ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਦੇ ਕੈਂਪਾਂ ਦਾ ਲਾਭ ਲਿਆ ਜਾਵੇ : ਪਠਾਣਮਾਜਰਾ

ਸਨੌਰ (ਪਟਿਆਲਾ), 23 ਦਸੰਬਰ- ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪਸ਼ੂ ਪਾਲਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਲਾਏ ਜਾ ਰਹੇ ਕੈਂਪਾਂ ਦਾ ਲਾਭ ਲੈਣ। ਉਹ ਅੱਜ ਸਨੌਰ ਵਿਖੇ ਪਸ਼ੂ-ਪਾਲਕਾਂ ਨੂੰ ਪਸ਼ੂਆਂ ਦੀ ਬਿਮਾਰੀਆਂ ਤੋਂ ਬਚਾਅ ਬਾਰੇ ਜਾਗਰੂਕ ਕਰਨ ਲਈ ਪਸ਼ੂ-ਪਾਲਣ ਵਿਭਾਗ ਵੱਲੋਂ ਐਸਕਾਡ ਸਕੀਮ ਹੇਠ ਬਲਾਕ ਪੱਧਰੀ ਕੈਂਪ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ।

ਪਠਾਣਮਾਜਰਾ ਨੇ ਲੋਕਾਂ ਨੂੰ ਸਾਫ਼-ਸੁਥਰੇ ਦੁੱਧ ਦੀ ਪੈਦਾਵਾਰ, ਨਕਲੀ ਦੁੱਧ ਤੋਂ ਬਚਾਅ, ਜੈਵਿਕ ਖੇਤੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ-ਪਾਲਕਾਂ ਨੂੰ ਡੇਅਰੀ ਫਾਰਮਿੰਗ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਬਲਜਿੰਦਰ ਸਿੰਘ, ਕੌਂਸਲਰਾਂ ਨਰਿੰਦਰ ਸਿੰਘ, ਯੁਵਰਾਜ ਸਿੰਘ, ਪਰਦੀਪ ਜੋਸਨ, ਮੰਗਾ ਸਿੰਘ, ਗੁਰਮੀਤ ਸਿੰਘ, ਬੱਬੂ ਸਿੰਘ ਸਮੇਤ ਸ਼ਹਿਰੀ ਪ੍ਰਧਾਨ ਸ਼ਾਮ ਸਿੰਘ ਨੇ ਵੀ ਕੈਂਪ ਵਿੱਚ ਸ਼ਮੂਲੀਅਤ ਕੀਤੀ। 
ਕੈਂਪ ਦੀ ਦੇਖ-ਰੇਖ ਕਰ ਰਹੇ ਸਹਾਇਕ ਡਾਇਰੈਕਟਰ ਡਾ. ਸੋਨਿੰਦਰ ਕੌਰ ਨੇ ਦੱਸਿਆ ਕਿ ਪਸ਼ੂ ਪਾਲਣ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਰਹਿਨੁਮਾਈ ਹੇਠ ਸਨੌਰ ਵਿਖੇ ਬਲਾਕ ਪੱਧਰੀ ਐਸਕਾਡ ਕੈਂਪ ਲਗਾਇਆ ਗਿਆ ਹੈ। ਡਾ. ਸੋਨਿੰਦਰ ਕੌਰ ਨੇ ਐਸਕਾਡ ਸਕੀਮ ਅਧੀਨ ਪਸ਼ੂ ਪਾਲਣ ਵਿਭਾਗ ਪੰਜਾਬ ਦੀਆਂ ਸਕੀਮਾਂ ਬਾਰੇ ਵਿਸਥਾਰ ਵਿੱਚ ਦੱਸਿਆ। 
ਡਕਾਲਾ ਦੇ ਵੈਟਰਨਰੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੁਧਾਰੂ ਪਸ਼ੂਆਂ ਵਿੱਚ ਥਨੈਲਾ ਰੋਗ ਦੀ ਰੋਕਥਾਮ ਬਾਰੇ, ਵੀ.ਓ. ਸੁਲਤਾਨਪੁਰ ਡਾ. ਨਵਪ੍ਰੀਤ ਕੌਰ ਨੇ ਜ਼ਨੈਟਿਕ ਬਿਮਾਰੀਆਂ ਬਾਰੇ ਅਤੇ ਸਰਦੀਆਂ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਅਤੇ ਵੀ.ਓ. ਭਾਨਰਾ ਡਾ. ਸੰਜੇ ਸ਼ਰਮਾ ਨੇ ਦੁਧਾਰੂ ਪਸ਼ੂਆਂ ਅਤੇ ਭੇਡਾਂ-ਬੱਕਰੀਆਂ ਵਿੱਚ ਵੱਖ-ਵੱਖ ਬਿਮਾਰੀਆਂ ਦੇ ਰੋਕਥਾਮ ਦੇ ਟੀਕਾਕਰਣ ਬਾਰੇ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ। ਕੈਂਪ ਦੌਰਾਨ ਐਸਕਾਡ ਸਕੀਮ ਅਧੀਨ ਮੁਫ਼ਤ ਦਵਾਈਆਂ ਦੀ ਵੰਡ ਕੀਤੀ ਗਈ ਤੇ ਪਸ਼ੂ-ਪਾਲਕਾਂ ਨਾਲ ਉਹਨਾਂ ਦੇ ਕਿੱਤੇ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੀਤਾ ਗਿਆ।