ਪੰਜਾਬੀ ਯੂਨੀਵਰਸਿਟੀ ਵੱਲੋਂ ਕੰਪਿਊਟਰ ਨਾਲ਼ ਸੰਬੰਧਤ ਪੰਜਾਬੀ 'ਚ ਤਿੰਨ ਪੁਸਤਕਾਂ ਪ੍ਰਕਾਸਿ਼ਤ
ਪਟਿਆਲਾ, 2 ਦਸੰਬਰ: ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਦੀ ਟੀਮ ਵੱਲੋਂ ਕੰਪਿਊਟਰ ਨਾਲ਼ ਸੰਬੰਧਤ ਗਿਆਨ ਸਮੱਗਰੀ ਨੂੰ ਆਸਾਨ ਪੰਜਾਬੀ ਭਾਸ਼ਾ ਵਿੱਚ ਸਮਝਾਉਣ ਲਈ ਤਿੰਨ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਹ ਕਾਰਜ ਕੰਪਿਊਟਰ ਵਿਗਿਆਨ ਵਿਭਾਗ ਦੇ ਪ੍ਰੋ. ਵਿਸ਼ਾਲ ਗੋਇਲ ਦੀ ਅਗਵਾਈ ਵਿੱਚ ਖੋਜਾਰਥੀ ਟੀਮ ਵੱਲੋਂ ਕੀਤਾ ਗਿਆ ਹੈ।

'ਡਾਟਾ ਸਟਰਕਰਚਰਸ (ਇੱਕ ਸੌਖੇ ਤਰੀਕੇ ਨਾਲ ਪੇਸ਼ਕਾਰੀ)' ਨਾਮਕ ਪਹਿਲੀ ਪੁਸਤਕ ਡਾ. ਅਨੂੰ ਰਾਣੀ, ਗੁਰਦੀਪ ਸਿੰਘ, ਡਾ. ਮੁਖਤਿਆਰ ਸਿੰਘ ਅਤੇ ਡਾ. ਵਿਸ਼ਾਲ ਗੋਇਲ ਵੱਲੋਂ ਲਿਖੀ ਗਈ ਹੈ। ਇਹ ਪੁਸਤਕ ਡੀ.ਪੀ.ਐੱਸ. ਪਬਲਿਸ਼ਿੰਗ ਹਾਊਸ ਦਿੱਲੀ ਨੇ ਪ੍ਰਕਾਸਿ਼ਤ ਕੀਤੀ ਹੈ। ਮਦਾਨ ਪਬਲਿਸਿ਼ੰਗ ਹਾਊਸ, ਪਟਿਆਲਾ ਵੱਲੋਂ ਪ੍ਰਕਾਸਿ਼ਤ 'ਸੀ ਭਾਸ਼ਾ ਵਿੱਚ ਪ੍ਰੋਗਰਾਮਿੰਗ' ਨਾਮਕ ਦੂਜੀ ਕਿਤਾਬ ਦੇ ਲੇਖਕ ਗੁਰਦੀਪ ਸਿੰਘ, ਡਿੰਪਲ ਰਾਣੀ, ਡਾ. ਕਪਿਲ ਦੇਵ ਗੋਇਲ ਅਤੇ ਡਾ. ਵਿਸ਼ਾਲ ਗੋਇਲ ਹਨ। ਮਦਾਨ ਪਬਲਿਸਿ਼ੰਗ ਹਾਊਸ, ਪਟਿਆਲਾ ਵੱਲੋਂ ਪ੍ਰਕਾਸਿ਼ਤ ਇੱਕ ਹੋਰ ਪੁਸਤਕ 'ਓਪਰੇਟਿੰਗ ਸਿਸਟਮ' ਡਾ. ਮੁਖਤਿਆਰ ਸਿੰਘ, ਗੁਰਦੀਪ ਸਿੰਘ, ਡਾ. ਅਨੂੰ ਰਾਣੀ ਅਤੇ ਡਾ. ਵਿਸ਼ਾਲ ਗੋਇਲ ਨੇ ਲਿਖੀ ਹੈ।
ਪ੍ਰੋ. ਵਿਸ਼ਾਲ ਗੋਇਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਿਊਟਰ ਨਾਲ਼ ਸੰਬੰਧਤ ਬੁਨਿਆਦੀ ਅਤੇ ਅਗਲੇਰੇ ਪੱਧਰ ਦੀ ਗਿਆਨ ਸਮੱਗਰੀ ਨੂੰ ਪੰਜਾਬੀ ਭਾਸ਼ਾ ਵਿੱਚ ਪ੍ਰਕਾਸਿ਼ਤ ਕਰਨ ਨਾਲ਼ ਅਜਿਹੇ ਸਭ ਵਿਦਿਆਰਥੀਆਂ ਲਈ ਕੰਪਿਊਟਰ ਦੀ ਪੜ੍ਹਾਈ ਕਰਨਾ ਆਸਾਨ ਹੋ ਜਾਂਦਾ ਹੈ ਜੋ ਕੰਪਿਊਟਰ ਦੇ ਖੇਤਰ ਵਿੱਚ ਅੱਗੇ ਵਧਣ ਲਈ ਇੱਛੁਕ ਅਤੇ ਯੋਗ ਤਾਂ ਹੁੰਦੇ ਹਨ ਪਰ ਅੰਗਰੇਜ਼ੀ ਭਾਸ਼ਾ ਉਨ੍ਹਾਂ ਦੇ ਰਾਹ ਦੀ ਮੁਸੀਬਤ ਬਣ ਜਾਂਦੀ ਹੈ।
ਉਨ੍ਹਾਂ ਹੋਰ ਦੱਸਿਆ ਕਿ ਇਸ ਮਕਸਦ ਲਈ ਉਨ੍ਹਾਂ ਆਪਣੇ ਖੋਜਾਰਥੀਆਂ ਦੀ ਇੱਕ ਟੀਮ ਦਾ ਗਠਨ ਕੀਤਾ ਸੀ ਜਿਸ ਵਿੱਚ ਡਾ. ਕਪਿਲ ਦੇਵ ਗੋਇਲ, ਡਾ. ਅਨੂੰ ਰਾਣੀ, ਡਾ. ਮੁਖਤਿਆਰ ਸਿੰਘ, ਗੁਰਦੀਪ ਸਿੰਘ, ਡਿੰਪਲ ਰਾਣੀ, ਧਰਮਜੀਤ ਸਿੰਘ, ਡਾ. ਮੋਨਿਕਾ ਬਾਂਸਲ, ਡਾ. ਮੀਨਾਕਸ਼ੀ ਅਤੇ ਡਾ. ਨੀਤਿਕਾ ਸ਼ਾਮਿਲ ਸਨ।