
ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੁਝ ਨਹੀਂ: ਐਨ. ਕੇ. ਸ਼ਰਮਾ
ਪਟਿਆਲਾ, 13 ਮਈ - ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਹਲਕੇ ਦੇ ਇੰਚਾਰਜ ਅਮਰਿੰਦਰ ਸਿੰਘ ਬਜਾਜ ਤੇ ਸਾਬਕਾ ਐਮ.ਸੀ. ਸੁਖਬੀਰ ਸਿੰਘ ਅਬਲੋਵਾਲ ਦੀ ਅਗਵਾਈ ਹੇਠ ਅਬਲੋਵਾਲ ਵਿਖੇ ਪਾਰਟੀ ਉਮੀਦਵਾਰ ਐਨ ਕੇ ਸ਼ਰਮਾ ਦੇ ਹੱਕ ਵਿਚ ਰੈਲੀ ਕਰਵਾਈ ਗਈ।
ਪਟਿਆਲਾ, 13 ਮਈ - ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਹਲਕੇ ਦੇ ਇੰਚਾਰਜ ਅਮਰਿੰਦਰ ਸਿੰਘ ਬਜਾਜ ਤੇ ਸਾਬਕਾ ਐਮ.ਸੀ. ਸੁਖਬੀਰ ਸਿੰਘ ਅਬਲੋਵਾਲ ਦੀ ਅਗਵਾਈ ਹੇਠ ਅਬਲੋਵਾਲ ਵਿਖੇ ਪਾਰਟੀ ਉਮੀਦਵਾਰ ਐਨ ਕੇ ਸ਼ਰਮਾ ਦੇ ਹੱਕ ਵਿਚ ਰੈਲੀ ਕਰਵਾਈ ਗਈ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਸੰਗਤ ਵੱਲੋਂ ਇੰਨਾ ਪਿਆਰ ਤੇ ਸਤਿਕਾਰ ਦੇਣ ਲਈ ਹਮੇਸ਼ਾ ਲੋਕਾਂ ਦੇ ਰਿਣੀ ਰਹਿਣਗੇ। ਉਹਨਾਂ ਕਿਹਾ ਕਿ ਉਹ ਇਹ ਚੋਣਾਂ ਸਿਰਫ ਕਿਰਦਾਰ ਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਲੜ ਰਹੇ ਹਨ। ਉਹਨਾਂ ਕਿਹਾ ਕਿ ਇਕ ਪਾਸੇ ਉਹਨਾਂ ਕੋਲ ਸਰਪੰਚ ਦੇ ਅਹੁਦੇ ਤੋਂ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਬਤੌਰ ਦੋ ਵਾਰ ਵਿਧਾਇਕ ਵਜੋਂ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਮੁਹਾਲੀ ਨੂੰ ਨਗਰ ਨਿਗਮ ਬਣਾਉਣ, ਆਈ ਟੀ ਸਿਟੀ, ਮੈਡੀਸਿਟੀ ਤੇ ਹੋਰ ਅਤਿ ਆਧੁਨਿਕ ਵੱਡੇ-ਵੱਡੇ ਨਿਵੇਸ਼ ਕਰਵਾਉਣ ਤੇ ਏਅਰ ਪੋਰਟ ਬਣਾਉਣ ਸਮੇਤ ਹੋਰ ਸਭ ਕੁਝ ਲੋਕਾਂ ਦੀ ਕਚਹਿਰੀ ਵਿਚ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਮੇਰੇ ਵਿਰੋਧੀਆਂ ਕੋਲ ਵਿਖਾਉਣ ਲਈ ਕੱਖ ਨਹੀਂ ਹੈ। ਭਾਜਪਾ ਉਮੀਦਵਾਰ ਪ੍ਰਨੀਤ ਕੌਰ ਚਾਰ ਵਾਰ ਐਮ ਪੀ ਰਹੇ ਪਰ ਉਹਨਾਂ ਨੇ ਇਕ ਵੀ ਵੱਡਾ ਪ੍ਰਾਜੈਕਟ ਪਟਿਆਲਾ ਲੋਕ ਸਭਾ ਹਲਕੇ ਵਾਸਤੇ ਨਹੀਂ ਲਿਆਂਦਾ।
ਇਸੇ ਤਰੀਕੇ ਡਾ. ਗਾਂਧੀ ਐਮ ਪੀ ਰਹੇ ਤੇ ਉਹ ਵੀ ਪਟਿਆਲਾ ਵਾਸਤੇ ਕੁਝ ਵੀ ਵੱਡਾ ਨਹੀਂ ਕਰ ਸਕੇ। ਤੀਜੇ ਉਮੀਦਵਾਰ ਡਾ. ਬਲਬੀਰ ਸਿੰਘ ਖੁਦ ਸਿਹਤ ਮੰਤਰੀ ਹਨ ਪਰ ਉਹਨਾਂ ਨੇ ਸਿਹਤ ਵਿਭਾਗ ਦੇ ਅਦਾਰਿਆਂ ਵਿਚ ਅੱਜ ਤਕ ਇਕ ਇੱਟ ਵੀ ਨਹੀਂ ਲਗਾਈ ਸਗੋਂ ਉਲਟਾ ਦਹਾਕਿਆਂ ਪਹਿਲਾਂ ਬਣੇ ਮਾਤਾ ਕੌਸ਼ਲਿਆ ਹਸਪਤਾਲ ਦੇ ਇਕ ਵਾਰਡ ਦਾ ਉਦਘਾਟਨ ਕਰਨ ਵਾਸਤੇ ਇਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਸੱਦ ਕੇ "ਡਰਾਮੇਬਾਜ਼ੀ" ਕੀਤੀ ਜੋ ਲੋਕਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਵਾਰ ਚੋਣਾਂ ਆਪਣੀਆਂ ਪ੍ਰਾਪਤੀਆਂ ਦੇ ਆਧਾਰ ’ਤੇ ਲੜ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹੀ ਇਕਲੌਤੀ ਖੇਤਰੀ ਪਾਰਟੀ ਹੈ ਜੋ ਪੰਜਾਬ ਦੀ ਹੈ ਜਦੋਂ ਕਿ ਬਾਕੀ ਪਾਰਟੀਆਂ ਦਿੱਲੀ ਆਧਾਰਿਤ ਪਾਰਟੀਆਂ ਹਨ ਜਿਹਨਾਂ ਦਾ ਮਕਸਦ ਸਿਰਫ ਤੇ ਸਿਰਫ ਪੰਜਾਬ ਦੀ ਲੁੱਟ ਕਰਨਾ ਤੇ ਪੰਜਾਬ ਨੂੰ ਬਰਬਾਦ ਕਰਨਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ, ਇੰਦਰਮੋਹਨ ਸਿੰਘ ਬਜਾਜ, ਕਬੀਰ ਦਾਸ ਹਲਕਾ ਇੰਚਾਰਜ ਸ਼ੁਤਰਾਣਾ, ਸ਼ਹਿਰੀ ਪ੍ਰਧਾਨ ਅਮਿਤ ਰਾਠੀ, ਈਸ਼ਰ ਸਿੰਘ ਅਬਲੋਵਾਲ, ਅਜਮੇਰ ਸਿੰਘ ਪ੍ਰਧਾਨ, ਚਲਮਿੰਦਰ ਸਿੰਘ ਸੇਠੀ, ਜਗਮੋਹਨ ਸਿੰਘ ਨੌਲਖਾ, ਦਵਿੰਦਰ ਕੁਮਾਰ ਹੈਪੀ, ਸ਼ਾਮ ਸਿੰਘ ਅਬਲੋਵਾਲ, ਮੰਜੂ ਕੁਰੈਸ਼ੀ, ਕ੍ਰਿਸ਼ਨ ਸਿੰਘ, ਮਨਜੀਤ ਸਿੰਘ ਅਰਨੋਂ, ਪਰਮਿੰਦਰ ਸ਼ੌਰੀ, ਜਸਵਿੰਦਰਪਾਲ ਸਿੰਘ ਚੱਢਾ, ਹੀਰਾ ਮਨੀ ਪ੍ਰਧਾਨ, ਬਜਿੰਦਰ ਚੌਹਾਨ, ਇਕਬਾਲ ਮੁਹੰਮਦ, ਸੋਹਣ ਸਿੰਘ ਨਿਊ ਅਬਲੋਵਾਲ, ਮੰਗਤ ਰਾਮ ਅਤੇ ਜਰਨੈਲ ਸਿੰਘ ਵੀ ਮੌਜੂਦ ਸਨ।
