ਸਾਬਕਾ ਫੌਜੀਆਂ ਨੇ ਪਟਿਆਲਾ ਵਿੱਚ ਪੁਲੀਸ ਵਲੋਂ ਫੌਜ ਦੇ ਕਰਨਲ ਤੇ ਢਾਹੇ ਜੁਲਮ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ

ਐਸ ਏ ਐਸ ਨਗਰ, 20 ਮਾਰਚ- ਪੰਜਾਬ ਦੇ ਸਾਬਕਾ ਫੌਜੀਆਂ ਨੇ ਬੀਤੇ ਦਿਨ ਪਟਿਆਲਾ ਵਿੱਚ ਫੌਜ ਦੇ ਇੱਕ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਤੇ ਪੰਜਾਬ ਪੁਲੀਸ ਵਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਨਾਕਾਮੀ ਨੂੰ ਮੁੱਖ ਰੱਖਦਿਆਂ ਇੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ।

ਐਸ ਏ ਐਸ ਨਗਰ, 20 ਮਾਰਚ- ਪੰਜਾਬ ਦੇ ਸਾਬਕਾ ਫੌਜੀਆਂ ਨੇ ਬੀਤੇ ਦਿਨ ਪਟਿਆਲਾ ਵਿੱਚ ਫੌਜ ਦੇ ਇੱਕ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਤੇ ਪੰਜਾਬ ਪੁਲੀਸ ਵਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਨਾਕਾਮੀ ਨੂੰ ਮੁੱਖ ਰੱਖਦਿਆਂ ਇੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬ੍ਰਿਗੇਡੀਅਰ ਹਰਬੰਤ ਸਿੰਘ, ਕਰਨਲ ਜੀ ਬੀ ਵਿਰਕ, ਲੈਫ ਕਰਨਲ ਐਸ ਐਸ ਸੋਹੀ, ਕਰਨਲ ਏ ਐਸ ਸੰਧੂ, ਕਰਨਲ ਜੇ ਐਸ ਅਠਵਾਲ, ਬ੍ਰਿਗੇਡੀਅਰ ਸਰਬਜੀਤ ਸਿੰਘ, ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਕੈਪਟਨ ਮੱਖਣ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਪਟਿਆਲਾ ਵਿੱਚ ਜਿਸ ਤਰੀਕੇ ਨਾਲ ਪੁਲੀਸ ਵਲੋਂ ਫੌਜ ਦੇ ਇੱਕ ਕਰਨਲ ਅਤੇ ਉਹਨਾਂ ਦੇ ਪੁੱਤਰ ਦੀ ਕੁੱਟਮਾਰ ਕਰਕੇ ਕੀਤੀ ਹੈ ਉਸ ਨਾਲ ਜਾਹਿਰ ਹੁੰਦਾ ਹੈ ਕਿ ਪੰਜਾਬ ਪੁਲੀਸ ਤੇ ਸਰਕਾਰ ਦਾ ਕੋਈ ਕਾਬੂ ਨਹੀਂ ਹੈ। ਉਹਨਾਂ ਕਿਹਾ ਕਿ ਕਰਨਲ ਨਾਲ ਕੁੱਟਮਾਰ ਕਰਨ ਵਾਲੇ ਪੁਲੀਸ ਕਰਮਚਾਰੀ ਉਲਟਾ ਕਰਨਲ ਨੂੰ ਇਹ ਕਹਿ ਕੇ ਧਮਕੀ ਦਿੰਦੇ ਨਜਰ ਆਉਂਦੇ ਹਨ ਕਿ ਉਹ ਇੱਕ ਮੁਕਾਬਲਾ ਕਰਕੇ ਆਏ ਹਨ ਅਤੇ ਇੱਕ ਹੋਰ ਮੁਕਾਬਲਾ ਕਰ ਦੇਣਗੇ।
ਸਾਬਕਾ ਫੌਜੀਆਂ ਨੇ ਕਿਹਾ ਕਿ ਇਹ ਘਟਨਾ ਇਹ ਵੀ ਜਾਹਿਰ ਕਰਦੀ ਹੈ ਕਿ ਪੁਲੀਸ ਅਤੇ ਪ੍ਰਸ਼ਾਸਨ ਦੀ ਨਜ਼ਰ ਵਿੱਚ ਫੌਜੀ ਕਰਮਚਾਰੀਆਂ ਦੀ ਕੋਈ ਇੱਜ਼ਤ ਨਹੀਂ ਹੈ ਅਤੇ ਰਾਜ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲੀਸ ਵਲੋਂ ਗੁੰਡੇ ਬਦਮਾਸ਼ਾਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਫੌਜੀ ਅਧਿਕਾਰੀ ਤੇ ਹੋਇਆ ਇਹ ਹਮਲਾ ਸਿਰਫ਼ ਇੱਕ ਵਿਅਕਤੀ ਤੇ ਨਹੀਂ, ਸਗੋਂ ਪੂਰੀ ਸੈਨਿਕ ਭਾਈਚਾਰੇ ਦੀ ਇੱਜ਼ਤ ਤੇ ਦਾਗ ਹੈ।
ਇਸ ਦੌਰਾਨ ਸਾਬਕਾ ਫੌਜੀਆਂ ਦੇ ਇੱਕ ਵਫਦ ਵਲੋਂ ਬ੍ਰਿਗੇਡੀਅਰ ਹਰਬੰਤ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਗਿਆ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਨਿਆਇਧੀਸ਼ ਵਲੋਂ ਉੱਚ ਪੱਧਰੀ ਨਿਆਇਕ ਜਾਂਚ ਕਰਵਾਈ ਜਾਵੇ ਅਤੇ ਇਸ ਮਾਮਲੇ ਵਿੱਚ ਸ਼ਾਮਿਲ ਸਾਰੇ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਗ੍ਰਿੰਤਾਰ ਕਰਕੇ ਉਹਨਾਂ ਨੂੰ ਸਖਤ ਸਜਾ ਦਿੱਤੀ ਜਾਵੇ।
ਇਸਦੇ ਨਾਲ ਹੀ ਮੰਗ ਕੀਤੀ ਗਈ ਹੈ ਕਿ ਧਾਰਾ 356 ਤਹਿਤ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ, ਰੱਖਿਆ ਕਰਮਚਾਰੀਆਂ, ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਐਕਟ ਤਿਆਰ ਕਰਕੇ ਉਨ੍ਹਾਂ ਨੂੰ ਉਤਪੀੜਨ ਅਤੇ ਹਮਲਿਆਂ ਤੋਂ ਬਚਾਇਆ ਜਾਵੇ, ਪੁਲੀਸ ਅਤੇ ਪ੍ਰਸ਼ਾਸਨ ਲਈ ਫੌਜੀ ਸੇਵਾ ਦੀ ਇੱਜ਼ਤ ਕਰਨ ਬਾਰੇ ਜਾਗਰੂਕਤਾ ਪ੍ਰੋਗਰਾਮ ਲਾਜ਼ਮੀ ਬਣਾਏ ਜਾਣ, ਫੌਜੀ ਕਰਮਚਾਰੀਆਂ ਨਾਲ ਜੁੜੇ ਮਾਮਲਿਆਂ ਦੀ ਤੁਰੰਤ ਸੁਣਵਾਈ ਲਈ ਤੇਜ਼-ਟਰੈਕ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇ।
ਸਾਬਕਾ ਫੌਜੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਅਤੇ ਭਾਰਤ ਪੱਧਰ ਤੇ ਵਿਆਪਕ ਵਿਰੋਧ ਕੀਤਾ ਜਾਵੇਗਾ ਜਿਸਦੇ ਤਹਿਤ ਸਰਕਾਰੀ ਸਮਾਰੋਹਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਕਾਨੂੰਨੀ ਲੜਾਈ ਲੜਣ ਦੇ ਨਾਲ ਨਾਲ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਇਆ ਜਾਵੇਗਾ।
ਇਸ ਮੌਕੇ ਹਾਜਿਰ ਸੇਵਾਮੁਕਤ ਫੌਜੀਆਂ ਵਿੱਚ ਹੋਰਨਾਂ ਤੋਂ ਇਲਾਵਾ ਬ੍ਰਿਗੇਡੀਅਰ ਐਸ ਪੀ ਸਿੰਘ, ਬ੍ਰਿਗੇਡੀਅਰ ਸੁਰਜੀਤ ਸਿੰਘ, ਕਰਨਲ ਬੀ ਐਸ ਬੈਦਵਾਨ, ਕਰਨਲ ਕੇ ਐਸ ਗਰਗ, ਕਰਨਲ ਰਵਿੰਦਰ ਸਿੰਘ, ਕਰਨਲ ਪੀ ਐਸ ਸੰਧੂ, ਕਰਨਲ ਐਮ ਐਸ ਬਰਾੜ, ਕਰਨਲ ਡੀ ਐਸ ਗਰੇਵਾਲ, ਕਰਨਲ ਆਲਮਜੀਤ ਸੰਧੂ, ਕਰਨਲ ਟੀ ਐਸ ਸਿੱਧੂ, ਕਰਨਲ ਹਰਬਖਸ਼ ਸਿੰਘ, ਕਰਨਲ ਆਰ ਐਸ ਪਹਿਰ, ਕਰਨਲ ਰੁਪਿੰਦਰ ਸਿੰਘ, ਕਰਨਲ ਮੋਹਿੰਦਰ ਸਿੰਘ, ਕਰਨਲ ਮਨਜਿੰਦਰ ਸਿੰਘ, ਕਰਨਲ ਕਨਵਰਦੀਪ ਸਿੰਘ, ਕਰਨਲ ਆਈ ਐਸ ਢਿੱਲੋਂ, ਕਰਨਲ ਮਨਜੀਤ, ਕਰਨਲ ਐਮ ਐਸ ਚੌਹਾਨ, ਕਰਨਲ ਏ ਡੀ ਐਸ ਗਿੱਲ, ਕਰਨਲ ਗੁਰਪ੍ਰੀਤ ਸਿੰਘ, ਕਰਨਲ ਗੁਰਤੇਜ ਗਿੱਲ, ਕੈਪਟਨ ਆਈ ਐਲ ਕੇਰ, ਕੈਪਟਨ ਗੁਰਮੀਤ ਸਿੰਘ, ਕੈਪਟਨ ਜੀ ਸੀ ਘੁੰਮਣ, ਮੇਜਰ ਹਰਮੋਹਿੰਦਰ ਸਿੰਘ, ਆਈ ਜੇ ਐਸ ਮਲਹੋਤਰਾ, ਪ੍ਰਕਾਸ਼ ਸਿੰਘ, ਪ੍ਰੀਤਮ ਸਿੰਘ, ਜੋਗਿੰਦਰ ਸਿੰਘ, ਕਿਰਨਪਾਲ ਸਿੰਘ, ਰੁਪਾਲ ਸਿੰਘ, ਜਸਵੰਤ ਸਿੰਘ, ਆਈ ਪੀ ਸਿੰਘ, ਅਰਵਿੰਦ ਕੁਮਾਰ, ਸੁੱਚਾ ਸਿੰਘ ਢਿੱਲੋਂ, ਰਾਮ ਸਿੰਘ, ਆਰ ਐਸ ਬਿੰਦਰਾ ਜੀ ਐਮ, ਭਜਨ ਸਿੰਘ ਵੀ ਮੌਜੂਦ ਸਨ।