ਨੋਰ੍ਹਾ ਰਿਚਰਡ ਥੀਏਟਰ ਫੈਸਟੀਵਲ ਦੇ ਦੂਜੇ ਦਿਨ 'ਕਰ ਲਓ ਘਿਓ ਨੂੰ ਭਾਂਡਾ' ਨਾਟਕ ਖੇਡਿਆ

ਪਟਿਆਲਾ, 4 ਦਸੰਬਰ- ਯੁਵਕ ਭਲਾਈ ਵਿਭਾਗ ਅਤੇ ਪੰਜਾਬ ਸੰਗੀਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ ਵਲੋਂ ਕਰਵਾਏ ਜਾ ਰਹੇ 10ਵੇਂ ਨੋਰ੍ਹਾ ਰਿਚਰਡ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਸਾਰਥਕ ਰੰਗਮੰਚ ਵੱਲੋਂ ਜੈਵਰਧਨ ਦੇ ਹਿੰਦੀ ਨਾਟਕ 'ਹਾਏ ਹੈਂਡਸਮ' ਦਾ ਪੰਜਾਬੀ ਰੂਪਾਂਤਰ 'ਕਰ ਲਓ ਘਿਓ ਨੂੰ ਭਾਂਡਾ' ਖੇਡਿਆ ਗਿਆ। ਇਸ ਨਾਟਕ ਦਾ ਪੰਜਾਬੀ ਰੂਪਾਂਤਰ ਤੇ ਨਿਰਦੇਸ਼ਨ ਡਾ. ਲੱਖਾ ਲਹਿਰੀ ਨੇ ਕੀਤਾ।

ਪਟਿਆਲਾ, 4 ਦਸੰਬਰ- ਯੁਵਕ ਭਲਾਈ ਵਿਭਾਗ ਅਤੇ ਪੰਜਾਬ ਸੰਗੀਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ ਵਲੋਂ ਕਰਵਾਏ ਜਾ ਰਹੇ 10ਵੇਂ ਨੋਰ੍ਹਾ ਰਿਚਰਡ ਥੀਏਟਰ ਫੈਸਟੀਵਲ  ਦੇ ਦੂਜੇ ਦਿਨ ਸਾਰਥਕ ਰੰਗਮੰਚ ਵੱਲੋਂ ਜੈਵਰਧਨ ਦੇ ਹਿੰਦੀ ਨਾਟਕ 'ਹਾਏ ਹੈਂਡਸਮ' ਦਾ ਪੰਜਾਬੀ ਰੂਪਾਂਤਰ 'ਕਰ ਲਓ ਘਿਓ ਨੂੰ ਭਾਂਡਾ' ਖੇਡਿਆ ਗਿਆ। 
ਇਸ ਨਾਟਕ ਦਾ ਪੰਜਾਬੀ ਰੂਪਾਂਤਰ ਤੇ ਨਿਰਦੇਸ਼ਨ ਡਾ. ਲੱਖਾ ਲਹਿਰੀ ਨੇ ਕੀਤਾ। ਇਹ ਨਾਟਕ ਇੱਕ 'ਸਿਚੂਏਸ਼ਨਲ ਕਮੇਡੀ' ਸੀ ਜਿਸ ਵਿੱਚ ਅਜੋਕੇ ਦੌਰ ਦੇ ਗੰਭੀਰ ਮਸਲਿਆਂ ਨੂੰ ਹਲਕੇ-ਫੁਲਕੇ ਅੰਦਾਜ਼ ਵਿੱਚ ਪਰੋਇਆ ਗਿਆ ਸੀ। ਨਵੀਂ ਪੀੜ੍ਹੀ ਵੱਲੋਂ ਆਪਣਾ ਕਰੀਅਰ ਬਣਾਉਣ ਦੀ ਲਾਲਸਾ ਵਿੱਚ ਮਨੁੱਖੀ ਕਦਰਾਂ ਕੀਮਤਾਂ ਨੂੰ ਭੁਲਾ ਕੇ ਆਪਣੇ ਮਾਪਿਆਂ ਨੂੰ ਅਣਗੌਲਿਆਂ ਕਰਕੇ ਇਕੱਲਤਾ ਦੀ ਅੱਗ ਵਿੱਚ ਝੋਕਣਾ, ਦੱਬੂ ਤੇ ਗੁਲਾਮ ਕਿਸਮ ਦੇ ਪਤੀ ਦਾ ਆਪਣੀ ਮਾਡਰਨ ਪਤਨੀ ਸਾਹਮਣੇ ਗਿੜ-ਗਿੜਾਉਣਾ, ਨੌਕਰ ਦਾ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋਣਾ ਤੇ ਆਪਣਾ ਰਵਈਆ ਦਿਖਾਉਣਾ ਅਤੇ ਬਜ਼ੁਰਗਾਂ ਦਾ ਆਪਣੇ ਇਕੱਲੇਪਣ ਨੂੰ ਖਤਮ ਕਰਨ ਲਈ ਆਪਣੇ ਵਾਸਤੇ ਕਿਸੇ ਸਾਥੀ ਦੀ ਤਲਾਸ਼ ਕਰਨ ਵਰਗੀਆਂ ਸਥਿਤੀਆਂ ਜਿੱਥੇ ਦਰਸ਼ਕਾਂ ਲਈ ਹੱਸਣ ਦਾ ਕਾਰਨ ਬਣੀਆਂ, ਉੱਥੇ ਸੋਚਣ ਲਈ ਮਜਬੂਰ ਵੀ ਕੀਤਾ।
 ਨਾਟਕ ਵਿੱਚ ਹਰ ਕਲਾਕਾਰ ਨੇ ਆਪਣੇ ਕਿਰਦਾਰ ਨਾਲ਼ ਪੂਰਾ ਇਨਸਾਫ ਕੀਤਾ। ਕਰਮਨ ਸਿੱਧੂ, ਟਾਪੁਰ ਸ਼ਰਮਾ, ਵਿਸ਼ਾਲ ਸੋਨਵਾਲ, ਮਨਪ੍ਰੀਤ ਸਿੰਘ, ਬਹਾਰ ਗਰੋਵਰ ਤੇ ਕੁਲਤਰਨ ਗਿੱਲ ਨੇ ਆਪਣੇ ਅਭਿਨੈ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਰੌਸ਼ਨੀ ਦੀ ਅਹਿਮ ਜਿੰਮੇਵਾਰੀ ਉੱਤਮ ਦਰਾਲ ਤੇ ਮਿਊਜ਼ਿਕ ਦੀ ਨੈਨਸੀ ਨੇ ਬਾਖੂਬੀ ਨਿਭਾਈ।
ਇਸ ਮੌਕੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਵਰਿੰਦਰ ਕੌਸ਼ਿਕ ਨੇ ਨਾਟਕ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਰੰਗਮੰਚ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜੋ ਸਾਨੂੰ ਸਾਡੇ ਚੰਗੇ ਬੁਰੇ ਬਾਰੇ ਦੱਸਦਾ ਹੈ ਅਤੇ ਸਾਡਾ ਰਾਹ ਦਸੇਰਾ ਬਣਦਾ ਹੈ। ਮੁੱਖ ਮਹਿਮਾਨ ਵਜੋਂ ਪੁੱਜੇ ਆਰ. ਟੀ. ਓ. ਪਟਿਆਲਾ ਸ਼੍ਰੀ ਨਮਨ ਮੜਕਨ ਨੇ ਨਾਟਕ ਉਪਰੰਤ ਨਾਟਕ ਦੇ ਸਾਰੇ ਕਲਾਕਾਰਾਂ ਦੀ ਪ੍ਰਸ਼ੰਸ਼ਾ ਕੀਤੀ। 
ਫੈਸਟੀਵਲ ਡਾਇਰੈਕਟਰ ਡਾ.  ਇੰਦਰਜੀਤ ਗੋਲਡੀ ਨੇ ਨੋਰ੍ਹਾ ਰਿਚਰਡਜ਼ ਦੀ ਪੰਜਾਬੀ ਰੰਗਮੰਚ ਨੂੰ ਦੇਣ ਬਾਰੇ ਚਾਨਣਾ ਪਾਇਆ ਅਤੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
 ਸਵੇਰ ਦੇ ਰੂ-ਬ-ਰੂ ਵਾਲੇ ਸ਼ੈਸਨ ਦੌਰਾਨ ਫਿਲਮੀ ਕਲਾਕਾਰ ਕਰਤਾਰ ਚੀਮਾ ਨੇ ਦਰਸ਼ਕਾਂ ਨਾਲ਼ ਆਪਣੇ ਰੰਗਮੰਚ ਤੇ ਫ਼ਿਲਮੀ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਚੀਮਾ ਵੱਲੋਂ ਟਵੰਟੀ ਵਨ ਸੈਂਚਰੀ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਅਤੇ ਸੁਖਦਿਆਲ ਸਿੰਘ ਦੁਆਰਾ ਰਚਿਤ ਪੁਸਤਕ  'ਪੰਜ ਦਰਿਆਵਾਂ ਦੀ ਸ਼ੇਰਨੀ ਮਹਾਰਾਣੀ ਜਿੰਦ ਕੌਰ' ਰਿਲੀਜ਼ ਕੀਤੀ ਗਈ।