
ਜੱਦੀ ਜ਼ਮੀਨ ਧੋਖੇ ਨਾਲ ਵੇਚਣ ਦਾ ਇਲਜਾਮ ਲਗਾਇਆ
ਐਸ ਏ ਐਸ ਨਗਰ,14 ਮਈ - ਪਿੰਡ ਟਾਂਡਾ ਦੇ ਇੱਕ ਪਰਿਵਾਰ ਵਲੋਂ ਉਸਦੀ ਜ਼ਮੀਨ ਨੂੰ ਧੋਖੇ ਨਾਲ ਵੇਚਣ ਦਾ ਇਲਜਾਮ ਲਗਾਇਆ ਗਿਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਸੰਬੰਧੀ ਪੁਲੀਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਐਸ ਏ ਐਸ ਨਗਰ,14 ਮਈ - ਪਿੰਡ ਟਾਂਡਾ ਦੇ ਇੱਕ ਪਰਿਵਾਰ ਵਲੋਂ ਉਸਦੀ ਜ਼ਮੀਨ ਨੂੰ ਧੋਖੇ ਨਾਲ ਵੇਚਣ ਦਾ ਇਲਜਾਮ ਲਗਾਇਆ ਗਿਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਸੰਬੰਧੀ ਪੁਲੀਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼ਿਕਾਇਤਕਰਤਾ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਗਿਆਨ ਸਿੰਘ ਦੀ ਟਾਂਡਾ ਵਿਖੇ ਸਾਢੇ ਚਾਰ ਕਨਾਲ ਜ਼ਮੀਨ ਸੀ। ਪਰ ਇਹ ਜ਼ਮੀਨ ਉਨ੍ਹਾਂ ਦੇ ਤਾਇਆ ਦੇ ਲੜਕਿਆਂ ਸੁਖਵਿੰਦਰ ਸਿੰਘ ਅਤੇ ਗੁਰਬਚਨ ਸਿੰਘ ਨੇ ਅੱਗੇ ਅੰਜੂ ਚੌਹਾਨ ਅਤੇ ਵਿਨੋਦ ਚੌਹਾਨ ਨੂੰ ਵੇਚ ਦਿੱਤੀ ਅਤੇ ਜ਼ਮੀਨ ਦੀ ਰਜਿਸਟਰੀ ਵੀ ਗਲਤ ਤਰੀਕੇ ਨਾਲ ਕੀਤੀ ਗਈ।
ਉਹਨਾਂ ਕਿਹਾ ਕਿ ਉਹ ਵਿਅਕਤੀ ਬੀਤੀ 2 ਫਰਵਰੀ ਨੂੰ ਜ਼ਮੀਨ ਦਾ ਕਬਜ਼ਾ ਲੈਣ ਆਏ ਸਨ ਪਰ ਵਿਰੋਧ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਬਾਅਦ ਵਿੱਚ ਉਹ ਲੋਕ ਦੋ ਬਾਊਂਸਰ ਨਾਲ ਲੈ ਕੇ ਆਏ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਉਹਨਾਂ ਕਿਹਾ ਕਿ ਇਸ ਸੰਬੰਧੀ ਪੁਲੀਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਉਲਟਾ ਉਹਨਾਂ ਤੇ ਹੀ ਮਾਮਲਾ ਦਰਜ ਕਰ ਲਿਆ ਅਤੇ ਬਾਅਦ ਵਿਚ ਉਹਨਾਂ ਨੂੰ ਜ਼ਮਾਨਤ ਲੈਣੀ ਪਈ।
ਉਹਨਾਂ ਵਲੋਂ ਇਸ ਸੰਬੰਧੀ ਐਸਐਸਪੀ ਅਤੇ ਡੀਐਸਪੀ ਨੂੰ ਸ਼ਿਕਾਇਤ ਦਿੱਤੀ ਹੈ। ਪਰ ਹੁਣ ਤੱਕ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੋਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਤਾਇਆ ਦੇ ਲੜਕੇ ਨੇ ਉਸ ਦੀ ਜ਼ਮੀਨ ਦੇ ਨਾਲ ਲੱਗਦੀ ਜ਼ਮੀਨ ਨੂੰ ਵੀ ਗਲਤ ਤਰੀਕੇ ਨਾਲ ਵੇਚ ਦਿੱਤਾ ਸੀ ਅਤੇ ਹੁਣ ਉਹ ਖਰੀਦਦਾਰ ਧਿਰ ਨਾਲ ਮਿਲ ਕੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਵੇਲੇ ਜ਼ਮੀਨ ਦਾ ਕਬਜ਼ਾ ਉਨ੍ਹਾਂ ਕੋਲ ਹੈ ਪਰੰਤੂ ਜੇਕਰ ਉਹ ਜ਼ਮੀਨ ਵਾਹੁਣ ਜਾਂ ਖੇਤੀ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਤੇ ਹਮਲਾ ਕੀਤਾ ਜਾਂਦਾ ਹੈ।
ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਦੀ ਜਮੀਨ ਧੋਖੇ ਨਾਲ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।
