ਵੈਟਨਰੀ ਯੂਨੀਵਰਸਿਟੀ ਵਿਖੇ ਆਨੰਦ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ

ਲੁਧਿਆਣਾ-15-ਅਗਸਤ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 78ਵਾਂ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਭਰਪੂਰ ਮਾਹੌਲ ਵਿਚ ਮਨਾਇਆ ਗਿਆ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਰਾਸ਼ਟਰੀ ਝੰਡਾ ਫਹਿਰਾਇਆ ਅਤੇ ਨਮਨ ਕੀਤਾ।ਉਨ੍ਹਾਂ ਨੇ ਦੇਸ਼ ਭਗਤਾਂ ਅਤੇ ਸੂਰਬੀਰਾਂ ਨੂੰ ਯਾਦ ਕੀਤਾ ਜਿਨ੍ਹਾਂ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ।ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਯੋਧਿਆਂ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ।

ਲੁਧਿਆਣਾ-15-ਅਗਸਤ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 78ਵਾਂ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਭਰਪੂਰ ਮਾਹੌਲ ਵਿਚ ਮਨਾਇਆ ਗਿਆ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਰਾਸ਼ਟਰੀ ਝੰਡਾ ਫਹਿਰਾਇਆ ਅਤੇ ਨਮਨ ਕੀਤਾ।ਉਨ੍ਹਾਂ ਨੇ ਦੇਸ਼ ਭਗਤਾਂ ਅਤੇ ਸੂਰਬੀਰਾਂ ਨੂੰ ਯਾਦ ਕੀਤਾ ਜਿਨ੍ਹਾਂ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ।ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਯੋਧਿਆਂ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ।
          ਆਪਣੇ ਸੰਬੋਧਨ ਵਿਚ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਵਰ੍ਹੇ ਰਾਸ਼ਟਰੀ ਸੰਸਥਾ ਰੈਂਕਿੰਗ ਫਰੇਮਵਰਕ 2024 ਮੁਤਾਬਿਕ ਸਾਡੀ ਯੂਨੀਵਰਸਿਟੀ ਨੂੰ ਮੁਲਕ ਦੀਆਂ ਸਾਰੀਆਂ ਵੈਟਨਰੀ  ਯੂਨੀਵਰਸਿਟੀਆਂ ਵਿਚੋਂ ਦੂਜਾ ਸਥਾਨ ਮਿਲਣ ਨਾਲ ਸਾਰੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦਾ ਭਵਿੱਖ ਸ਼ਾਨਦਾਰ ਅਤੇ ਸੁਨਹਿਰਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸੰਨ 2020 ਤੋਂ ਹੁਣ ਤਕ ਯੂਨੀਵਰਸਿਟੀ ਦੇ ਮਾਲੀਏ ਵਿਚ 80 ਪ੍ਰਤੀਸ਼ਤ ਤੋਂ ਵਧੇਰੇ ਵਾਧਾ ਹੋਇਆ ਹੈ। ਵਿਦਿਆਰਥੀਆਂ ਦੀਆਂ ਫੀਸਾਂ ਘੱਟ ਤੋਂ ਘੱਟ ਦਰ ’ਤੇ ਵਧਾਈਆਂ ਗਈਆਂ ਹਨ ਕਿਉਂਕਿ ਚੰਗੀ ਅਤੇ ਕਿਫ਼ਾਇਤੀ ਵਿਦਿਆ ਹਾਸਿਲ ਕਰਨਾ ਹਰੇਕ ਨਾਗਰਿਕ ਦਾ ਬੁਨਿਆਦੀ ਹੱਕ ਹੈ।ਇਸੇ ਕਾਰਣ ਇਸ ਸਮੇਂ ਦੌਰਾਨ ਵਿਦਿਆਰਥੀਆਂ ਦੀ ਗਿਣਤੀ 1900 ਤੋਂ ਵਧ ਕੇ 2500 ਹੋ ਗਈ ਹੈ। ਯੂਨੀਵਰਸਿਟੀ ਸਟਾਰਟਅਪ ਅਤੇ ੳੇੁਦਮੀਪਨ ਦੇ ਰਾਹੀਂ ਨੌਜਵਾਨਾਂ ਵਿਚ ਨਵੇਂ ਹੁਨਰ ਪੈਦਾ ਕਰਨ ਲਈ ਬਹੁਤ ਯਤਨ ਕਰ ਰਹੀ ਹੈ। ਯੂਨੀਵਰਸਿਟੀ ਦੇ ਫਾਰਮਾਂ ’ਤੇ ਮਸਨੂਈ ਬੁੱਧੀ ਅਤੇ ਰੋਬੋਟਿਕ ਤਕਨੀਕਾਂ ਵਰਤਣ ਦੀ ਯੋਜਨਾ ਵਿਚਾਰ ਅਧੀਨ ਹੈ। ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਵਿਚ ਨਿੱਤ ਨਵੀਆਂ ਸਹੂਲਤਾਂ ਜੋੜੀਆਂ ਜਾ ਰਹੀਆਂ ਹਨ। ਪਸਾਰ ਸੇਵਾਵਾਂ ਅਤੇ ਸਹੂਲਤਾਂ ਦੇ ਮਾਧਿਅਮ ਨਾਲ ਸਾਡਾ ਕਿਸਾਨੀ ਭਾਈਚਾਰੇ ਨਾਲ ਸੰਬੰਧ ਬਹੁਤ ਗੂੜ੍ਹਾ ਹੋ ਚੁੱਕਾ ਹੈ। ਯੂਨੀਵਰਸਿਟੀ ਦੇ ਵਧੇਰੇ ਅਧਿਆਪਕਾਂ ਨੇ ਸੰਸਥਾ ਵਿਕਾਸ ਯੋਜਨਾ ਤਹਿਤ ਆਪਣੀ ਮੁਹਾਰਤ ਦਾ ਵਿਕਾਸ ਕਰਨ ਵਿਚ ਬਹੁਤ ਫਾਇਦਾ ਲਿਆ ਹੈ।
ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਸੰਸਥਾ ਦੀ ਮਜ਼ਬੂਤੀ ਲਈ ਆਪਣਾ ਸਰਵਉੱਤਮ ਯੋਗਦਾਨ ਪਾਉਣ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਦੀ ਬਿਹਤਰੀ ਲਈ ਅਨੁਸ਼ਾਸਿਤ ਅਤੇ ਉਸਾਰੂ ਜੀਵਨ ਜੀਣ ਲਈ ਪ੍ਰੇਰਿਤ ਕੀਤਾ। ਡਾ. ਇੰਦਰਜੀਤ ਸਿੰਘ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਗ਼ੈਰ-ਅਧਿਆਪਨ ਕਰਮਚਾਰੀਆਂ ਨੂੰ ਉਨ੍ਹਾਂ ਦੇ ਪ੍ਰਸ਼ਾਸਕੀ ਯੋਗਦਾਨ, ਪ੍ਰਾਪਤੀਆਂ ਅਤੇ ਮਿਸਾਲੀ ਕਾਰਜਾਂ ਲਈ ਸਨਮਾਨਿਤ ਵੀ ਕੀਤਾ।
ਉਪ-ਕੁਲਪਤੀ ਦੇ ਸੰਬੋਧਨ ਤੋਂ ਬਾਅਦ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਹੋਏ ਗੀਤ ਪੇਸ਼ ਕਰਕੇ ਵਿਦਿਆਰਥੀਆਂ ਨੇ ਸਮਾਗਮ ਨੂੰ ਸੰਗੀਤਮਈ ਢੰਗ ਨਾਲ ਦੇਸ਼ ਪਿਆਰ ਨਾਲ ਜੋੜ ਦਿੱਤਾ।ਆਜ਼ਾਦੀ ਦਿਵਸ ਨੂੰ ਸਮਰਪਿਤ ਇਸ ਸਮਾਰੋਹ ਵਿਚ ਯੂਨੀਵਰਸਿਟੀ ਦੇ ਅਧਿਕਾਰੀਆਂ, ਵਿਭਾਗ ਮੁਖੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।ਸਾਰੇ ਸਮਾਰੋਹ ਦਾ ਪ੍ਰਬੰਧ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਅਗਵਾਈ ਵਿਚ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ।