ਸਭਿਆਚਾਰਕ, ਧਾਰਮਿਕ, ਸਿਆਸੀ ਅਤੇ ਵਪਾਰਕ ਸਮਾਗਮ ਕਰਨ ਲਈ ਬੁਨਿਆਦੀ ਢਾਂਚਾ ਉਸਾਰੇ ਸਰਕਾਰ: ਕੁਲਜੀਤ ਸਿੰਘ ਬੇਦੀ

ਐਸ ਏ ਐਸ ਨਗਰ, 17 ਦਸੰਬਰ: ਮੁਹਾਲੀ ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੁਹਾਲੀ ਵਿੱਚ ਸਭਿਆਚਾਰਕ, ਧਾਰਮਿਕ ਅਤੇ ਵਪਾਰਕ ਸਮਾਗਮ ਕਰਨ ਲਈ ਦਿੱਲੀ ਦੇ ਪ੍ਰਗਤੀ ਮੈਦਾਨ ਦੀ ਤਰਜ ਉੱਤੇ ਇੱਕ ਵੱਡਾ ਗਰਾਊਂਡ ਅਤੇ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਮੰਗ ਕੀਤੀ ਹੈ।

ਐਸ ਏ ਐਸ ਨਗਰ, 17 ਦਸੰਬਰ: ਮੁਹਾਲੀ ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੁਹਾਲੀ ਵਿੱਚ ਸਭਿਆਚਾਰਕ, ਧਾਰਮਿਕ ਅਤੇ ਵਪਾਰਕ ਸਮਾਗਮ ਕਰਨ ਲਈ ਦਿੱਲੀ ਦੇ ਪ੍ਰਗਤੀ ਮੈਦਾਨ ਦੀ ਤਰਜ ਉੱਤੇ ਇੱਕ ਵੱਡਾ ਗਰਾਊਂਡ ਅਤੇ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਮੰਗ ਕੀਤੀ ਹੈ।
ਆਪਣੇ ਪੱਤਰ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਇੱਕ ਕਲਾਕਾਰ ਹਨ ਅਤੇ ਇਸ ਗੱਲ ਨੂੰ ਭਲੀਭਾਂਤੀ ਜਾਣਦੇ ਹਨ ਕਿ ਮੁਹਾਲੀ ਵਿੱਚ ਅਜਿਹਾ ਕੋਈ ਗਰਾਊਂਡ ਨਹੀਂ ਛੱਡਿਆ ਗਿਆ ਜਿੱਥੇ ਅਜਿਹੇ ਸਮਾਗਮ ਹੋ ਸਕਣ। ਉਹਨਾਂ ਕਿਹਾ ਕਿ ਚੰਡੀਗੜ੍ਹ ਦੇ ਅਫਸਰਾਂ ਦੀ ਲੌਬੀ ਪੰਜਾਬ ਅਤੇ ਪੰਜਾਬੀ ਵਿਰੋਧੀ ਹੈ, ਜਿਸ ਦੀ ਮਿਸਾਲ ਪਿਛਲੇ ਦਿਨੀਂ ਹੋਏ ਪ੍ਰੋਗਰਾਮਾਂ ਤੋਂ ਮਿਲਦੀ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਦਿਲਜੀਤ ਦੁਸਾਂਝ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਪੰਜਾਬੀ ਗਾਇਕ ਨੇ ਅੱਜ ਤੋਂ ਚੰਡੀਗੜ੍ਹ ਵਿੱਚ ਪ੍ਰੋਗਰਾਮ ਕਰਨ ਤੋਂ ਮਨਾ ਕਰ ਦਿੱਤਾ ਹੈ ਤੇ ਪੰਜਾਬੀ ਦੇ ਪ੍ਰਮੁੱਖ ਗਾਇਕ ਸਤਿੰਦਰ ਸਰਤਾਜ ਨੇ ਵੀ ਚੰਡੀਗੜ੍ਹ ਪ੍ਰੋਗਰਾਮ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਹਾਲੀ ਦੇ ਵਿਸਤਾਰ ਦੇ ਨਾਲ ਇਹ ਟਰਾਈਸਿਟੀ ਦਾ ਹੀ ਨਹੀਂ, ਬਲਕਿ ਪੰਜਾਬ ਦਾ ਅਤਿ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਹੈ, ਪਰ ਇੱਥੇ ਅਜਿਹੇ ਸਮਾਗਮ ਕਰਨ ਲਈ ਕੋਈ ਜਗ੍ਹਾ ਹੀ ਨਹੀਂ ਹੈ। ਉਹਨਾਂ ਕਿਹਾ ਕਿ ਅਜਿਹੇ ਵੱਡੇ ਸਮਾਗਮ ਕਰਨ ਲਈ ਮੁਹਾਲੀ ਵਿੱਚ ਵਾਧੂ ਜਗ੍ਹਾ ਪਈ ਹੈ ਅਤੇ ਇੱਥੇ ਵਧੀਆ ਗਰਾਊਂਡ ਬਣਾਉਣ ਦੇ ਨਾਲ ਨਾਲ ਮਲਟੀ ਲੈਵਲ ਪਾਰਕਿੰਗ ਦੀ ਉਸਾਰੀ ਵੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਅਜਿਹੇ ਮੈਦਾਨ ਤੋਂ ਪੰਜਾਬ ਸਰਕਾਰ ਨੂੰ ਵਾਧੂ ਮਾਲੀਅਤ ਵੀ ਹਾਸਲ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇਸ ਸਟੇਡੀਅਮ ਦੇ ਰੂਪ ਵਿੱਚ ਵੀ ਉਸਾਰਿਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਪਿਛਲੇ ਦਿਨੀਂ ਮੁਹਾਲੀ ਵਿੱਚ ਸਰਸ ਮੇਲਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਾੜੀ ਭਰੀ, ਪਰ ਇਹ ਮੇਲਾ ਵੀ ਇਸ ਸਬੰਧੀ ਢੁਕਵੀਂ ਜਗ੍ਹਾ ਨਾ ਹੋਣ ਕਾਰਨ ਖਾਲੀ ਥਾਂ ਉੱਤੇ ਕਰਵਾਉਣਾ ਪਿਆ। ਇਸ ਲਈ ਮੁਹਾਲੀ ਵਿੱਚ ਵੱਡੇ ਪ੍ਰੋਗਰਾਮ ਕਰਵਾਉਣ ਲਈ ਢੁਕਵੀਂ ਜਗ੍ਹਾ ਅਤੇ ਪਾਰਕਿੰਗ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਸਰਕਾਰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਵੇ ਅਤੇ ਮੁਹਾਲੀ ਵਿੱਚ ਇੱਕ ਵਧੀਆ ਕਲਚਰਲ ਅਰੀਨਾ ਤਿਆਰ ਕਰੇ ਜਿਸ ਦਾ ਹਰ ਵਰਗ ਦੇ ਲੋਕਾਂ ਨੂੰ ਫਾਇਦਾ ਹੋ ਸਕੇ। ਪੱਤਰ ਦੀ ਕਾਪੀ ਸਭਿਆਚਾਰਕ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਮੁੱਖ ਪ੍ਰੋਜੈਕਟ ਗਮਾਡਾ ਨੂੰ ਵੀ ਭੇਜੀ ਗਈ ਹੈ।