਼ਾਰੇ ’ਤੇ ਧੱਕੇਸ਼ਾਹੀ ਸ਼ੁਰੂ ਕਰ ਦਿੱਤੀ।
ਜ਼ਿਮਨੀ ਚੋਣ ’ਚ ਲੜ ਰਹੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਇਹ ਪਹਿਲੀ ਵਿਧਾਨ ਸਭਾ ਚੋਣ ਹੈ ਜਦੋਂ ਕਿ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੋ ਵਾਰ ਪਹਿਲਾਂ ਵੀ ਚੋਣ ਜਿੱਤੇ ਚੁੱਕੇ ਹਨ। ‘ਆਪ’ ਲਈ ਇਹ ਚੋਣ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਪੂਰਾ ਤਾਣ ਲਾਇਆ ਹੋਇਆ ਸੀ।