ਪਹਿਲੇ ਦਿਨ 300 ਕਿੱਲੋ ਵੇਸਟ ਐਮ. ਆਰ. ਐੱਫ. ਸੈਂਟਰ ਵਿਖੇ ਪਹੁੰਚਾਈ

ਪਟਿਆਲਾ, 23 ਜੁਲਾਈ - ਨਗਰ ਨਿਗਮ ਪਟਿਆਲਾ ਵੱਲੋਂ 23 ਤੇ 24 ਜੁਲਾਈ ਨੂੰ ਸ਼ਹਿਰ ਨੂੰ ਪਲਾਸਟਿਕ ਗੰਦਗੀ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਅਭਿਆਨ ਦੀ ਸੂਚਨਾ ਦਿੰਦਿਆਂ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੰਤਵ ਸ਼ਹਿਰ ਨੂੰ ਪਲਾਸਟਿਕ ਗੰਦਗੀ ਮੁਕਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਟਿਆਲਾ ਵੱਲੋਂ ਪਲਾਸਟਿਕ 'ਤੇ ਨਕੇਲ ਪਾਉਣ ਲਈ ਲਗਾਤਾਰ ਚਲਾਨ ਵੀ ਕੱਟੇ ਜਾ ਰਹੇ ਹਨ।

ਪਟਿਆਲਾ, 23 ਜੁਲਾਈ - ਨਗਰ ਨਿਗਮ ਪਟਿਆਲਾ ਵੱਲੋਂ 23 ਤੇ 24 ਜੁਲਾਈ ਨੂੰ ਸ਼ਹਿਰ ਨੂੰ ਪਲਾਸਟਿਕ ਗੰਦਗੀ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਅਭਿਆਨ ਦੀ ਸੂਚਨਾ ਦਿੰਦਿਆਂ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੰਤਵ ਸ਼ਹਿਰ ਨੂੰ ਪਲਾਸਟਿਕ ਗੰਦਗੀ ਮੁਕਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਟਿਆਲਾ ਵੱਲੋਂ ਪਲਾਸਟਿਕ 'ਤੇ ਨਕੇਲ ਪਾਉਣ ਲਈ ਲਗਾਤਾਰ ਚਲਾਨ ਵੀ ਕੱਟੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਸਮੂਹ ਸੈਨੇਟਰੀ ਇੰਸਪੈਕਟਰ ਆਪਣੇ-ਆਪਣੇ ਏਰੀਆ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਸੜਕਾਂ ਅਤੇ ਗਲੀਆਂ ਦੀ ਪਲਾਸਟਿਕ ਗੰਦਗੀ ਸਾਫ਼ ਕਰ ਰਹੇ ਹਨ। ਅੱਜ ਇਹ ਮੁਹਿੰਮ ਲੀਲਾ ਭਵਨ, ਛੋਟੀ ਬਾਰਾਂਦਰੀ ਅਤੇ ਸਨੌਰੀ ਅੱਡਾ ਨੇੜੇ ਚਲਾਈ ਗਈ ਅਤੇ ਭਾਰੀ ਮਾਤਰਾ ਵਿੱਚ ਪਲਾਸਟਿਕ ਇਕੱਠਾ ਕੀਤਾ ਗਿਆ। ਇਕੱਠੇ ਕੀਤੇ ਪਲਾਸਟਿਕ ਨੂੰ ਨਗਰ ਨਿਗਮ ਪਟਿਆਲਾ ਦੇ ਐਮ ਆਰ ਐਫ਼ ਸੈਂਟਰਾਂ ਵਿੱਚ ਰੀਸਾਈਕਲ ਕਰਨ ਲਈ ਪਹੁੰਚਾਇਆ ਗਿਆ। ਇਸ ਮੁਹਿੰਮ ਦੇ ਮੱਦੇਨਜ਼ਰ ਡੇਚਲਵਾਲ ਨੇ ਸ਼ਹਿਰ ਦੇ ਨਾਗਰਿਕਾਂ ਅਤੇ ਸਮਾਜਿਕ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਨਗਰ ਨਿਗਮ ਪਟਿਆਲਾ ਦਾ ਸਾਥ ਦੇਣ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਕੂੜਾ ਖੁੱਲ੍ਹੇ ਵਿੱਚ ਨਾ ਸੁੱਟਣ ਅਤੇ ਮਿਲ ਕੇ ਸਫ਼ਾਈ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ। ਅੱਜ ਪਹਿਲੇ ਦਿਨ ਇਸ ਮੁਹਿੰਮ ਤਹਿਤ ਤਕਰੀਬਨ 300 ਕਿੱਲੋ ਵੇਸਟ ਫੋਕਲ ਪੁਆਇੰਟ ਐਮ ਆਰ ਐਫ਼ ਸੈਂਟਰ ਵਿਖੇ ਪਹੁੰਚਾਇਆ ਗਿਆ। ਅਭਿਆਨ ਦਾ ਮੰਤਵ ਨਾਗਰਿਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਹੈ। ਇਸ ਲਈ ਨਗਰ ਨਿਗਮ ਪਟਿਆਲਾ ਵੱਲੋਂ ਹਰ ਮੁਹੱਲੇ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣਗੇ ਅਤੇ ਸਕੂਲਾਂ, ਕਾਲਜਾਂ, ਅਤੇ ਬਾਜ਼ਾਰਾਂ ਵਿੱਚ ਸਫ਼ਾਈ ਸਬੰਧੀ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਨਗਰ ਨਿਗਮ ਪਟਿਆਲਾ ਵੱਲੋਂ ਸੈਨੇਟਰੀ ਇੰਸਪੈਕਟਰਾਂ ਦੀਆਂ ਵੱਖੋ ਵੱਖਰੀਆਂ ਟੀਮਾਂ ਬਣਾਈਆਂ ਗਈਆਂ ਹਨ ਜੋ ਸਮਾਜਿਕ ਸੰਗਠਨਾਂ ਅਤੇ ਸਮੁੱਚੇ ਸ਼ਹਿਰ ਵਾਸੀਆਂ ਨਾਲ ਮਿਲ ਕੇ  ਪਲਾਸਟਿਕ ਨੂੰ ਇਕੱਠਾ ਕਰਨ  ਵਿੱਚ ਮਦਦ ਕਰਨਗੀਆਂ।