
ਸੋਹਾਣਾ ਹਾਦਸੇ ਤੋਂ ਬਾਅਦ ਚੌਕਸ ਹੋਇਆ ਨਗਰ ਨਿਗਮ, ਸਰਵੇ ਵਿੱਚ 97 ਇਮਾਰਤਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਹਾਈਰਾਈਜ਼ ਬਣਾਉਣ ਦੀ ਗੱਲ ਆਈ ਸਾਮ੍ਹਣੇ
ਐਸ ਏ ਐਸ ਨਗਰ, 24 ਦਸੰਬਰ- ਪਿੰਡ ਸੋਹਾਣਾ ਵਿੱਚ ਬੇਸਮੈਂਟ ਪੁੱਟੇ ਜਾਣ ਕਾਰਨ ਨਾਲ ਦੀ ਇਮਾਰਤ ਡਿੱਗਣ ਨਾਲ ਦੋ ਨੌਜਵਾਨ ਬੱਚਿਆਂ ਦੀ ਮੌਤ ਤੋਂ ਬਾਅਦ ਨਗਰ ਨਿਗਮ ਹਰਕਤ ਵਿੱਚ ਹੈ। ਨਗਰ ਨਿਗਮ ਦੇ ਅਧੀਨ ਪਿੰਡਾਂ ਵਿੱਚ ਅਣਅਧਿਕਾਰਤ ਬਣੀਆਂ ਦੁਕਾਨਾਂ ਦੇ ਮਾਮਲੇ ਵਿੱਚ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਟੀ ਬੈਨਿਥ ਅਤੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਦੇ ਨਾਲ ਨਾਲ ਫਾਇਰ ਵਿਭਾਗ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ।
ਐਸ ਏ ਐਸ ਨਗਰ, 24 ਦਸੰਬਰ- ਪਿੰਡ ਸੋਹਾਣਾ ਵਿੱਚ ਬੇਸਮੈਂਟ ਪੁੱਟੇ ਜਾਣ ਕਾਰਨ ਨਾਲ ਦੀ ਇਮਾਰਤ ਡਿੱਗਣ ਨਾਲ ਦੋ ਨੌਜਵਾਨ ਬੱਚਿਆਂ ਦੀ ਮੌਤ ਤੋਂ ਬਾਅਦ ਨਗਰ ਨਿਗਮ ਹਰਕਤ ਵਿੱਚ ਹੈ। ਨਗਰ ਨਿਗਮ ਦੇ ਅਧੀਨ ਪਿੰਡਾਂ ਵਿੱਚ ਅਣਅਧਿਕਾਰਤ ਬਣੀਆਂ ਦੁਕਾਨਾਂ ਦੇ ਮਾਮਲੇ ਵਿੱਚ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਟੀ ਬੈਨਿਥ ਅਤੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਦੇ ਨਾਲ ਨਾਲ ਫਾਇਰ ਵਿਭਾਗ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ।
ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪਿੰਡਾਂ ਵਿੱਚ ਸਿਰਫ ਤਿੰਨ ਮੰਜ਼ਿਲਾਂ ਬਿਲਡਿੰਗਾਂ ਪਾਸ ਹਨ ਪਰ ਕਈ ਲੋਕਾਂ ਨੇ ਨਿਯਮਾਂ ਦੀ ਉਲੰਘਣਾ ਕਰਕੇ ਬਹੁ ਮੰਜ਼ਿਲਾ ਬਿਲਡਿੰਗਾਂ ਬਣਾਈਆਂ ਹੋਈਆਂ ਹਨ। ਉਹਨਾਂ ਕਿਹਾ ਕਿ ਸਰਵੇ ਵਿੱਚ ਅਜਿਹੀਆਂ 97 ਬਿਲਡਿੰਗਾਂ ਆਈਆਂ ਹਨ ਜਿਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕਰਕੇ ਤਿੰਨ ਮੰਜ਼ਿਲਾਂ ਤੋਂ ਉੱਚਾ ਬਣਾਇਆ ਹੈ।
ਉਹਨਾਂ ਕਿਹਾ ਕਿ ਮਿਉਂਸਪਲ ਟਾਊਨ ਪਲੈਨਰ ਸਮੇਤ ਬਿਲਡਿੰਗ ਬਰਾਂਚ ਦੀ ਪੂਰੀ ਟੀਮ ਸਰਵੇ ਵਿੱਚ ਜੁਟੀ ਹੋਈ ਹੈ। ਮੁਹਾਲੀ ਨਗਰ ਨਿਗਮ ਦੇ ਅਧੀਨ ਛੇ ਪਿੰਡ ਸੋਹਾਣਾ, ਕੁੰਬੜਾ, ਮਟੌਰ, ਸ਼ਾਹੀ ਮਾਜਰਾ, ਮਦਨਪੁਰ ਅਤੇ ਪਿੰਡ ਮੁਹਾਲੀ ਹਨ। ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਨਾ ਸਿਰਫ ਲਾਲ ਡੋਰੇ ਦੇ ਅੰਦਰ ਬਲਕਿ ਲਾਲ ਡੋਰੇ ਦੇ ਬਾਹਰ ਵੀ ਅਣਅਧਿਕਾਰਤ ਬਿਲਡਿੰਗਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਪਿੰਡਾਂ ਵਿੱਚ ਬਣੀਆਂ ਸਮੁੱਚੀਆਂ ਬਿਲਡਿੰਗਾਂ ਦੇ ਫਾਇਰ ਸੇਫਟੀ ਉਪਕਰਨਾਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਕੋਈ ਵੀ ਹਾਦਸਾ ਹੋਣ ਵੇਲੇ ਅੱਗ ਲੱਗਣ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ ਜਿਸ ਨਾਲ ਵਧੇਰੇ ਨੁਕਸਾਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਬਿਲਡਿੰਗ ਬਰਾਂਚ ਵੱਲੋਂ ਮੀਟਿੰਗ ਵਿੱਚ ਦੱਸਿਆ ਗਿਆ ਹੈ ਕਿ ਮੁਹਾਲੀ ਦੇ ਸਮੂਹ ਪਿੰਡਾਂ ਵਿੱਚ ਸਰਵੇ ਚੱਲ ਰਿਹਾ ਹੈ ਅਤੇ ਜਿਨ੍ਹਾਂ ਬਿਲਡਿੰਗਾਂ ਦੀ ਉਸਾਰੀ ਬਗੈਰ ਨਕਸ਼ੇ ਪਾਸ ਕੀਤੇ ਕੀਤੀ ਜਾ ਰਹੀ ਹੈ, ਉਹਨਾਂ ਨੂੰ ਰੋਕ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਨਗਰ ਨਿਗਮ ਦੀ ਇੰਜੀਨੀਅਰਿੰਗ ਵਿਭਾਗ ਵੱਲੋਂ ਪਿੰਡਾਂ ਦੇ ਲਾਲ ਡੋਰੇ ਅੰਦਰ ਬਣੀਆਂ ਸਮੁੱਚੀਆਂ ਬਿਲਡਿੰਗਾਂ ਦੀ ਸਟਰੈਂਥ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਮਜ਼ੋਰ ਬਿਲਡਿੰਗਾਂ ਦੀ ਰਿਪੋਰਟ ਉਪਰੰਤ ਇਹਨਾਂ ਦੇ ਖਿਲਾਫ ਬਣਤੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਨ੍ਹਾਂ ਬਿਲਡਿੰਗਾਂ ਦੀ ਉਚਾਈ ਨਿਰਧਾਰਿਤ ਸੀਮਾ ਤੋਂ ਵੱਧ ਹੈ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਇਹਨਾਂ ਨੂੰ ਠੀਕ ਕਰਨ ਵਾਸਤੇ ਕਿਹਾ ਜਾਵੇਗਾ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਨਗਰ ਨਿਗਮ ਵੱਲੋਂ ਖੁਦ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦਾ ਸਾਰਾ ਹਰਜਾ ਖਰਚਾ ਬਿਲਡਿੰਗ ਮਾਲਕ ਕੋਲ ਵਸੂਲਿਆ ਜਾਵੇਗਾ। ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
