ਐਸਆਈਆਰ 2026 ਚੋਣ ਕਮਿਸ਼ਨ ਨੇ ਸੂਬੇ ਦੇ ਵੋਟਰਾਂ ਨੂੰ ਦਿੱਤਾ ਇੱਕ ਹੋਰ ਮੌਕਾ

ਚੰਡੀਗੜ੍ਹ, 29 ਅਗਸਤ:- ਭਾਰਤ ਚੋਣ ਕਮਿਸ਼ਨ ਨੇ ਹਰਿਆਣਾ ਵਿੱਚ ਐਸਆਈਆਰ ਮੁਹਿੰਮ ਦੀਆਂ ਤਾਰੀਖਾਂ ਵਿੱਚ ਫਿਰ ਤੋਂ ਬਦਲਾਅ ਕੀਤਾ ਹੈ। ਸੋਧੇ ਹੋਏ ਪ੍ਰੋਗਰਾਮ ਅਨੁਸਾਰ ਦਾਅਵੇ ਅਤੇ ਇਤਰਾਜ਼ 31 ਜੁਲਾਈ ਤੋਂ 30 ਸਤੰਬਰ 2026 ਤੱਕ ਦਾਖ਼ਲ ਕੀਤੇ ਜਾ ਸਕਣਗੇ। ਇਸ ਦੇ ਨਾਲ ਹੀ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 31 ਜੁਲਾਈ ਤੋਂ 28 ਅਕਤੂਬਰ ਤੱਕ ਕਰਨਾ ਹੋਵੇਗਾ। ਸੋਧੇ ਹੋਏ ਪ੍ਰੋਗਰਾਮ ਤਹਿਤ ਵੋਟਰ ਸੂਚੀ ਦਾ ਅੰਤਿਮ ਪ੍ਰਕਾਸ਼ਨ ਹੁਣ 6 ਨਵੰਬਰ ਨੂੰ ਹੋਵੇਗਾ।
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਏ ਸ੍ਰੀਨਿਵਾਸ ਨੇ ਦੱਸਿਆ ਕਿ ਸੂਬੇ ਦੇ ਵੋਟਰਾਂ ਦੇ ਹਿੱਤਾਂ ਦਾ ਧਿਆਨ ਰੱਖਦਿਆਂ ਚੋਣ ਕਮਿਸ਼ਨ ਨੇ ਤਾਰੀਖਾਂ ਵਿੱਚ ਬਦਲਾਅ ਕੀਤਾ ਹੈ। ਇਸ ਨਾਲ ਉਨ੍ਹਾਂ ਯੋਗ ਨਾਗਰਿਕਾਂ ਨੂੰ ਰਾਹਤ ਮਿਲੇਗੀ ਜੋ ਕਿਸੇ ਕਾਰਨ ਕਰਕੇ ਨਿਰਧਾਰਤ ਸਮੇਂ ਵਿੱਚ ਵੋਟਰ ਸੂਚੀ ਨਾਲ ਸਬੰਧਤ ਦਾਅਵਾ ਜਾਂ ਇਤਰਾਜ਼ ਦਰਜ ਨਹੀਂ ਕਰਵਾ ਸਕੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਹਰੇਕ ਯੋਗ ਭਾਰਤੀ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਅਤੇ ਸੂਚੀ ਵਿੱਚ ਦਰਜ ਵੋਟਰਾਂ ਦੇ ਵੇਰਵਿਆਂ ਨੂੰ ਗਲਤੀ-ਰਹਿਤ ਬਣਾਉਣ ਦੇ ਉਦੇਸ਼ ਨਾਲ ਕਮਿਸ਼ਨ ਕੰਮ ਕਰ ਰਿਹਾ ਹੈ। ਜੇਕਰ ਕਿਸੇ ਯੋਗ ਵਿਅਕਤੀ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ, ਤਾਂ ਫਾਰਮ-6 ਰਾਹੀਂ ਨਾਮ ਸ਼ਾਮਲ ਕਰਵਾਉਣ ਲਈ ਲੋੜੀਂਦੇ ਦਸਤਾਵੇਜ਼ਾਂ ਅਤੇ ਘੋਸ਼ਣਾ-ਪੱਤਰ ਸਮੇਤ ਦਾਅਵਾ ਪੇਸ਼ ਕੀਤਾ ਜਾ ਸਕਦਾ ਹੈ।
ਹੁਣ ਤੱਕ ਕੁੱਲ 87262 ਫਾਰਮ ਨੰਬਰ-6 ਪ੍ਰਾਪਤ ਹੋਏ ਹਨ। 6167 ਫਾਰਮ ਨੰਬਰ 7 ਅਤੇ 79246 ਫਾਰਮ ਨੰਬਰ 8 ਪ੍ਰਾਪਤ ਹੋਏ ਹਨ। ਮੁੱਖ ਚੋਣ ਕਮਿਸ਼ਨ ਵੱਲੋਂ ਹੁਣ ਤੱਕ 41,59,707 ਨੋਟਿਸ ਜਾਰੀ ਕੀਤੇ ਗਏ ਹਨ ਜਦਕਿ 21,98,288 ਇਤਰਾਜ਼ਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਸਮੂਹ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਵੇਰਵੇ ਜ਼ਰੂਰ ਜਾਂਚ ਲੈਣ। ਕਿਸੇ ਕਿਸਮ ਦੀ ਗਲਤੀ ਹੋਣ 'ਤੇ ਨਿਰਧਾਰਤ ਮਿਆਦ ਵਿੱਚ ਦਾਅਵਾ ਜਾਂ ਇਤਰਾਜ਼ ਦਰਜ ਕਰਵਾਓ। ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਸਹਾਇਤਾ ਲਈ ਨਾਗਰਿਕ ਆਪਣੇ BLO/ERO/AERO ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ECINET ਐਪ 'ਤੇ 'Book a Call' ਸਹੂਲਤ ਜਾਂ ਵੋਟਰ ਹੈਲਪਲਾਈਨ 1950 ਰਾਹੀਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।